ਨਹਿਰ ’ਚ ਪਾੜ: ਕਿਸਾਨਾਂ ਨੂੰ ਖੁਦ ਕੱਢਣਾ ਪੈ ਰਿਹੈ ਖੇਤਾਂ ’ਚੋਂ ਪਾਣੀ
ਜਗਤਾਰ ਸਮਾਲਸਰ
ਏਲਨਾਬਾਦ, 19 ਨਵੰਬਰ
ਪਿੰਡ ਕਰਮਸ਼ਾਨਾ ਕੋਲ 12 ਨਵੰਬਰ ਨੂੰ ਫਲੱਡੀ ਨਹਿਰ ਟੁੱਟਣ ਕਾਰਨ ਕਿਸਾਨਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ। ਨਹਿਰ ਟੁੱਟਣ ਕਾਰਨ ਕਰੀਬ ਡੇਢ ਸੌ ਏਕੜ ਰਕਬੇ ’ਚ ਪਾਣੀ ਭਰ ਗਿਆ ਸੀ। ਉਦੋਂ ਸਿਆਸੀ ਆਗੂਆਂ ਤੇ ਅਧਿਕਾਰੀਆਂ ਨੇ ਪਾਣੀ ਕੱਢਣ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਕਿਸੇ ਨੇ ਪਾਣੀ ਨਹੀਂ ਕੱਢਿਆ ਸਗੋਂ ਕਿਸਾਨਾਂ ਨੂੰ ਖੁਦ ਜੱਦੋਜਹਿਦ ਕਰਨੀ ਪੈ ਰਹੀ ਹੈ। ਕੁਲਦੀਪ ਮੁਦਲੀਆ, ਧਰਮਪਾਲ ਹਰਡੂ, ਦਲੀਪ ਬਗੜੀਆ ਨੇ ਦੱਸਿਆ ਕਿ 12 ਨਵੰਬਰ ਨੂੰ ਲੱਡੀ ਨਹਿਰ ਢਾਣੀ ਜੈਕਰਨ ਨੇੜੇ ਟੁੱਟ ਗਈ ਸੀ ਜਿਸ ਕਾਰਨ ਡੇਢ ਦਰਜਨ ਬੋਰਵੈੱਲ ਅਤੇ ਅੱਧੀ ਦਰਜਨ ਢਾਣੀਆਂ ਸਮੇਤ 150 ਏਕੜ ਜ਼ਮੀਨ ਪਾਣੀ ਨਾਲ ਭਰ ਗਿਆ ਸੀ। ਉਸ ਸਮੇਂ ਮੌਕੇ ’ਤੇ ਪਹੁੰਚੇ ਸੱਤਾਧਾਰੀ ਧਿਰ ਦੇ ਕੁਝ ਆਗੂਆਂ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਪਾਣੀ ਜਲਦੀ ਬਾਹਰ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਇੱਕ ਹਫ਼ਤਾ ਉਡੀਕ ਕਰਨ ਤੋਂ ਬਾਅਦ ਵੀ ਜਦੋਂ ਕਿਸਾਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਤਾਂ ਕਿਸਾਨਾਂ ਨੂੰ ਆਪਣੇ ਪੱਧਰ ਤੇ ਹੀ ਟਰੈਕਟਰ, ਪੱਖੇ, ਡੀਜ਼ਲ ਸਮੇਤ ਹੋਰ ਪ੍ਰਬੰਧ ਕਰਕੇ ਖੇਤਾਂ ਵਿੱਚੋਂ ਪਾਣੀ ਬਾਹਰ ਕੱਢਣ ਦਾ ਕੰਮ ਸ਼ੁਰੂ ਕਰਨਾ ਪਿਆ ਹੈ। ਕਿਸਾਨਾਂ ਨੇ ਦੱਸਿਆ ਕਿ ਨਹਿਰ ਟੁੱਟਣ ਕਾਰਨ ਕਈ ਏਕੜਾਂ ਵਿੱਚ ਬੀਜੀ ਕਣਕ ਅਤੇ ਸਰ੍ਹੋਂ ਦੀ ਫ਼ਸਲ ਖ਼ਰਾਬ ਹੋ ਗਈ ਹੈ ਜਿਸ ਦੀ ਮੁੜ ਬਿਜਾਈ ਸੰਭਵ ਨਹੀਂ ਹੈ। ਕਿਸਾਨਾਂ ਨੇ ਨਹਿਰੀ ਵਿਭਾਗ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨਹਿਰ ਦੇ ਬੰਨ੍ਹਾਂ ਨੇੜੇ ਹੋਰ ਮਿੱਟੀ ਪਾ ਕੇ ਇਸ ਨੂੰ ਮਜ਼ਬੂਤ ਅਤੇ ਚੌੜਾ ਕੀਤਾ ਜਾਵੇ।