ਕਾਂਗਰਸ ਨੇ 2026 ਦੀਆਂ ਨਗਰ ਨਿਗਮ ਚੋਣਾਂ ਦੀ ਤਿਆਰੀ ਵਿੱਢੀ
ਆਤਿਸ਼ ਗੁਪਤਾ
ਚੰਡੀਗੜ੍ਹ, 29 ਨਵੰਬਰ
ਚੰਡੀਗੜ੍ਹ ਕਾਂਗਰਸ ਨੇ ਦੋ ਸਾਲ ਪਹਿਲਾਂ ਹੀ ਸਾਲ 2026 ਦੀਆਂ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ। ਅੱਜ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਸੈਕਟਰ-35 ਵਿੱਚ ਸਥਿਤ ਚੰਡੀਗੜ੍ਹ ਕਾਂਗਰਸ ਦੇ ਦਫ਼ਤਰ ਵਿੱਚ ਪਾਰਟੀ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਚੰਡੀਗੜ੍ਹ ਕਾਂਗਰਸ ਦੇ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਨੇ ਸਾਰਿਆਂ ਨੂੰ ਦਸੰਬਰ 2026 ਵਿੱਚ ਹੋਣ ਵਾਲੀਆਂ ਨਿਗਮ ਚੋਣਾਂ ਦੀਆਂ ਤਿਆਰੀਆਂ ਹੁਣੇ ਤੋਂ ਕਰਨ ਦੀ ਅਪੀਲ ਕੀਤੀ।
ਸ੍ਰੀ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਭਾਜਪਾ ਨੇ ਅੱਠ ਸਾਲਾਂ ਵਿੱਚ ਭ੍ਰਿਸ਼ਟਾਚਾਰ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ ਹੈ। ਇਸ ਸਮੇਂ ਦੌਰਾਨ ਸ਼ਹਿਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਗਿਆ ਜਦੋਂਕਿ ਨਗਰ ਨਿਗਮ ਦਾ ਖਜ਼ਾਨਾ ਵੀ ਖਾਲੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਤੇ ‘ਆਪ’ ਗੱਠਜੋੜ ਦੇ ਮੇਅਰ ਦੀ ਅਗਵਾਈ ਹੇਠ ਨਗਰ ਨਿਗਮ ਨੂੰ 8 ਸਾਲਾਂ ਵਿੱਚ ਹੋਏ ਮਾੜੇ ਕੰਮਾਂ ਦਾ ਭੁਗਤਾਨ ਕਰਨਾ ਪੈ ਰਿਹਾ ਹੈ ਪਰ ਕਾਂਗਰਸ ਤੇ ‘ਆਪ’ ਗੱਠਜੋੜ ਵੱਲੋਂ ਸਾਂਝੇ ਤੌਰ ’ਤੇ ਸ਼ਹਿਰ ਦੇ ਵਿਕਾਸ ਲਈ ਯਤਨ ਕੀਤੇ ਜਾਣਗੇ।
ਇਸੇ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ ਨੂੰ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਹੁਣੇ ਤੋਂ ਮੁਹਿੰਮ ਚਲਾਈ ਜਾਵੇ। ਇਸ ਦੌਰਾਨ ਲੋਕਾਂ ਨੂੰ ਭਾਜਪਾ ਦੇ 8 ਸਾਲਾਂ ਦੇ ਮਾੜੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸਾਲ 2014 ਤੋਂ ਹੀ ਲੋਕਾਂ ਨੂੰ ਮੈਟਰੋ ਦੇ ਨਾਮ ’ਤੇ ਵਰਗਲਾਇਆ ਜਾ ਰਿਹਾ ਹੈ ਜਦੋਂਕਿ ਹਾਲੇ ਤੱਕ ਮੈਟਰੋ ਨੂੰ ਸਿਧਾਂਤਕ ਤੌਰ ’ਤੇ ਮਨਜ਼ੂਰੀ ਨਹੀਂ ਦਿੱਤਾ ਜਾ ਸਕੀ ਹੈ। ਸ੍ਰੀ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੇ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਸਫ਼ਾਇਆ ਕਰ ਕੇ ਕਾਂਗਰਸ ਦੇ ਹੱਕ ਵਿੱਚ ਪਹਿਰਾ ਦੇ ਦਿੱਤਾ ਹੈ। ਹੁਣ ਕਾਂਗਰਸ ਪਾਰਟੀ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਬੂਥ ਪੱਧਰ ’ਤੇ ਮੈਂਬਰਸ਼ਿਪ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਚੰਡੀਗੜ੍ਹ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਿਆ ਜਾਵੇਗਾ।