For the best experience, open
https://m.punjabitribuneonline.com
on your mobile browser.
Advertisement

ਅਡਾਨੀ ਨਾਲ ਸਬੰਧਤ ਰਿਪੋਰਟ ਗਾਹਕਾਂ ਨਾਲ ਪਹਿਲਾਂ ਹੀ ਕੀਤੀ ਸੀ ਸਾਂਝੀ

07:07 AM Jul 08, 2024 IST
ਅਡਾਨੀ ਨਾਲ ਸਬੰਧਤ ਰਿਪੋਰਟ ਗਾਹਕਾਂ ਨਾਲ ਪਹਿਲਾਂ ਹੀ ਕੀਤੀ ਸੀ ਸਾਂਝੀ
Advertisement

ਨਵੀਂ ਦਿੱਲੀ, 7 ਜੁਲਾਈ
ਅਮਰੀਕੀ ਸ਼ਾਰਟ-ਸੈਲਰ ਹਿੰਡਨਬਰਗ ਰਿਸਰਚ ਨੇ ਅਡਾਨੀ ਗਰੁੱਪ ਖ਼ਿਲਾਫ਼ ਆਪਣੀ ਰਿਪੋਰਟ ਦੀ ਇਕ ਕਾਪੀ ਇਸ ਦੇ ਪ੍ਰਕਾਸ਼ਨ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੀ ਨਿਊਯਾਰਕ ਸਥਿਤ ਹੈੱਜ ਫੰਡ ਮੈਨੇਜਰ ਮਾਰਕ ਕਿੰਗਡਨ ਨਾਲ ਸਾਂਝੀ ਕਰ ਦਿੱਤੀ ਸੀ ਅਤੇ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਚੜ੍ਹਤ ਅਤੇ ਗਿਰਾਵਟ ਦਾ ਲਾਭ ਲਿਆ ਸੀ। ਭਾਰਤੀ ਸਕਿਉਰਿਟੀਜ਼ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਹਿੰਡਨਬਰਗ ਨੂੰ ਭੇਜੇ ਆਪਣੇ 46 ਪੰਨਿਆਂ ਦੇ ਕਾਰਨ ਦੱਸੋ ਨੋਟਿਸ ’ਚ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਕੰਪਨੀ ਨੇ ਨਿਊਯਾਰਕ ਦੇ ਹੈੱਜ ਫੰਡ ਅਤੇ ਕੋਟਕ ਮਹਿੰਦਰਾ ਬੈਂਕ ਨਾਲ ਜੁੜੇ ਬ੍ਰੋਕਰਾਂ ਨੂੰ ਗਰੁੱਪ ਦੀਆਂ 10 ਸੂਚੀਬੱਧ ਕੰਪਨੀਆਂ ਦੇ ਸ਼ੇਅਰਾਂ ਦੀ ਮੁਲਾਂਕਣ ਰਿਪੋਰਟ ਦੇ ਪ੍ਰਕਾਸ਼ਨ ਮਗਰੋਂ ਆਈ 150 ਅਰਬ ਡਾਲਰ ਦੀ ਵੱਡੀ ਗਿਰਾਵਟ ਨਾਲ ਲਾਭ ਹੋਇਆ।
ਸੇਬੀ ਨੇ ਹਿੰਡਨਬਰਗ ’ਤੇ ‘ਗੁੰਮਰਾਹਕੁਨ’ ਜਾਣਕਾਰੀ ਦੇਣ ਅਤੇ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਅਚਾਨਕ ਵਿਕਰੀ ਦਾ ਮਾਹੌਲ ਪੈਦਾ ਕਰਕੇ ਨਾਜਾਇਜ਼ ਢੰਗ ਨਾਲ ਮੁਨਾਫ਼ਾ ਕਮਾਉਣ ਦਾ ਦੋਸ਼ ਲਾਇਆ। ਸੇਬੀ ਨੇ ਹਿੰਡਨਬਰਗ ਨੂੰ ਦੋਸ਼ਾਂ ਦਾ ਜਵਾਬ ਦੇਣ ਲਈ 21 ਦਿਨਾਂ ਦਾ ਸਮਾਂ ਦਿੱਤਾ ਹੈ। ਸੇਬੀ ਦੇ ਨੋਟਿਸ ’ਚ ਅਡਾਨੀ ਇੰਟਰਪ੍ਰਾਇਜ਼ਿਜ਼ ਲਿਮਟਿਡ ਭਵਿੱਖ ਦੇ ਸੌਦੇ ਵੇਚਣ ਲਈ ਹੈੱਜ ਫੰਡ ਦੇ ਇਕ ਮੁਲਾਜ਼ਮ ਅਤੇ ਕੇਐੱਮਆਈਐੱਲ ਦੇ ਕਾਰੋਬਾਰੀਆਂ ਵਿਚਕਾਰ ਗੱਲਬਾਤ ਦੇ ਹਿੱਸੇ ਵੀ ਸ਼ਾਮਲ ਹਨ। ਕੋਟਕ ਮਹਿੰਦਰਾ ਬੈਂਕ ਨੇ ਕਿਹਾ ਕਿ ਕਿੰਗਡਨ ਨੇ ਕਦੇ ਵੀ ਇਹ ਖ਼ੁਲਾਸਾ ਨਹੀਂ ਕੀਤਾ ਕਿ ਉਨ੍ਹਾਂ ਦਾ ਹਿੰਡਨਬਰਗ ਨਾਲ ਕੋਈ ਸਬੰਧ ਸੀ ਅਤੇ ਨਾ ਹੀ ਉਹ ਕਿਸੇ ਕੀਮਤ ਸਬੰਧੀ ਜਾਣਕਾਰੀ ਦੇ ਆਧਾਰ ’ਤੇ ਕੰਮ ਕਰ ਰਹੇ ਸਨ। ਸੇਬੀ ਨੇ ਪਿਛਲੇ ਸਾਲ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਨੂੰ ਦੱਸਿਆ ਸੀ ਕਿ ਉਹ 13 ਅਜਿਹੀਆਂ ਵਿਦੇਸ਼ੀ ਸ਼ੱਕੀ ਕੰਪਨੀਆਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਦੀ ਅਡਾਨੀ ਗਰੁੱਪ ਦੇ ਪੰਜ ਸ਼ੇਅਰਾਂ ’ਚ 14 ਤੋਂ 20 ਫ਼ੀਸਦੀ ਵਿਚਕਾਰ ਹਿੱਸੇਦਾਰੀ ਸੀ। ਸੇਬੀ ਨੇ ਨਾ ਸਿਰਫ਼ ਹਿੰਡਨਬਰਗ ਸਗੋਂ ਕੇਐੱਮਆਈਐੱਲ, ਕਿੰਗਡਨ ਅਤੇ ਹਿੰਡਨਬਰਗ ਦੇ ਬਾਨੀ ਨਾਥਨ ਐਂਡਰਸਨ ਨੂੰ ਵੀ ਨੋਟਿਸ ਭੇਜੇ ਹਨ। ਪਹਿਲਾਂ ਅਡਾਨੀ ਗਰੁੱਪ ਦਾ ਪੱਖ ਪੂਰਦੇ ਰਹੇ ਸੀਨੀਅਰ ਵਕੀਲ ਮਹੇਸ਼ ਜੇਠਮਲਾਨੀ ਨੇ ‘ਐਕਸ’ ’ਤੇ ਦਾਅਵਾ ਕੀਤਾ ਹੈ ਕਿ ਕਿੰਗਡਨ ਦੇ ਚੀਨ ਨਾਲ ਸਬੰਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਿੰਗਡਨ ਦਾ ਵਿਆਹ ‘ਚੀਨੀ ਜਾਸੂਸ’ ਐਨਲਾ ਚੇਂਗ ਨਾਲ ਹੋਇਆ ਹੈ। ਜੇਠਮਲਾਨੀ ਨੇ ਦੋਸ਼ ਲਾਇਆ ਕਿ ਚੇਂਗ ਨੇ ਆਪਣੇ ਪਤੀ ਮਾਰਕ ਕਿੰਗਡਨ ਨਾਲ ਅਡਾਨੀ ਬਾਰੇ ਇਕ ਖੋਜੀ ਰਿਪੋਰਟ ਤਿਆਰ ਕਰਨ ਲਈ ਹਿੰਡਨਬਰਗ ਦੀਆਂ ਸੇਵਾਵਾਂ ਲਈਆਂ ਸਨ। ਉਨ੍ਹਾਂ ਅਡਾਨੀ ਦੇ ਸ਼ੇਅਰਾਂ ਦੀ ਸ਼ਾਰਟ ਸੈਲਿੰਗ ਲਈ ਟਰੇਡਿੰਗ ਖ਼ਾਤੇ ਵਾਸਤੇ ਕੋਟਕ ਦੀਆਂ ਸੇਵਾਵਾਂ ਲਈਆਂ ਅਤੇ ਉਸ ਰਾਹੀਂ ਲੱਖਾਂ ਡਾਲਰ ਕਮਾਏ। ਇਸ ਨਾਲ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਦਰਜ ਹੋਈ ਸੀ। ਸੇਬੀ ਨੇ ਕਿਹਾ ਕਿ ਕਿੰਗਡਨ ਨੇ ਅਡਾਨੀ ਇੰਟਰਪ੍ਰਾਇਜ਼ਿਜ਼ ’ਚ ਸ਼ਾਰਟ ਪੁਜ਼ੀਸ਼ਨ ਬਣਾਉਣ ਲਈ ਦੋ ਕਿਸ਼ਤਾਂ ’ਚ 4.3 ਕਰੋੜ ਡਾਲਰ ਤਬਦੀਲ ਕੀਤੇ ਸਨ। ਰਿਪੋਰਟ ਜਾਰੀ ਹੋਣ ਤੋਂ ਪਹਿਲਾ ਕੇ ਇੰਡੀਆ ਫੰਡ ਨੇ 8,50,000 ਸ਼ੇਅਰਾਂ ’ਚ ਹੇਠਲੇ ਭਾਅ ਦੇ ਸੌਦੇ ਕੀਤੇ ਅਤੇ ਰਿਪੋਰਟ ਜਾਰੀ ਹੋਣ ਮਗਰੋਂ ਉਨ੍ਹਾਂ ਸ਼ੇਅਰ ਵੇਚ ਕੇ ਮੁਨਾਫ਼ਾ ਕਮਾ ਲਿਆ। ਇਸ ਦੌਰਾਨ ਅਡਾਨੀ ਇੰਟਰਪ੍ਰਾਇਜ਼ਿਜ਼ ਦੇ ਸ਼ੇਅਰ ਦੀ ਕੀਮਤ 3,422 ਰੁਪਏ ਤੋਂ ਡਿੱਗ ਕੇ 1,404.85 ਰੁਪਏ ’ਤੇ ਪਹੁੰਚ ਗਈ ਸੀ। ਨੋਟਿਸ ’ਚ ਕਿਹਾ ਗਿਆ ਕਿ ਕਿੰਗਡਨ ਕੋਲ ਹਿੰਡਨਬਰਗ ਦੇ 55 ਲੱਖ ਡਾਲਰ ਸਨ ਜਿਸ ’ਚੋਂ ਪਹਿਲੀ ਜੂਨ ਤੱਕ 41 ਲੱਖ ਡਾਲਰ ਅਦਾ ਕੀਤੇ ਜਾ ਚੁੱਕੇ ਸਨ। -ਪੀਟੀਆਈ

Advertisement

ਧੋਖਾਧੜੀ ਨੂੰ ਜੱਗ ਜ਼ਾਹਿਰ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼: ਹਿੰਡਨਬਰਗ

ਹਿੰਡਨਬਰਗ ਨੇ ਸੇਬੀ ਦੇ ਨੋਟਿਸ ਨੂੰ ਜਨਤਕ ਕਰਦਿਆਂ ਆਪਣੇ ਜਵਾਬ ’ਚ ਕਿਹਾ ਕਿ ਇਹ ‘ਭਾਰਤ ਦੇ ਸਭ ਤੋਂ ਤਾਕਤਵਰ ਵਿਅਕਤੀਆਂ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਅਤੇ ਧੋਖਾਧੜੀ ਨੂੰ ਜੱਗ ਜ਼ਾਹਿਰ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਅਤੇ ਡਰਾਉਣ-ਧਮਕਾਉਣ’ ਦੀ ਕੋਸ਼ਿਸ਼ ਹੈ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਗਰੁੱਪ ਦੀ ਮੁੱਖ ਕੰਪਨੀ ਅਡਾਨੀ ਇੰਟਰਪ੍ਰਾਇਜ਼ਿਜ਼ ਲਿਮਟਿਡ ਖ਼ਿਲਾਫ਼ ਦਾਅ ਲਗਾਉਣ ਲਈ ਜਿਸ ਦੀ ਵਰਤੋਂ ਕੀਤੀ ਗਈ, ਉਹ ਕੋਟਕ ਮਹਿੰਦਰਾ (ਇੰਟਰਨੈਸ਼ਨਲ) ਲਿਮਟਿਡ (ਕੇਐੱਮਆਈਐੱਲ) ਨਾਲ ਸਬੰਧਤ ਸੀ ਜੋ ਕੋਟਕ ਮਹਿੰਦਰਾ ਬੈਂਕ ਲਿਮਟਿਡ ਦੀ ਮੌਰੀਸ਼ਸ ਆਧਾਰਿਤ ਸਹਾਇਕ ਕੰਪਨੀ ਹੈ। ਕੇਐੱਮਆਈਐੱਲ ਦੇ ਫੰਡ ਨੇ ਆਪਣੇ ਗਾਹਕ ਕਿੰਗਡਨ ਦੀ ਕੰਪਨੀ ਕਿੰਗਡਨ ਕੈਪੀਟਲ ਮੈਨੇਜਮੈਂਟ ਲਈ ਅਡਾਨੀ ਇੰਟਰਪ੍ਰਾਇਜ਼ਿਜ਼ ਲਿਮਟਿਡ ’ਤੇ ਦਾਅ ਲਾਇਆ।

Advertisement
Author Image

sukhwinder singh

View all posts

Advertisement
Advertisement
×