Punjab News ਸ਼ੰਭੂ ਮੋਰਚੇ ’ਤੇ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜਨਵਰੀ
ਸ਼ੰਭੂ ਮੋਰਚੇ ’ਤੇ 11 ਮਹੀਨਿਆਂ ਤੋਂ ਜਾਰੀ ਪੱਕੇ ਧਰਨੇ ਵਿੱਚ ਹਿੱਸਾ ਲੈ ਰਹੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪਹੂਵਿੰਡ ਦੇ ਵਾਸੀ ਰੇਸ਼ਮ ਸਿੰਘ ਪੁੱਤਰ ਜਗਤਾਰ ਸਿੰਘ ਨੇ ਕੇਂਦਰ ਸਰਕਾਰ ਦੀ ਬੇਰੁਖੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਰੇਸ਼ਮ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਸਨ, ਜਿਸ ਤੋਂ ਬਾਅਦ ਉਸਨੂੰ ਪਹਿਲ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਾਇਆ ਗਿਆ ਸੀ। ਪਰ ਉਸਦੀ ਹਾਲਤ ਗੰਭੀਰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਰੇਸ਼ਮ ਸਿੰਘ ਦੀ ਜੇਬ੍ਹ ’ਚੋਂ ਖੁਦਕੁਸ਼ੀ ਨੋਟ ਮਿਲਿਆ ਹੈ, ਜਿਸ ਵਿਚ ਲਿਖਿਐ, ‘‘ਮੇਂ ਰੇਸ਼ਮ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਪਹੁਵਿੰਡ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਹਾਂ। ਮੈਂ ਸਮਝਦਾ ਹਾਂ ਕਿ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੂੰ ਜਗਾਉਣ ਵਾਸਤੇ ਜਾਨਾਂ ਦੇਣ ਦੀ ਲੋੜ ਹੈ। ਜਿੰਨੇ ਵੀ ਜਨਮ ਮੈਨੂੰ ਮਿਲਣਗੇ ਮੈਂ ਇਸ ਕਮੇਟੀ ਤੋਂ ਵਾਰ ਦਿਆਂਗਾ। ਇਸ ਕਰਕੇ ਸਭ ਤੋਂ ਪਹਿਲਾਂ ਮੈਂ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕਰਾਂਗਾ। ਡੱਲੇਵਾਲ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਮੈਂ ਆਪ ਜੀ ਤੋਂ ਪਹਿਲਾਂ ਆਪਣੀ ਜਾਨ ਦੀ ਕੁਰਬਾਨੀ ਦੇ ਰਿਹਾ ਹਾਂ।’’