ਸੁਪਰੀਮ ਕੋਰਟ ਦੇ ਦੋ ਜੱਜਾਂ ਨੇ ਹਲਫ਼ ਲਿਆ
ਨਵੀਂ ਦਿੱਲੀ, 18 ਜੁਲਾਈ
ਜੰਮੂ ਅਤੇ ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਐੱਨ. ਕੋਟੀਸ਼ਵਰ ਸਿੰਘ ਨੇ ਅੱਜ ਸੁਪਰੀਮ ਕੋਰਟ ਦੇ ਜਸਟਿਸ ਵਜੋਂ ਹਲਫ਼ ਲਿਆ ਅਤੇ ਇਸ ਦੇ ਨਾਲ ਹੀ ਉਹ ਮਨੀਪੁਰ ਤੋਂ ਸਿਖਰਲੀ ਅਦਾਲਤ ’ਚ ਪੁੱਜਣ ਵਾਲੇ ਪਹਿਲੇ ਜੱਜ ਬਣ ਗਏ ਹਨ। ਉਨ੍ਹਾਂ ਤੋਂ ਇਲਾਵਾ ਮਦਰਾਸ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਆਰ. ਮਹਾਦੇਵਨ ਨੇ ਵੀ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਭਾਰਤ ਦੇ ਚੀਫ ਜਸਟਿਸ (ਸੀਜੇਆਈ) ਡੀਵਾਈ ਚੰਦਰਚੂੜ ਨੇ ਇੱਥੇ ਸੁਪਰੀਮ ਕੋਰਟ ਕੰਪਲੈਕਸ ’ਚ ਇੱਕ ਸਮਾਗਮ ਦੌਰਾਨ ਦੋਵਾਂ ਜੱਜਾਂ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਇਸ ਦੇ ਨਾਲ ਹੀ ਹੁਣ ਸੁਪਰੀਮ ਕੋਰਟ ’ਚ ਸੀਜੇਆਈ ਸਣੇ ਜੱਜਾਂ ਦੀ ਗਿਣਤੀ 34 ਹੋ ਗਈ ਹੈ, ਜੋ ਕਿ ਪੂਰੀ ਗਿਣਤੀ ਹੈ। ਸਿਖਰਲੀ ਅਦਾਲਤ ’ਚ 1 ਸਤੰਬਰ 2024 ਨੂੰ ਜਸਟਿਸ ਹਿਮਾ ਕੋਹਲੀ ਦੇ ਸੇਵਾਮੁਕਤ ਹੋਣ ਤੱਕ 34 ਜੱਜ ਕੰਮ ਕਰਨਗੇ ਅਤੇ ਇਸ ਮਗਰੋਂ ਸੀਜੇਆਈ ਚੰਦਰਚੂੜ ਇਸੇ ਵਰ੍ਹੇ 10 ਨਵੰਬਰ ਨੂੰ ਸੇਵਾਮੁਕਤ ਹੋਣਗੇ।
ਕੇਂਦਰ ਨੇ ਸੁਪਰੀਮ ਕੋਰਟ ਦੇ ਪੰੰਜ ਮੈਂਬਰੀ ਕੌਲਿਜੀਅਮ ਵੱਲੋਂ ਕੀਤੀ ਸਿਫਾਰਸ਼ ਨੂੰ 16 ਜੁਲਾਈ ਨੂੰ ਮਨਜ਼ੂਰੀ ਦਿੱਤੀ ਸੀ। ਕੌਲਿਜੀਅਮ ਨੇ 11 ਜੁਲਾਈ ਨੂੰ ਕੇਂਦਰ ਨੂੰ ਦੋ ਜੱਜਾਂ ਜਸਟਿਸ ਕੋਟਿਸ਼ਵਰ ਸਿੰਘ ਅਤੇ ਜਸਟਿਸ ਆਰ. ਮਹਾਦੇਵਨ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਤਰੱਕੀ ਦੇਣ ਦੀ ਸਿਫਾਰਸ਼ ਕੀਤੀ ਸੀ। -ਪੀਟੀਆਈ