ਰਾਸ਼ਿਦ ਇੰਜੀਨੀਅਰ ਨੂੰ ਹਲਫ਼ ਲੈਣ ਲਈ ਦੋ ਘੰਟੇ ਦੀ ਪੈਰੋਲ
ਨਵੀਂ ਦਿੱਲੀ:
ਇੱਥੋਂ ਦੀ ਅਦਾਲਤ ਨੇ ਕਸ਼ਮੀਰੀ ਆਗੂ ਸ਼ੇਖ ਅਬਦੁਲ ਰਾਸ਼ਿਦ ਨੂੰ 5 ਜੁਲਾਈ ਨੂੰ ਲੋਕ ਸਭਾ ਮੈਂਬਰ ਵਜੋਂ ਹਲਫ਼ ਲੈਣ ਲਈ ਦੋ ਘੰਟੇ ਦੀ ਹਿਰਾਸਤੀ ਪੈਰੋਲ ਦੇ ਦਿੱਤੀ ਹੈ। ਇੰਜਨੀਅਰ ਰਾਸ਼ਿਦ ਵਜੋਂ ਮਸ਼ਹੂਰ ਸ਼ੇਖ ਅਬਦੁਲ ਰਾਸ਼ਿਦ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਬਾਰਾਮੂਲਾ ਤੋਂ ਨੈਸ਼ਨਲ ਕਾਨਫਰੰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੂੰ ਹਰਾਇਆ ਸੀ। ਰਾਸ਼ਿਦ ਨੂੰ ਦਹਿਸ਼ਤੀ ਫੰਡਿੰਗ ਮਾਮਲੇ ’ਚ 2019 ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਰਾਸ਼ਿਦ ਨੇ ਸੰਸਦ ਮੈਂਬਰ ਵਜੋਂ ਹਲਫ਼ ਲੈਣ ਤੇ ਆਪਣੀਆਂ ਸੰਸਦੀ ਜ਼ਿੰਮੇਵਾਰੀਆਂ ਨਿਭਾਉਣ ਲਈ ਅੰਤਰਿਮ ਜ਼ਮਾਨਤ ਜਾਂ ਹਿਰਾਸਤੀ ਪੈਰੋਲ ਦੇਣ ਦੀ ਮੰਗ ਕਰਦਿਆਂ ਅਦਾਲਤ ਦਾ ਰੁਖ਼ ਕੀਤਾ ਸੀ। ਵਧੀਕ ਸੈਸ਼ਨ ਜੱਜ ਚੰਦਰ ਜੀਤ ਸਿੰਘ ਨੇ ਉਨ੍ਹਾਂ ਨੂੰ 5 ਜੁਲਾਈ ਨੂੰ ਹਲਫ਼ ਲੈਣ ਮੌਕੇ ਦੋ ਘੰਟੇ ਲਈ ਹਿਰਾਸਤੀ ਪੈਰੋਲ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਆਦੇਸ਼ ਦੇ ਵੇਰਵੇ ਜਾਰੀ ਨਹੀਂ ਕੀਤੇ ਗਏ। ਐੱਨਆਈਏ ਨੇ ਸੋਮਵਾਰ ਨੂੰ ਰਾਸ਼ਿਦ ਦੀ ਅਰਜ਼ੀ ਦਾ ਵਿਰੋਧ ਨਹੀਂ ਕੀਤਾ ਸੀ। ਐੱਨਆਈਏ ਦੇ ਵਕੀਲ ਨੇ ਕਿਹਾ ਕਿ ਉਹ ਕੁਝ ਸ਼ਰਤਾਂ ਦੀ ਪਾਲਣਾ ਕਰ ਕੇ ਸਹੁੰ ਚੁੱਕ ਸਕਦਾ ਹੈ ਜਿਵੇਂ ਉਹ ਇਸ ਬਾਰੇ ਮੀਡੀਆ ਨਾਲ ਗੱਲ ਨਾ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਿਦ ਤਿਹਾੜ ਜੇਲ੍ਹ ਵਿੱਚ ਨਜ਼ਰਬੰਦ ਹੈ ਤੇ ਉਸ ਨੂੰ ਇੱਕ ਦਿਨ ਅੰਦਰ ਜੇਲ੍ਹ ਵਿਚੋਂ ਬਾਹਰ ਆ ਕੇ ਹਲਫ਼ ਲੈਣ ਸਬੰਧੀ ਸਾਰੀ ਪ੍ਰਕਿਰਿਆ ਮੁਕੰਮਲ ਕਰਨੀ ਚਾਹੀਦੀ ਹੈ।