For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਅਖੰਡ ਪ੍ਰਕਾਸ਼ ਦੇ ਪ੍ਰਬੰਧ ਲਈ ਦੋ ਧੜੇ ਆਹਮੋ-ਸਾਹਮਣੇ

07:49 AM Jan 08, 2025 IST
ਗੁਰਦੁਆਰਾ ਅਖੰਡ ਪ੍ਰਕਾਸ਼ ਦੇ ਪ੍ਰਬੰਧ ਲਈ ਦੋ ਧੜੇ ਆਹਮੋ ਸਾਹਮਣੇ
ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਦੀ ਝਲਕ।
Advertisement

ਹਰਦੀਪ ਸਿੰਘ
ਧਰਮਕੋਟ, 7 ਜਨਵਰੀ
ਇਥੇ ਨਜ਼ਦੀਕੀ ਪਿੰਡ ਭਿੰਡਰ ਕਲਾਂ ਵਿਖੇ ਸੰਪਰਦਾਇ ਭਿੰਡਰਾਂ ਦੇ ਗੁਰਦੁਆਰਾ ਅਖੰਡ ਪ੍ਰਕਾਸ਼ ਦੇ ਪ੍ਰਬੰਧ ਲਈ ਦੋ ਧੜੇ ਆਹਮੋ-ਸਾਹਮਣੇ ਹੋ ਗਏ। ਇਸ ਕਾਰਨ ਪਿੰਡ ਵਿੱਚ ਮਾਹੌਲ ਤਣਾਅਪੂਰਨ ਬਣ ਗਿਆ। ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵੱਡੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ। ਚਾਰ ਸਾਲ ਪਹਿਲਾਂ ਟਕਸਾਲ ਮੁਖੀ ਗਿਆਨੀ ਮੋਹਣ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਲੈ ਕੇ ਦੋ ਧੜੇ ਬਣ ਗਏ ਸਨ। ਗਿਆਨੀ ਮੋਹਨ ਸਿੰਘ ਨੇ ਅਕਾਲ ਚਲਾਣੇ ਤੋਂ ਪਹਿਲਾਂ ਸੰਪਰਦਾਇ ਦੇ ਪ੍ਰਬੰਧਾਂ ਲਈ ਪੰਚ ਪ੍ਰਧਾਨੀ ਖਾਲਸਾ ਸੇਵਕ ਜਥੇ ਦੀ ਸਥਾਪਤੀ ਕਰ ਦਿੱਤੀ ਸੀ ਇਸ ਦੀ ਬਾਕਾਇਦਾ ਰਜਿਸਟਰ ਡੀਡ 1999 ਵਿੱਚ ਤਿਆਰ ਕਰਵਾਈ ਗਈ ਸੀ। ਡੀਡ ਵਿੱਚ ਪ੍ਰਬੰਧ ਅਤੇ ਚੱਲ ਅਚੱਲ ਸੰਪਤੀ ਦੀ ਦੇਖਰੇਖ ਦੇ ਸਾਰੇ ਅਧਿਕਾਰ ਖਾਲਸਾ ਸੇਵਕ ਪ੍ਰਬੰਧਕੀ ਜਥਾ ਕਮੇਟੀ ਨੂੰ ਸੌਂਪੇ ਗਏ ਸਨ। ਸੰਪਰਦਾਇ ਮੁਖੀ ਦੇ ਅਕਾਲ ਚਲਾਣੇ ਤੋਂ ਬਾਅਦ ਪੰਚ ਪ੍ਰਧਾਨੀ ਪ੍ਰਬੰਧਕੀ ਕਮੇਟੀ ਹੀ ਸਾਰੇ ਪ੍ਰਬੰਧਾਂ ਦਾ ਦੇਖਰੇਖ ਕਰਦੀ ਆ ਰਹੀ ਹੈ। ਇਸ ਕਮੇਟੀ ਵਿੱਚ ਬਾਬਾ ਨਿਰੰਜਣ ਸਿੰਘ, ਬਾਬਾ ਬਲਵੀਰ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਨਾਜ਼ਰ ਸਿੰਘ ਅਤੇ ਬਾਬਾ ਕੁਲਵੰਤ ਸਿੰਘ ਸ਼ਾਮਲ ਹਨ। ਸੰਤ ਗਿਆਨੀ ਮੋਹਨ ਸਿੰਘ ਦੇ ਨੇੜਲੇ ਸਾਥੀ ਰਹੇ ਮਹੰਤ ਕਪੂਰ ਸਿੰਘ ਜੋ ਲੰਬੇ ਸਮੇਂ ਤੋਂ ਸੰਤ ਗਿਆਨੀ ਗੁਰਬਚਨ ਸਿੰਘ ਦੇ ਅਸਥਾਨ ਬੋਪਾਰਾਏ ਦਾ ਪ੍ਰਬੰਧ ਚਲਾ ਰਹੇ ਹਨ ਵੱਲੋਂ ਹੁਣ ਗੁਰਦੁਆਰੇ ’ਤੇ ਆਪਣਾ ਦਾਅਵਾ ਜਿਤਾਉਂਦੇ ਹੋਏ ਇੱਥੇ ਆਪਣੇ ਚੇਲੇ ਗਿਆਨੀ ਜਸਵਿੰਦਰ ਸਿੰਘ ਨੂੰ ਸੇਵਾ ਲਈ ਭੇਜਿਆ ਤਾਂ ਕਮੇਟੀ ਨਾਲ ਉਸ ਦਾ ਵਿਵਾਦ ਚੱਲ ਪਿਆ। ਇਸ ਦੇ ਨਾਲ ਹੀ ਪੰਚ ਪ੍ਰਧਾਨੀ ਪ੍ਰਬੰਧਕੀ ਜਥਾ ਕਮੇਟੀ ਅਤੇ ਮਹੰਤ ਕਪੂਰ ਸਿੰਘ ਵਿਚਾਲੇ ਵਿਵਾਦ ਪੈਦਾ ਹੋ ਗਿਆ ਹੈ।
ਪਿੰਡ ਭਿੰਡਰ ਕਲਾਂ ਅਤੇ ਭਿੰਡਰ ਖੁਰਦ ਵਿੱਚ ਵੀ ਦੋ ਧੜੇ ਬਣ ਗਏ ਹਨ। ਇਕ ਧੜਾ ਮਹੰਤ ਕਪੂਰ ਅਤੇ ਦੂਜਾ ਪੰਚ ਪ੍ਰਧਾਨੀ ਪ੍ਰਬੰਧਕੀ ਜਥੇ ਦੇ ਹੱਕ ਵਿੱਚ ਹੈ। ਜ਼ਿਕਰਯੋਗ ਹੈ ਕਿ ਗਿਆਨੀ ਮੋਹਣ ਸਿੰਘ ਦੇ ਅਕਾਲ ਚਲਾਣੇ ਮਗਰੋਂ ਮਹੰਤ ਕਪੂਰ ਸਿੰਘ ਨੂੰ ਪ੍ਰੰਪਰਾ ਮੁਤਾਬਕ ਪੱਗ ਸੌਂਪੀ ਗਈ ਸੀ ਪਰ ਉਹ ਬੋਪਾਰਾਏ ਅਸਥਾਨ ’ਤੇ ਹੀ ਟਿਕੇ ਰਹੇ। ਜਾਣਕਾਰੀ ਮੁਤਾਬਕ ਪੰਚ ਪ੍ਰਧਾਨੀ ਕਮੇਟੀ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਵੀ ਕੀਤਾ ਹੋਇਆ ਹੈ।

Advertisement

ਪ੍ਰਸ਼ਾਸਨ ਨੇ ਸੂਝ-ਬੂਝ ਨਾਲ ਮਸਲਾ ਸੁਲਝਾਇਆ

ਧਰਮਕੋਟ: ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਦੇ ਪ੍ਰਬੰਧਾਂ ਦਾ ਵਿਵਾਦ ਇਕ ਵਾਰ ਪ੍ਰਸ਼ਾਸਨ ਨੇ ਸੂਝਬੂਝ ਨਾਲ ਗੱਲਬਾਤ ਕਰਕੇ ਸੁਲਝਾ ਲਿਆ। ਏਡੀਸੀ ਮੋਗਾ ਚਾਰੂਮਿੱਤਾ ਨੇ ਦੱਸਿਆ ਕਿ ਦਿਨ ਭਰ ਦੀ ਚੱਲੀ ਬੈਠਕ ਤੋਂ ਬਾਅਦ ਦੋਵਾਂ ਧਿਰਾਂ ਨੂੰ ਸ਼ਾਂਤ ਕਰ ਲਿਆ ਗਿਆ ਹੈ। ਗੁਰਦੁਆਰੇ ਦਾ ਪ੍ਰਬੰਧ ਮਹੰਤ ਕਪੂਰ ਸਿੰਘ ਕੋਲ ਰਹੇਗਾ ਅਤੇ ਪੰਚ ਪ੍ਰਧਾਨੀ ਕਮੇਟੀ ਦੇ ਚਾਰ ਮੈਂਬਰ ਵੀ ਗੁਰਦੁਆਰੇ ਵਿਖੇ ਸੇਵਾ ਕਰਨਗੇ। ਇੱਕ ਮੈਂਬਰ ਬਾਬਾ ਨਾਜ਼ਰ ਸਿੰਘ ਨੂੰ ਅੰਮ੍ਰਿਤਸਰ ਦੇ ਗੁਰਦੁਆਰੇ ਦੀ ਸੇਵਾ ਸੌਂਪੀ ਗਈ ਹੈ। ਉਹ ਇਥੇ ਗੁਰਦੁਆਰੇ ਦੇ ਪ੍ਰਬੰਧਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਨਗੇ। ਇਸ ਦੇ ਨਾਲ ਹੀ ਪੰਚ ਪ੍ਰਧਾਨੀ ਕਮੇਟੀ ਵੱਲੋਂ ਜੋ ਅਦਾਲਤ ਵਿੱਚ ਕੇਸ ਦਾਇਰ ਕੀਤਾ ਗਿਆ ਹੈ ਉਸ ਨੂੰ ਵਾਪਸ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਚ ਪ੍ਰਧਾਨੀ ਕੋਲ ਜੋ ਡੀਡ ਲਿਖਤ ਹੈ ਉਸ ਨੂੰ ਪੂਰੀ ਤਰ੍ਹਾਂ ਘੋਖਿਆ ਜਾਵੇਗਾ ਅਤੇ ਮਗਰੋਂ ਇਸ ਦਾ ਫੈਸਲਾ ਕੀਤਾ ਜਾਵੇਗਾ।

Advertisement

Advertisement
Author Image

sukhwinder singh

View all posts

Advertisement