ਨਰਿੰਦਰਦੀਪ ਮਾਮਲਾ: ਇਨਸਾਫ ਦੀ ਮੰਗ ਲਈ ਪਰਿਵਾਰ ਅਤੇ ਜਥੇਬੰਦੀਆਂ ਵੱਲੋਂ ਐੱਸਐੱਸਪੀ ਦਫ਼ਤਰ ਅੱਗੇ ਧਰਨਾ
03:53 PM Jun 05, 2025 IST
Advertisement
ਮਨੋਜ ਸ਼ਰਮਾ
ਬਠਿੰਡਾ, 5 ਜੂਨ
ਨਰਿੰਦਰਦੀਪ ਸਿੰਘ ਹਿਰਾਸਤੀ ਕਤਲ ਵਿਰੋਧੀ ਐਕਸ਼ਨ ਕਮੇਟੀ ਦੇ ਸੱਦੇ ’ਤੇ ਅੱਜ ਸ਼ਹਿਰੀ ਦੁਕਾਨਦਾਰ, ਕਿਸਾਨ, ਮਜ਼ਦੂਰ, ਵਿਦਿਆਰਥੀ ਨੌਜਵਾਨ ਅਤੇ ਔਰਤਾਂ ਵੱਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਐੱਸਐੱਸਪੀ ਦਫਤਰ ਬਠਿੰਡਾ ਅੱਗੇ ਧਰਨਾ ਦਿੱਤਾ ਗਿਆ।
ਇਸ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ 23 ਮਈ ਨੂੰ ਸੀਆਈਏ ਸਟਾਫ਼ ਬਠਿੰਡਾ-2 ਵੱਲੋਂ ਹਿਰਾਸਤ ਵਿੱਚ ਕਤਲ ਕੀਤੇ ਗੋਨਿਆਣਾ ਮੰਡੀ ਦੇ ਅਧਿਆਪਕ ਨਰਿੰਦਰਦੀਪ ਦੇ ਕਤਲ ਦੀ ਉੱਚ ਪੱਧਰੀ ਸਮਾਂਬੱਧ ਅਦਾਲਤੀ ਜਾਂਚ ਕਰਾਈ ਜਾਵੇ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਪੁਲੀਸ ਮੁਲਾਜ਼ਮਾਂ ’ਤੇ ਕਤਲ ਦਾ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਨਰਿੰਦਰਦੀਪ ਦੀ ਪਤਨੀ ਨੂੰ ਸਰਕਾਰੀ ਨੌਕਰੀ, ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।
ਬੁਲਾਰਿਆਂ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਯੁੱਧ ਛੇੜਨ ਦੇ ਨਾਹਰੇ ਹੇਠ ਆਮ ਲੋਕਾਂ ’ਚ ਪੁਲਿਸ ਦੀ ਦਹਿਸ਼ਤ ਪੈਦਾ ਕਰਨ ਦੇ ਖੋਟੇ ਮਨਸੂਬੇ ਪੂਰੀ ਤਰ੍ਹਾਂ ਜੱਗ ਜ਼ਾਹਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਰਿੰਦਰਦੀਪ ਸਿੰਘ ਦੀ ਪੁਲੀਸ ਹਿਰਾਸਤ ਚ ਮੌਤ ਦੇ ਦੋ ਹਫ਼ਤੇ ਬੀਤਣ ਦੇ ਬਾਵਜੂਦ ਅਜੇ ਤੱਕ ਵੀ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ ਗਿਆ। ਬਲਕਿ ਮੁੱਖ ਮੰਤਰੀ ਵੱਲੋਂ ਦੋ ਦਿਨ ਬਠਿੰਡਾ ’ਚ ਰਹਿਣ ਦੇ ਬਾਵਜੂਦ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਨਾ ਪ੍ਰਗਟ ਕੀਤੇ ਜਾਣ ’ਤੇ ਕਾਤਲਾਂ ਦੀ ਪਿੱਠ ਥਾਪੜਣ ਦੇ ਦੋਸ਼ ਵੀ ਲਾਏ।
Advertisement
Advertisement