ਪਿੰਡ ਦਿਆਲਪੁਰਾ ’ਤੇ ਦੋ ਜ਼ਿਲ੍ਹੇ, ਦੋ ਵਿਧਾਨ ਸਭਾ ਤੇ ਦੋ ਲੋਕ ਸਭਾ ਹਲਕੇ ‘ਦਿਆਲ’
ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ 18 ਜੁਲਾਈ
ਕੌਮੀ ਸ਼ਾਹ ਮਾਰਗ ’ਤੇ ਕਰਤਾਰਪੁਰ ਨੇੜੇ ਪਿੰਡ ਦਿਆਲਪੁਰ ਦੋ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਦਿਆਲਪੁਰ ਨੂੰ ਰਿਆਸਤੀ ਅਤੇ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਦਿਆਲਪੁਰ ਨੂੰ ਅੰਗ੍ਰੇਜ਼ੀ ਦਿਆਲਪੁਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਦੋ ਜ਼ਿਲਿਆਂ ਵਿੱਚ ਵੰਡਿਆ ਹੋਣ ਕਾਰਨ ਇਸ ਪਿੰਡ ਨੂੰ ਦੋ ਲੋਕ ਸਭਾ ਹਲਕੇ ਜਲੰਧਰ ਅਤੇ ਹੁਸ਼ਿਆਰਪੁਰ ਲੱਗਦੇ ਹਨ। ਇਸੇ ਤਰ੍ਹਾਂ ਦੋ ਵਿਧਾਨ ਸਭਾ ਹਲਕੇ ਕਰਤਾਰਪੁਰ ਅਤੇ ਤੁਲਹੱਥ ਲੱਗਦੇ ਹਨ।
ਜ਼ਿਲ੍ਹਾ ਕਪੂਰਥਲਾ ਵਾਲੇ ਦਿਆਲਪੁਰ ਵਿਚਲੇ ਲੜਕੀਆਂ ਦੇ ਸਰਕਾਰੀ ਸਕੂਲ ਨੂੰ ਜਾਣ ਲਈ ਜਲੰਧਰ ਅਤੇ ਕਪੂਰਥਲਾ ਵਿੱਚੋਂ ਦੋ ਰਸਤੇ ਲੱਗਦੇ ਹਨ। ਇਸ ਪਿੰਡ ਵਿੱਚ ਕੁਝ ਘਰ ਅਜਿਹੇ ਹਨ ਜਨਿ੍ਹਾਂ ਦਾ ਇੱਕ ਦਰਵਾਜ਼ਾ ਜ਼ਿਲ੍ਹਾ ਜਲੰਧਰ ਅਤੇ ਦੂਸਰਾ ਦਰਵਾਜਾ ਜ਼ਿਲ੍ਹਾ ਕਪੂਰਥਲਾ ਵਿੱਚ ਖੁਲ੍ਹਦਾ ਹੈ।
ਜ਼ਿਲ੍ਹਾ ਜਲੰਧਰ ਵਿੱਚ ਆਉਂਦੇ ਪਿੰਡ ਦਿਆਲਪੁਰ ਦੇ ਸਰਪੰਚ ਰਜਿੰਦਰ ਸਿੰਘ ਰਾਜਾ ਨੇ ਦੱਸਿਆ ਕਿ ਸਾਡੇ ਪਿੰਡ ਭਾਵੇਂ ਦੋ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ। ਇਸ ਦੇ ਬਾਵਜੂਦ ਦੋਨਾਂ ਪਿੰਡਾਂ ਵਿੱਚ ਆਪਸੀ ਭਾਈਚਾਰਾ ਅਤੇ ਸਾਂਝ ਬਰਕਰਾਰ ਹੈ।
ਜ਼ਿਲਾ ਕਪੂਰਥਲਾ ਵਿਚਲੇ ਦਿਆਲਪੁਰ ਦਾ ਏਰੀਆ ਜ਼ਿਆਦਾ ਹੋਣ ਕਾਰਨ ਉਥੇ ਦੋ ਪੰਚਾਇਤਾਂ ਹਨ ਜਨਿ੍ਹਾਂ ਵਿਚੋਂ ਇੱਕ ਪਿੰਡ ਨੂੰ ਦਿਆਲਪੁਰ ਅਤੇ ਦੂਸਰੇ ਪਿੰਡ ਨੂੰ ਨਵਾਂ ਦਿਆਲਪੁਰ ਵਜੋਂ ਮਾਲ ਮਹਿਕਮੇ ਵਿੱਚ ਜਾਣਿਆ ਜਾਂਦਾ ਹੈ। ਜ਼ਿਲ੍ਹਾ ਜਲੰਧਰ ਵਾਲੇ ਦਿਆਲਪੁਰ ਵਿੱਚ ਵਿਕਾਸ ਲਈ ਸਰਪੰਚ ਰਾਜਿੰਦਰ ਸਿੰਘ ਰਾਜਾ ਦੇ ਯਤਨਾਂ ਨਾਲ ਪਰਵਾਸੀ ਭਾਰਤੀਆਂ ਨੇ ਖੁੱਲ੍ਹੇ ਦਿਲ ਨਾਲ ਵਿਕਾਸ ਸ਼ੁਰੂ ਕੀਤੇ ਹੋਏ ਹਨ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਕਪੂਰਥਲਾ ਵਾਲੇ ਦਿਆਲਪੁਰ ਦੇ ਮੈਂਬਰ ਪਾਰਲੀਮੈਂਟ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਜ਼ਿਲ੍ਹਾ ਜਲੰਧਰ ਵਾਲੇ ਦਿਆਲਪੁਰ ਦੇ ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਹਨ।
ਇਸ ਸਬੰਧੀ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਪਿੰਡ ਦਿਆਲਪੁਰ ਦੇ ਵਿਕਾਸ ਲਈ ਪੂਰੀ ਵਾਹ ਲਗਾਈ ਜਾਵੇਗੀ। ਜ਼ਿਲ੍ਹਾ ਕਪੂਰਥਲਾ ਅਧੀਨ ਪੈਂਦੇ ਪਿੰਡ ਦਿਆਲਪੁਰ ਅਤੇ ਨਵਾਂ ਦਿਆਲਪੁਰ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਲੋੜ ਮੁਤਾਬਿਕ ਗਰਾਂਟਾਂ ਦੇ ਕੇ ਵਿਕਾਸ ਕੀਤਾ ਜਾਵੇਗਾ।