ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਨੂੰ ਪਕੌੜੇ ਤੇ ਜਲੇਬੀਆਂ, ਬਾਕੀਆਂ ਦੀ ਥਾਲੀ ਖਾਲੀ: ਖੜਗੇ

06:48 AM Jul 25, 2024 IST

* ਮਾਤਾਜੀ (ਸੀਤਾਰਮਨ) ਬੋਲਣ ’ਚ ਮਾਹਿਰ ਨੇ: ਕਾਂਗਰਸ ਪ੍ਰਧਾਨ

Advertisement

ਨਵੀਂ ਦਿੱਲੀ, 24 ਜੁਲਾਈ
ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕੇਂਦਰੀ ਬਜਟ ਲਈ ਵਿੱਤ ਮੰਤਰੀ ਨਿਰਮਲਾ ਸੀਤਾਰਮਨ ’ਤੇ ਸਵਾਲ ਖੜ੍ਹੇ ਕਰਦਿਆਂ ਦਾਅਵਾ ਕੀਤਾ ਕਿ ਸਿਰਫ਼ ਬਿਹਾਰ ਅਤੇ ਆਂਧਰਾ ਪ੍ਰਦੇਸ਼ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਦੀਆਂ ਥਾਲੀਆਂ ਖਾਲੀ ਹਨ। ਬਜਟ ’ਚ ਹੋਰ ਸੂਬਿਆਂ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾਉਂਦਿਆਂ ਕਾਂਗਰਸ ਸਮੇਤ ਹੋਰ ਵਿਰੋਧੀ ਧਿਰ ਨੇ ਅੱਜ ਲੋਕ ਸਭਾ ਅਤੇ ਰਾਜ ਸਭਾ ’ਚੋਂ ਵਾਕਆਊਟ ਕੀਤਾ। ਰਾਜ ਸਭਾ ’ਚ ਖੜਗੇ ਨੇ ਕਿਹਾ ਕਿ ਐੱਨਡੀਏ ਭਾਈਵਾਲਾਂ ਦੀ ਸੱਤਾ ਵਾਲੇ ਸੂਬਿਆਂ ਨੂੰ ਛੱਡ ਕੇ ਪੰਜਾਬ, ਹਰਿਆਣਾ, ਕਰਨਾਟਕ, ਰਾਜਸਥਾਨ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸਮੇਤ ਕਈ ਵੱਡੇ ਸੂਬਿਆਂ ਨੂੰ ਬਜਟ ’ਚ ਕੁਝ ਵੀ ਨਹੀਂ ਮਿਲਿਆ ਹੈ।
ਉਨ੍ਹਾਂ ਕਿਹਾ, ‘‘ਮੈਂ ਨਿਯਮ 267 ’ਤੇ ਬਹਿਸ ’ਚ ਨਹੀਂ ਪਵਾਂਗਾ। ਕੱਲ੍ਹ ਜਿਹੜਾ ਬਜਟ ਪੇਸ਼ ਕੀਤਾ ਗਿਆ ਹੈ, ਉਸ ’ਚ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਹੈ। ਸਬਕੀ ਥਾਲੀ ਖਾਲੀ ਔਰ ਦੋ ਕੀ ਥਾਲੀ ਮੇਂ ਪਕੌੜਾ ਔਰ ਜਲੇਬੀ। ਯੇਹ ਦੋ ਸਟੇਟਸ ਛੋੜ ਕਰ ਕੁਝ ਨਹੀਂ ਮਿਲਾ। ਤਾਮਿਲਨਾਡੂ, ਕੇਰਲ, ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਪੰਜਾਬ ਨੂੰ ਕੁਝ ਵੀ ਨਹੀਂ ਮਿਲਿਆ। ਇਥੋਂ ਤੱਕ ਕਿ ਦਿੱਲੀ ਅਤੇ ਉੜੀਸਾ ਨੂੰ ਵੀ ਕੁਝ ਨਹੀਂ ਮਿਲਿਆ। ਮੈਂ ਹੁਣ ਤੱਕ ਇਸ ਕਿਸਮ ਦਾ ਬਜਟ ਨਹੀਂ ਦੇਖਿਆ। ਸਿਰਫ਼ ਕੁਝ ਲੋਕਾਂ ਨੂੰ ਖੁਸ਼ ਕਰਨ ਅਤੇ ਆਪਣੀਆਂ ਕੁਰਸੀਆਂ ਬਚਾਉਣ ਲਈ ਹੀ ਇਹ ਬਜਟ ਪੇਸ਼ ਕੀਤਾ ਗਿਆ ਹੈ। ਅਸੀਂ ਇਸ ਬਜਟ ਦੀ ਨਿਖੇਧੀ ਅਤੇ ਵਿਰੋਧ ਕਰਦੇ ਹਾਂ। ਮੈਨੂੰ ਤਾਂ ਪੂਰੀ ਆਸ ਸੀ ਕਿ ਸਭ ਤੋਂ ਵੱਧ ਬਜਟ ਸਾਨੂੰ (ਕਰਨਾਟਕ) ਮਿਲੇਗਾ। ਪਰ ਸੂਬੇ ਨੂੰ ਕੁਝ ਵੀ ਨਹੀਂ ਮਿਲਿਆ। ‘ਇੰਡੀਆ’ ਗੱਠਜੋੜ ਦੀਆਂ ਸਾਰੀਆਂ ਧਿਰਾਂ ਕੰਨਿਅਕੁਮਾਰੀ ਤੋਂ ਕਸ਼ਮੀਰ ਤੱਕ ਬਜਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਗੀਆਂ।’’
ਰਾਜ ਸਭਾ ਚੇਅਰਮੈਨ ਜਗਦੀਪ ਧਨਖੜ ਨੇ ਵਿਚਾਲੇ ਹੀ ਟੋਕਦਿਆਂ ਕਿਹਾ ਕਿ ਹੁਣ ਵਿੱਤ ਮੰਤਰੀ ਬੋਲਣਗੇ। ਇਸ ’ਤੇ ਖੜਗੇ ਨੇ ਕਿਹਾ, ‘‘ਮਾਤਾਜੀ (ਸੀਤਾਰਮਨ) ਬੋਲਣ ’ਚ ਤਾਂ ਮਾਹਿਰ ਹਨ, ਮੈਨੂੰ ਪਤਾ ਹੈ।’’ ਧਨਖੜ ਨੇ ਕਿਹਾ, ‘‘ਉਹ ਮਾਤਾਜੀ ਨਹੀਂ ਸਗੋਂ ਤੁਹਾਡੀ ਧੀ ਦੇ ਬਰਾਬਰ ਹਨ।’’ ਖੜਗੇ ਨੇ ਬਜਟ ਨੂੰ ਨਕਾਰਦਿਆਂ ਕਿਹਾ ਕਿ ਜਿਹੜੇ ਸੂਬਿਆਂ ’ਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਹਨ, ਉਥੇ ਉਨ੍ਹਾਂ ਨੂੰ ਅਣਗੌਲਿਆ ਕੀਤਾ ਗਿਆ ਹੈ। ‘ਸੂਬਿਆਂ ਨੂੰ ਬਜਟ ’ਚ ਕੁਝ ਨਹੀਂ ਦਿੱਤਾ ਗਿਆ ਹੈ। ਜੇ ਕੋਈ ਤਵਾਜ਼ਨ ਨਹੀਂ ਹੈ ਤਾਂ ਫਿਰ ਵਿਕਾਸ ਕਿਵੇਂ ਹੋਵੇਗਾ? ਸਾਰੀਆਂ ਪਾਰਟੀਆਂ ਇਸ ਕਿਸਮ ਦੇ ਰਵੱਈਏ ਦੀ ਨਿਖੇਧੀ ਕਰਦੀਆਂ ਹਨ।’ ਇਸ ਮਗਰੋਂ ਖੜਗੇ ਨੇ ਹੋਰ ਆਗੂਆਂ ਨਾਲ ਰਾਜ ਸਭਾ ’ਚੋਂ ਵਾਕਆਊਟ ਕਰ ਦਿੱਤਾ। ਉਧਰ ‘ਇੰਡੀਆ’ ਗੱਠਜੋੜ ਨਾਲ ਜੁੜੇ ਸੰਸਦ ਮੈਂਬਰਾਂ ਨੇ ਵਿਰੋਧੀ ਧਿਰਾਂ ਦੇ ਸ਼ਾਸਨ ਵਾਲੇ ਸੂਬਿਆਂ ਖ਼ਿਲਾਫ਼ ਕਥਿਤ ਵਿਤਕਰੇ ਦੇ ਰੋਸ ਵਜੋਂ ਲੋਕ ਸਭਾ ’ਚੋਂ ਵਾਕਆਊਟ ਕੀਤਾ। ਸਦਨ ਦੀ ਕਾਰਵਾਈ ਜਿਵੇਂ ਹੀ ਸ਼ੁਰੂ ਹੋਈ ਤਾਂ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਬਜਟ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਜਦੋਂ ਨਾਅਰੇਬਾਜ਼ੀ ਸ਼ੁਰੂ ਕੀਤੀ ਤਾਂ ਸਪੀਕਰ ਓਮ ਬਿਰਲਾ ਨੇ ਪ੍ਰਸ਼ਨਕਾਲ ’ਚ ਅੜਿੱਕਾ ਡਾਹੁਣ ਖ਼ਿਲਾਫ਼ ਉਨ੍ਹਾਂ ਨੂੰ ਚਿਤਾਵਨੀ ਦਿੱਤੀ। ਉਨ੍ਹਾਂ ਵਿਰੋਧੀ ਧਿਰ ਵੱਲੋਂ ‘ਸੋਚੀ-ਸਮਝੀ ਸਾਜ਼ਿਸ਼’ ਤਹਿਤ ਸਦਨ ’ਚ ਅੜਿੱਕਾ ਪਾਉਣ ’ਤੇ ਸਵਾਲ ਖੜ੍ਹੇ ਕੀਤੇ। ਬਿਰਲਾ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸੰਸਦ ਮੈਂਬਰਾਂ ਦੇ ਸਦਨ ਅੰਦਰ ਦਾਖ਼ਲ ਹੋਣ ’ਚ ਮੁਸ਼ਕਲ ਆਉਣ ਦਾ ਮੁੱਦਾ ਚੁੱਕਿਆ। ਬਿਰਲਾ ਨੇ ਕਿਹਾ ਕਿ ਕਈ ਮੈਂਬਰਾਂ ਨੇ ਉਨ੍ਹਾਂ ਨੂੰ ਪੱਤਰ ਲਿਖ ਕੇ ਵਿਰੋਧੀ ਧਿਰਾਂ ਵੱਲੋਂ ਲੋਕ ਸਭਾ ਦੇ ਮੁੱਖ ਦਰਵਾਜ਼ੇ ’ਤੇ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਸਦਨ ਅੰਦਰ ਦਾਖ਼ਲ ਹੋਣ ’ਚ ਪੈ ਰਹੇ ਅੜਿੱਕੇ ਦੀ ਸ਼ਿਕਾਇਤ ਕੀਤੀ ਹੈ। ਇਸ ਮਗਰੋਂ ਬਜਟ ਦਾ ਮੁੱਦਾ ਚੁੱਕਣ ਦੀ ਇਜਾਜ਼ਤ ਨਾ ਮਿਲਣ ’ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ’ਚੋਂ ਵਾਕਆਊਟ ਕਰ ਦਿੱਤਾ। -ਏਐੱਨਆਈ/ਪੀਟੀਆਈ

ਵਾਕਆਊਟ ਨਾਲ ਲੋਕਤੰਤਰ ਨੂੰ ਖ਼ਤਰਾ ਖੜ੍ਹਾ ਹੋਵੇਗਾ: ਧਨਖੜ

ਨਵੀਂ ਦਿੱਲੀ:

Advertisement

ਬਜਟ ਖ਼ਿਲਾਫ਼ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਵਾਕਆਊਟ ਕੀਤੇ ਜਾਣ ਮਗਰੋਂ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਜੇ ਸੰਸਦੀ ਕਾਰਵਾਈ ’ਚ ਅੜਿੱਕੇ ਨੂੰ ਸਿਆਸੀ ਰਣਨੀਤੀ ਵਜੋਂ ਹਥਿਆਰ ਬਣਾਇਆ ਜਾਵੇਗਾ ਤਾਂ ਇਸ ਨਾਲ ਲੋਕਤੰਤਰ ਨੂੰ ਗੰਭੀਰ ਖ਼ਤਰਾ ਖੜ੍ਹਾ ਹੋਵੇਗਾ। ਧਨਖੜ ਨੇ ਕਿਹਾ ਕਿ ਬਜਟ ’ਤੇ ਅੱਜ ਬਹਿਸ ਤੈਅ ਹੈ ਅਤੇ ਇਸੇ ਉਮੀਦ ਨਾਲ ਵਿਰੋਧੀ ਧਿਰ ਦੇ ਆਗੂ ਨੂੰ ਬੋਲਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਨ੍ਹਾਂ ਇਸ ਨੂੰ ਚਾਲ ਅਤੇ ਰਣਨੀਤੀ ਵਜੋਂ ਵਰਤਿਆ। ਵਾਕਆਊਟ ਮਗਰੋਂ ਧਨਖੜ ਨੇ ਕਿਹਾ ਕਿ ਉਹ ਮਲਿਕਾਰਜੁਨ ਖੜਗੇ ਵੱਲੋਂ ਅਪਣਾਈ ਰਣਨੀਤੀ ਦਾ ਗੰਭੀਰ ਨੋਟਿਸ ਲੈਣਗੇ। ਉਨ੍ਹਾਂ ਆਗੂਆਂ ਵੱਲੋਂ ਨੇਮ 267 ਤਹਿਤ ਸਦਨ ਦਾ ਕੰਮ ਰੋਕ ਕੇ ਵਿਸ਼ੇਸ਼ ਚਰਚਾ ਕਰਾਉਣ ਦੀ ਮੰਗ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਪਿਛਲੇ 36 ਸਾਲਾਂ ’ਚ ਸਿਰਫ਼ ਛੇ ਵਾਰ ਹੀ ਇਸ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਦਨ ਦੀ ਹਰੇਕ ਬੈਠਕ ’ਚ ਕੰਮ-ਰੋਕੂ ਮਤੇ ਰਾਹੀਂ ਬਹਿਸ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜੋ ਲੋਕਤੰਤਰ ਲਈ ਠੀਕ ਵਰਤਾਰਾ ਨਹੀਂ ਹੈ। -ਏਐੱਨਆਈ

Advertisement
Tags :
CongressMallikarjuna KhargeNirmala SitharamanPunjabi NewsUnion Budget