ਚੰਡੀਗੜ੍ਹ ’ਚ ਦੋ ਰੋਜ਼ਾ ਮਿਲਟਰੀ ਲਿਟਰੇਚਰ ਫੈਸਟੀਵਲ ਅੱਜ ਤੋਂ
ਆਤਿਸ਼ ਗੁਪਤਾ
ਚੰਡੀਗੜ੍ਹ, 29 ਨਵੰਬਰ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਸੁਖਨਾ ਝੀਲ ’ਤੇ ਲੇਕ ਸਪੋਰਟਸ ਕੰਪਲੈਕਸ ਵਿੱਚ ਦੋ ਰੋਜ਼ਾ ਅੱਠਵਾਂ ਮਿਲਟਰੀ ਲਿਟਰੇਚਰ ਫੈਸਟੀਵਲ 30 ਨਵੰਬਰ ਤੋਂ ਸ਼ੁਰੂ ਹੋਵੇਗਾ। ਫੈਸਟੀਵਲ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਸਵੇਰੇ 10 ਵਜੇ ਕੀਤਾ ਜਾਵੇਗਾ।
ਸਮਾਗਮ ਵਿੱਚ ਚੰਡੀਗੜ੍ਹ ਦੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਅਤੇ ਪੱਛਮੀ ਆਰਮੀ ਕਮਾਂਡ ਦੇ ਕਮਾਡੈਂਟ ਮਨੋਜ ਕੁਮਾਰ ਕਤਿਆਰ ਵੀ ਮੌਜੂਦ ਰਹਿਣਗੇ। ਮਿਲਟਰੀ ਲਿਟਰੇਚਰ ਫੈਸਟੀਵਲ ਆਰਗੇਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਲੈਫਟੀਨੈਂਟ ਜਨਰਲ ਟੀਐੱਸ ਸ਼ੇਰਗਿੱਲ ਨੇ ਕਿਹਾ ਕਿ 30 ਨਵੰਬਰ ਤੇ 1 ਦਸੰਬਰ ਨੂੰ ਹੋਣ ਵਾਲਾ ਮਿਲਟਰੀ ਲਿਟਰੇਚਰ ਫੈਸਟੀਵਲ 1999 ਦੀ ਕਾਰਗਿਲ ਜੰਗ ਦੀ 25ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ। ਮਿਲਟਰੀ ਲਿਟਰੇਚਰ ਫੈਸਟੀਵਲ ਵਿੱਚ ਮਾਹਿਰਾਂ ਵੱਲੋਂ ਕੌਮਾਂਤਰੀ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਵਿੱਚ ਰੂਸ, ਚੀਨ, ਉੱਤਰੀ ਕੋਰੀਆ ਤੇ ਇਰਾਨ ਦੀ ਭੂਗੋਲਿਕ ਸਥਿਤੀ ਦਾ ਭਾਰਤ ’ਤੇ ਅਸਰ, ਬੰਗਲਾਦੇਸ਼ ਤੇ ਮਨੀਪੁਰ ਵਿੱਚ ਟਕਰਾਅ ਕਰਕੇ ਭਾਰਤੀ ਸੁਰੱਖਿਆ ’ਤੇ ਪੈ ਰਹੇ ਅਸਰ ਅਤੇ ਜ਼ਮਹੂਰੀ ਦੇਸ਼ਾਂ ਦੀ ਕੌਮੀ ਸੁਰੱਖਿਆ ਨੀਤੀ ਬਾਰੇ ਚਰਚਾ ਕਰਵਾਈ ਜਾਵੇਗੀ। ਫੈਸਟੀਵਲ ਦੇ ਦੂਜੇ ਦਿਨ ਪਰਵੀਨ ਸਾਹਨੀ ਵੱਲੋਂ ਚੀਨੀ ਫੌਜ ਦੀ ਮੌਜੂਦਾ ਸਥਿਤੀ ਤੇ ਭਵਿੱਖ ਦੀਆਂ ਰਣਨੀਤੀਆਂ ਬਾਰੇ ਵਿਚਾਰ ਸਾਂਝੇ ਕੀਤੇ ਜਾਣਗੇ। ਫੈਸਟੀਵਲ ਵਿੱਚ ਫੌਜ ਦੇ ਹਥਿਆਰਾਂ ਦੀ ਪ੍ਰਦਰਸ਼ਨੀ, ਨੌਜਵਾਨਾਂ ਵਿੱਚ ਦੇਸ਼ ਭਗਤੀ ਨੂੰ ਉਤਸ਼ਾਹਿਤ ਕਰਨ ਵਾਲੀਆਂ ਫ਼ਿਲਮਾਂ ਤੇ ਫੌਜ ਦੇ ਇਤਿਹਾਸ ਨਾਲ ਜੁੜੀ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। ਇਸ ਮੌਕੇ ਭਾਰਤੀ ਫੌਜ ਵੱਲੋਂ ਘੋੜਿਆਂ ਦਾ ਸ਼ੋਅ ਅਤੇ ਡਾਗ ਸ਼ਾਅ ਮੁੱਖ ਤੌਰ ’ਤੇ ਖਿੱਚ ਦਾ ਕੇਂਦਰ ਰਹੇਗਾ। ਉਨ੍ਹਾਂ ਕਿਹਾ ਕਿ ਅਜਿਹੇ ਫੈਸਟੀਵਲ ਨੌਜਵਾਨਾਂ ਵਿੱਚ ਭਾਰਤੀ ਫੌਜ ਪ੍ਰਤੀ ਸਨਮਾਨ ਅਤੇ ਦੇਸ਼ ਪ੍ਰੇਮ ਦੀ ਭਾਵਨਾ ਨੂੰ ਪੈਦਾ ਕਰਦੇ ਹਨ।