ਯੂਪੀ ਦੀ ਔਰਤ ਵੱਲੋਂ ਦੋ ਸੌ ਸਾਲ ਪੁਰਾਣੇ ਦਰੱਖਤ ਦਾ ਸਸਕਾਰ
ਲਖਨਊ/ਮੁਜ਼ੱਫਰਨਗਰ (ਯੂਪੀ), 29 ਸਤੰਬਰ
ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਵਾਉਣ ਤੇ ਗਰੀਬਾਂ ਦੀ ਮਦਦ ਕਰਨ ਵਾਲੀ ਉਤਰ ਪ੍ਰਦੇਸ਼ ਦੀ 37 ਸਾਲਾ ਸ਼ਾਲੂ ਸੈਣੀ ਨੇ ਇਕ ਅਜਿਹੇ ਦਰੱਖਤ ਦਾ ਸਸਕਾਰ ਕੀਤਾ ਹੈ ਜੋ ਦੋ ਸੌ ਸਾਲ ਪੁਰਾਣਾ ਸੀ। ਇਹ ਸੇਮਲ ਦਾ ਵੱਡਾ ਦਰੱਖਤ ਕੁਝ ਦਿਨ ਪਹਿਲਾਂ ਡਿੱਗ ਗਿਆ ਸੀ ਜਿਸ ਦਾ ਸਸਕਾਰ ਮੁਜ਼ੱਫਰਨਗਰ ਦੀ ਨਵੀਂ ਮੰਡੀ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਸ਼ਾਲੂ ਸੈਣੀ ਨੇ ਇਸ ਦਰੱਖਤ ਦਾ ਹਿੰਦੂ ਰੀਤੀ ਰਿਵਾਜ਼ਾਂ ਨਾਲ ਸਸਕਾਰ ਕਰਦਿਆਂ ਅਗਨ ਭੇਟ ਕੀਤਾ। ਦੋ ਬੱਚਿਆਂ ਦੀ ਮਾਂ ਸ਼ਾਲੂ ਸੈਣੀ ਨੇ ਕਿਹਾ ਕਿ ਇਸ ਦਰੱਖਤ ਦਾ ਸਸਕਾਰ ਕਰਨ ਲਈ ਉਸ ਨੂੰ ਅੰਦਰੋਂ ਆਵਾਜ਼ ਆਈ ਸੀ ਤੇ ਇਸ ਦਾ ਸਸਕਾਰ ਉਸ ਨੇ ਬਿਨਾਂ ਕਿਸੇ ਨੂੰ ਦੱਸੇ ਕੀਤਾ। ਇਸ ਦਰੱਖਤ ਦੇ ਸਸਕਾਰ ਬਾਰੇ ਲੋਕਾਂ ਨੂੰ ਬਾਅਦ ਵਿਚ ਪਤਾ ਲੱਗਿਆ। ਉਸ ਨੇ ਕਿਹਾ ਕਿ ਉਹ ਅੱਗੋਂ ਤੋਂ ਵੀ ਅਜਿਹੇ ਦਰੱਖਤਾਂ ਦਾ ਸਸਕਾਰ ਕਰਦੀ ਰਹੇਗੀ। ਉਸ ਨੇ ਕਿਹਾ, ‘ਜੇ ਮੈਨੂੰ ਬਾਬਾ ਮਹਾਕਾਲ (ਭਗਵਾਨ ਸ਼ਿਵ) ਦਾ ਹੁਕਮ ਮਿਲਦਾ ਹੈ ਤਾਂ ਮੈਂ ਅਜਿਹੇ ਰੁੱਖਾਂ ਦਾ ਸਸਕਾਰ ਕਰਨਾ ਜਾਰੀ ਰੱਖਾਂਗੀ। ਰੁੱਖ ਸਾਨੂੰ ਆਕਸੀਜਨ, ਛਾਂ, ਫੁੱਲ ਅਤੇ ਫਲ ਦਿੰਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਉਹ ਇੱਕ ਵਧੀਆ ਵਿਦਾਇਗੀ ਦੇ ਹੱਕਦਾਰ ਹਨ।’ ਜ਼ਿਕਰਯੋਗ ਹੈ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰ ਰਹੀ ਹੈ ਜਿਹੜੇ ਗਰੀਬੀ ਕਾਰਨ ਆਪਣੇ ਪਿਆਰਿਆਂ ਤੇ ਰਿਸ਼ਤੇਦਾਰਾਂ ਦਾ ਸਸਕਾਰ ਰੀਤੀ ਰਿਵਾਜ਼ਾਂ ਅਨੁਸਾਰ ਕਰਨ ਵਿਚ ਅਸਮਰੱਥ ਹੁੰਦੇ ਹਨ। ਉਸ ਨੇ ਹੁਣ ਤਕ ਤਿੰਨ ਹਜ਼ਾਰ ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਵਾਇਆ ਹੈ। ਪੀਟੀਆਈ