ਪੁਲੀਸ ਮੁਕਾਬਲੇ ਵਿੱਚ ਦੋ ਨਸ਼ਾ ਤਸਕਰ ਜ਼ਖ਼ਮੀ
ਗੁਰਬਖਸ਼ਪੁਰੀ
ਤਰਨ ਤਾਰਨ, 17 ਮਾਰਚ
ਜ਼ਿਲ੍ਹਾ ਪੁਲੀਸ ਨੇ ਹਿੰਦ-ਪਾਕਿਸਤਾਨ ਸਰਹੱਦ ਨੇੜੇ ਅੱਜ ਸ਼ਾਮ ਮੁਕਾਬਲੇ ਦੌਰਾਨ ਕੌਮਾਂਤਰੀ ਪੱਧਰ ਦੇ ਨਸ਼ਾ ਤਸਕਰਾਂ ਤੇ ਹਥਿਆਰਾਂ ਦੇ ਵਪਾਰੀਆਂ ਨਾਲ ਨੇੜਲੇ ਸਬੰਧਾਂ ਵਾਲੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਐੱਸਐੱਸਪੀ ਅਭਿਮੰਨਿਊ ਰਾਣਾ ਨੇ ਅੱਜ ਇੱਥੇ ਦੱਸਿਆ ਕਿ ਦੇਰ ਸ਼ਾਮ ਸਰਹੱਦੀ ਪਿੰਡ ਬਘਿਆੜੀ ਨੇੜੇ ਸੂਹ ਮਿਲਣ ’ਤੇ ਇਲਾਕੇ ’ਚ ਮੋਟਰਸਾਈਕਲਾਂ ’ਤੇ ਘੁੰਮਦੇ ਚਾਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਛਾਪਾ ਮਾਰਿਆ ਤਾਂ ਉਨ੍ਹਾਂ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ| ਜਵਾਬੀ ਕਾਰਵਾਈ ਵਿੱਚ ਪੁਲੀਸ ਦੀ ਗੋਲੀ ਵੱਜਣ ਕਾਰਨ ਦੋ ਜਣੇ ਜ਼ਖਮੀ ਹੋ ਗਏ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ| ਐੱਸਐੱਸਪੀ ਨੇ ਦੱਸਿਆ ਕਿ ਤਸਕਰਾਂ ਦੀ ਪਛਾਣ ਵਰਿੰਦਰ ਸਿੰਘ ਉਰਫ ਵਿਜੇ ਅਤੇ ਗੁਰਜੰਟ ਸਿੰਘ ਵਾਸੀ ਭਰੋਪਾਲ (ਥਾਣਾ ਘਰਿੰਡਾ ਅੰਮ੍ਰਿਤਸਰ) ਦੇ ਤੌਰ ’ਤੇ ਕੀਤੀ ਗਈ ਹੈ ਜਦੋਂ ਕਿ ਜ਼ਖ਼ਮੀ ਹੋਣ ਵਾਲਿਆਂ ਵਿੱਚ ਸਤਨਾਮ ਸਿੰਘ ਸਾਗਰ ਵਾਸੀ ਬਾਸਰਕੇ ਗਿਲਾਂ ਸੰਨ ਸਾਹਿਬ ਅਤੇ ਜਸ਼ਨਪ੍ਰੀਤ ਸਿੰਘ ਵਾਸੀ ਘਰਿੰਡਾ (ਅੰਮ੍ਰਿਤਸਰ) ਦੇ ਤੌਰ ’ਤੇ ਕੀਤੀ ਗਈ ਹੈ| ਉਨ੍ਹਾਂ ਦੀਆਂ ਲੱਤਾਂ ’ਤੇ ਗੋਲੀਆਂ ਲੱਗੀਆਂ ਹਨ| ਜ਼ਖਮੀਆਂ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ|
ਐੱਸਐੱਸਪੀ ਨੇ ਦੱਸਿਆ ਕਿ ਸਮਗਲਰਾਂ ਤੋਂ 3 ਗੈਰਕਾਨੂੰਨੀ ਨਜਾਇਜ਼ ਹਥਿਆਰ, ਕਈ ਕਾਰਤੂਸ, 7 ਕਿਲੋ ਅਫੀਮ, ਇਕ ਲੱਖ ਰੁਪਏ ਡਰੱਗ ਮਨੀ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ| ਇਸ ਸਬੰਧੀ ਝਬਾਲ ਪੁਲੀਸ ਨੇ ਐਨ ਡੀ ਪੀ ਅਤੇ ਅਸਲਾ ਐਕਟ ਦੀ ਆਦਿ ਦੀਆਂ ਧਾਰਾਵਾਂ ਅਧੀਨ ਇਕ ਕੇਸ ਦਰਜ ਕੀਤਾ ਹੈ|