ਮੁਕਤਸਰ ਦੇ ਦੋ ਸ਼ਰਧਾਲੂਆਂ ਦੀ ਸੜਕ ਹਾਦਸੇ ’ਚ ਮੌਤ, ਤਿੰਨ ਜ਼ਖ਼ਮੀ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 14 ਅਪਰੈਲ
ਮੁਕਤਸਰ ਤੋਂ ਰਾਜਸਥਾਨ ਦੇ ਧਾਰਮਿਕ ਅਸਥਾਨ ਸਾਲਾਸਰ ਵਿਖੇ ‘ਡਾਕ ਧਵਜ’ ਲੈ ਕੇ ਜਾ ਰਹੇ ਮੁਕਤਸਰ ਦੇ ਦੋ ਸ਼ਰਧਾਲੂਆਂ ਦੀ ਰਾਵਤਸਰ ਸ਼ਹਿਰ ਨੇੜੇ ਸੜਕ ਹਾਦਸੇ ’ਚ ਮੌਤ ਹੋ ਗਈ ਹੈ ਜਦੋਂ ਕਿ ਤਿੰਨ ਸ਼ਰਧਾਲੂ ਜ਼ਖਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਰਾਤ ਨੂੰ ਮੁਕਤਸਰ ਤੋਂ ਕੁਝ ਸ਼ਰਧਾਲੂ ਡਾਕ ਧਵਜ ਲੈ ਕੇ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਪੈਦਲ ਨਿਕਲੇ ਸਨ। ਉਹ ਸੋਮਵਾਰ ਸਵੇਰੇ ਕਰੀਬ ਚਾਰ ਵਜੇ ਧਨਾਸਰ ਅਤੇ ਰਾਵਤਸਰ ਵਿਚਕਾਰ ਜਾ ਰਹੇ ਸਨ ਕਿ ਧਵਜ ਦੀ ਅਦਲਾ-ਬਦਲੀ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਆਈ ਅਤੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਹਾਦਸੇ ’ਚ ਕਪਿਲ ਅਰੋੜਾ (40) ਵਾਸੀ ਤਿਲਕ ਨਗਰ ਸ੍ਰੀ ਮੁਕਤਸਰ ਸਾਹਿਬ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਜੰਡੋਕੇ ਦੇ ਸਰਕਾਰੀ ਅਧਿਆਪਕ ਅਸ਼ੋਕ ਕੁਮਾਰ (45) ਵਾਸੀ ਭੱਠੇਵਾਲੀ ਗਲੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਮਲੋਟ ਹਸਪਤਾਲ ਲਿਆਂਦਾ ਗਿਆ, ਜਿਥੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਹਾਦਸੇ ’ਚ ਜ਼ਖ਼ਮੀ ਹੋਏ ਤਿੰਨ ਹੋਰ ਲੋਕਾਂ ਵਿੱਚੋਂ ਬਾਗਵਾਲੀ ਗਲੀ ਦਾ ਰਹਿਣ ਵਾਲਾ ਸੁਨੀਲ ਬਠਿੰਡਾ ਵਿਚ ਦਾਖਲ ਹੈ ਅਤੇ ਬਾਕੀ ਦੋ ਜਣੇ ਸਥਾਨਕ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਹਨ। ਮ੍ਰਿਤਕ ਅਸ਼ੋਕ ਦਾ ਪੰਜ ਸਾਲ ਦਾ ਪੁੱਤਰ ਅਤੇ ਢਾਈ ਸਾਲ ਦੀ ਧੀ ਹੈ ਜਦੋਂਕਿ ਕਪਿਲ ਦਾ ਇੱਕ ਪੰਜ ਸਾਲ ਦਾ ਬੱਚਾ ਹੈ। ਇਸ ਹਾਦਸੇ ਕਾਰਨ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।