ਪੁਲੀਸ ਮੁਕਾਬਲੇ ਮਗਰੋਂ ਦੋ ਗੈਂਗਸਟਰ ਜ਼ਖ਼ਮੀ
ਹਤਿੰਦਰ ਮਹਿਤਾ
ਜਲੰਧਰ, 27 ਨਵੰਬਰ
ਇੱਥੋਂ ਦੀ ਕਮਿਸ਼ਨਰੇਟ ਪੁਲੀਸ ਨੇ ਜਲੰਧਰ ਛਾਉਣੀ ਦੇ ਬਾਹਰਵਾਰ ਹੋਈ ਗੋਲੀਬਾਰੀ ਵਿੱਚ ਲਾਰੈਂਸ ਬਿਸ਼ਨੋਈ ਗਰੋਹ ਦੇ ਦੋ ਮੈਂਬਰ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਇਨ੍ਹਾਂ ਨੂੰ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਮੈਗਜ਼ੀਨਾਂ ਤੇ ਰੌਂਦਾਂ ਸਮੇਤ ਤਿੰਨ ਹਥਿਆਰ ਬਰਾਮਦ ਕੀਤੇ ਗਏ ਹਨ। ਇਹ ਜਾਣਕਾਰੀ ਪੁਲੀਸ ਕਮਿਸ਼ਨਰ ( ਸੀਪੀ) ਜਲੰਧਰ ਸਵਪਨ ਸ਼ਰਮਾ ਨੇ ਬੁੱਧਵਾਰ ਨੂੰ ਇੱਥੇ ਦਿੱਤੀ। ਮੁਲਜ਼ਮਾਂ ਦੀ ਪਛਾਣ ਹਰਿੰਦਰ ਸਿੰਘ ਉਰਫ ਹਿੰਦਾ ਵਾਸੀ ਮਹਿਦੀਪੁਰ ਜੱਟਾਂ ਥਾਣਾ ਆਦਮਪੁਰ ਅਤੇ ਸੁਖਮਨਜੀਤ ਸਿੰਘ ਉਰਫ ਸੁਖਮਨ ਵਾਸੀ ਨਿਊ ਦਿਓਲ ਨਗਰ ਜਲੰਧਰ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਥਾਣਾ ਭਾਰਗੋ ਕੈਂਪ ਜਲੰਧਰ ਵਿੱਚ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਐੱਫਆਈਆਰ ਦੀ ਚੱਲ ਰਹੀ ਜਾਂਚ ਸਬੰਧੀ ਗ੍ਰਿਫ਼ਤਾਰ ਕੀਤਾ ਸੀ।
ਇਸ ਸਬੰਧੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਪੁਲੀਸ ਟੀਮਾਂ ਦੋਵਾਂ ਮੁਲਜ਼ਮਾਂ ਨੂੰ ਜਲੰਧਰ ਕੈਂਟ ਦੇ ਬਾਹਰਵਾਰ ਸੁੰਨਸਾਨ ਜਗ੍ਹਾ ’ਤੇ ਲੈ ਕੇ ਜਾ ਰਹੀਆਂ ਸਨ ਜਿੱਥੇ ਉਨ੍ਹਾਂ ਨੇ ਹਥਿਆਰ ਅਤੇ ਗੋਲਾ ਬਾਰੂਦ ਛੁਪਾਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਰਿਕਵਰੀ ਅਪਰੇਸ਼ਨ ਦੌਰਾਨ ਸੁਖਮਨਜੀਤ ਸਿੰਘ ਨੇ ਪੁਲੀਸ ਟੀਮਾਂ ’ਤੇ ਗੋਲੀਬਾਰੀ ਕੀਤੀ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕੀਤੀ ਗਈ। ਗੋਲੀਬਾਰੀ ਦੌਰਾਨ ਸੁਖਮਨਜੀਤ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਅਤੇ ਹਰਿੰਦਰ ਨੂੰ ਮਾਮੂਲੀ ਸੱਟਾਂ ਲੱਗੀਆਂ। ਦੋਵਾਂ ਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।