‘ਵਿਦੇਸ਼ੀ ਮੀਡੀਆ ’ਚ ਭਾਰਤ ਦੀ ਕਵਰੇਜ ਦਾ ਮੁਲਾਂਕਣ’ ਵਿਸ਼ੇ ’ਤੇ ਦੋ ਰੋਜ਼ਾ ਸੈਮੀਨਾਰ ਸਮਾਪਤ
ਪੱਤਰ ਪ੍ਰੇਰਕ
ਬਠਿੰਡਾ, 18 ਨਵੰਬਰ
ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ ‘ਵਿਦੇਸ਼ੀ ਮੀਡੀਆ ਵਿੱਚ ਭਾਰਤ ਦੀ ਕਵਰੇਜ ਦਾ ਮੁਲਾਂਕਣ’ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਸਮਾਪਤ ਹੋ ਗਿਆ। ਇਸ ਸਮਾਗਮ ਵਿੱਚ ਸਿੱਖਿਆ ਅਤੇ ਮੀਡੀਆ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਨਾਲ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਭਾਗੀਦਾਰਾਂ ਨੇ ਸੈਮੀਨਾਰ ਦੇ ਵੱਖ-ਵੱਖ ਉਪ-ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ, ਜਿਸ ਵਿੱਚ ਪੱਖਪਾਤ ਨੂੰ ਸਮਝਣ ਅਤੇ ਵਿਰੋਧੀ ਰਣਨੀਤੀਆਂ ਬਣਾਉਣ ਲਈ ਵਿਦੇਸ਼ੀ ਮੀਡੀਆ ਵਿੱਚ ਭਾਰਤ ਦੀ ਕਵਰੇਜ ਦਾ ਮੁਲਾਂਕਣ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਡੀਨ ਇੰਚਾਰਜ ਅਕਾਦਮਿਕ ਪ੍ਰੋ. ਆਰ.ਕੇ. ਵਸੀਰਿਕਾ ਨੇ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਕੋਆਰਡੀਨੇਟਰ ਡਾ: ਰੂਬਲ ਕਨੌਜੀਆ ਨੇ ਦੱਸਿਆ ਕਿ ਇਸ ਰਾਸ਼ਟਰੀ ਸੈਮੀਨਾਰ ਵਿੱਚ ਕਰਵਾਏ ਗਏ ਤਿੰਨ ਤਕਨੀਕੀ ਸੈਸ਼ਨਾਂ ਵਿੱਚ ਅਧਿਆਪਕਾਂ ਅਤੇ ਖੋਜਾਰਥੀਆਂ ਵੱਲੋਂ 29 ਖੋਜ ਪੱਤਰ ਪੇਸ਼ ਕੀਤੇ ਗਏ। ਸਮਾਪਤੀ ਸੈਸ਼ਨ ਵਿੱਚ ਕੁਸ਼ਾਭਾਊ ਠਾਕਰੇ ਨੈਸ਼ਨਲ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਯੂਨੀਵਰਸਿਟੀ, ਰਾਏਪੁਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਬਲਦੇਵ ਭਾਈ ਸ਼ਰਮਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।