ਮੋਟਰਸਾਈਕਲ ਤੇ ਬੱਸ ਦੀ ਟੱਕਰ ਵਿੱਚ ਦੋ ਹਲਾਕ, ਇਕ ਜ਼ਖ਼ਮੀ
ਪੱਤਰ ਪ੍ਰੇਰਕ
ਟੋਹਾਣਾ, 25 ਸਤੰਬਰ
ਹਿਸਾਰ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਮੋਟਰਸਾਈਕਲ ਨਾਲ ਟਕਰਾਉਣ ’ਤੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤੀਜੇ ਨੂੰ ਅਗਰੋਹਾ ਹਸਪਤਾਲ ਰੈਫ਼ਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਟੋਹਾਣਾ ਤੋਂ ਦੇਰ ਸ਼ਾਮ ਨੂੰ ਆਖ਼ਰੀ ਟਾਈਮ ਦੀ ਬੱਸ ਹਿਸਾਰ ਲਈ ਨਿਕਲੀ ਸੀ। ਟੋਹਾਣਾ ਤੋਂ ਤਿੰਨ ਕਿੱਲੋਮੀਟਰ ਦੂਰ ਇੱਕ ਮੋਟਰਸਾਈਕਲ ਨਾਲ ਬੱਸ ਦੀ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਬਲਰਾਜ ਪੁੱਤਰ ਸੁੱਚਾਰਾਮ ਦੀ ਮੌਕੇ ’ਤੇ ਮੌਤ ਹੋ ਗਈ। ਦੋ ਗੰਭੀਰ ਰੂਪ ਵਿੱਚ ਜਖ਼ਮੀਆਂ ਨੂੰ ਅਗਰੋਹਾ ਰੈਫ਼ਰ ਕੀਤਾ ਗਿਆ ਤਾਂ ਸੱਤਪ੍ਰਕਾਸ਼ ਦੀ ਰਸਤੇ ਵਿੱਚ ਮੌਤ ਹੋ ਗਈ। ਤੀਜੇ ਜਖ਼ਮੀ ਸੁਖਦੇਵ ਦੀ ਹਾਲਾਤ ਚਿੰਤਾਜਨਕ ਦੱਸੀ ਜਾ ਰਹੀ ਹੈ। ਪੁਲੀਸ ਨੇ ਮ੍ਰਿਤਕ ਬਲਰਾਜ ਦੇ ਛੋਟੇ ਭਰਾ ਦੀ ਸ਼ਿਕਾਇਤ ’ਤੇ ਅਣਪਛਾਤੇ ਰੋਡਵੇਜ਼ ਬੱਸ ਡਰਾਈਵਰ ਵਿਰੁੱਧ ਕੇਸ ਦਰਜ ਕਰਕੇ ਜਾਂਚ ਅਰੰਭੀ ਹੈ। ਸ਼ਿਕਾਇਤ ਮੁਤਾਬਿਕ ਪਿੰਡ ਕੰਨੜੀ ਦਾ ਬਲਰਾਜ ਤੇ ਸਤਪ੍ਰਕਾਸ਼ ਦੇਰ ਸ਼ਾਮ ਪਿੰਡ ਤੋਂ ਟੋਹਾਣਾ ਆਉਣ ਲਈ ਮੋਟਰਸਾਈਕਲ ’ਤੇ ਨਿਕਲੇ ਸਨ। ਇਸ ਦੌਰਾਨ ਸੁਖਦੇਵ ਨੇ ਉਨ੍ਹਾਂ ਤੋਂ ਲਿਫ਼ਟ ਮੰਗ ਲਈ। ਮਗਰੋਂ ਮੋਟਰਸਾਈਕਲ ਦੀ ਬੱਸ ਨਾਲ ਟੱਕਰ ਹੋ ਗਈ।
ਟਰੱਕ ਤੇ ਟਰਾਲੀ ਦੀ ਟੱਕਰ, ਇੱਕ ਦੀ ਮੌਤ, ਚਾਰ ਜ਼ਖ਼ਮੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਦੱਸਿਆ ਕਿ ਸੋਮਵਾਰ ਤੜਕੇ ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿੱਚ ਟਰੱਕ ਦੀ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਪੁਲੀਸ ਡਿਪਟੀ ਕਮਿਸ਼ਨਰ (ਉੱਤਰ ਪੂਰਬ) ਜੋਏ ਟਿਰਕੀ ਨੇ ਦੱਸਿਆ ਕਿ ਦੁਰਘਟਨਾ ਦੀ ਸੂਚਨਾ ਰਾਤ ਨੂੰ 1.39 ਵਜੇ ਮਿਲੀ। ਉਨ੍ਹਾਂ ਦੱਸਿਆ ਕਿ ਸ਼ਾਸਤਰੀ ਪਾਰਕ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਚਾਰੇ ਜ਼ਖਮੀ ਤੇ ਮ੍ਰਿਤਕ ਟਰੈਕਟਰ ਟਰਾਲੀ ਵਿੱਚ ਸਵਾਰ ਸਨ। ਟਿਰਕੀ ਨੇ ਦੱਸਿਆ ਕਿ ਇੱਕ ਵਿਅਕਤੀ ਐਸਬੀਟੀ ਤੋਂ ਟਰਾਲੀ ਵਿੱਚ ਚੜ੍ਹਾਇਆ ਸੀ ਪਰ ਰਾਹ ਵਿੱਚ ਦੁਰਘਟਨਾ ਦੌਰਾਨ ਮਾਰਿਆ ਗਿਆ। ਉਸ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਦੀ ਪਛਾਣ ਅਨਿਲ (40), ਸਲੀਮ (55), ਅਮਨ (17) ਸਾਰੇ ਵਾਸੀ ਉੱਤਰ ਪ੍ਰਦੇਸ਼ ਅਤੇ ਹਰੀ ਲਾਲ (30) ਵਾਸੀ ਝਾਰਖੰਡ ਵਜੋਂ ਹੋਈ ਹੈ।