ਦੋ ਰੋਜ਼ਾ ਮਿਲਟਰੀ ਲਿਟ ਫੈਸਟ 30 ਨਵੰਬਰ ਤੋਂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਨਵੰਬਰ
ਮਿਲਟਰੀ ਲਿਟਰੇਚਰ ਫੈਸਟੀਵਲ (ਐੱਮਐੱਲਐੱਫ) ਦਾ 8ਵਾਂ ਅਡੀਸ਼ਨ 30 ਨਵੰਬਰ ਤੋਂ 1 ਦਸੰਬਰ ਤੱਕ ਚੰਡੀਗੜ੍ਹ ’ਚ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਾਰ ਐੱਮਐੱਲਐੱਫ ਦਾ ਮੁੱਖ ਵਿਸ਼ਾ ‘ਪਰਮਾਣੂ ਖਤਰੇ ਹੇਠ ਜੰਗਾਂ’ (ਵਾਰਜ਼ ਅੰਡਰ ਦਿ ਨਿਊਕਲੀਅਰ ਅੰਬਰੇਲਾ) ਰੱਖਿਆ ਗਿਆ ਹੈ। ਐੱਮਐੱਲਐੱਫ ਦੇ ਤਕਨੀਕੀ ਸੈਸ਼ਨ ਦੌਰਾਨ ਭਾਰਤ ਤੇ ਪੱਛਮ ’ਤੇ ਰੂਸ-ਚੀਨ-ਉੱਤਰੀ ਕੋਰੀਆ-ਇਰਾਨ ਗੱਠਜੋੜ ਦਾ ਪ੍ਰਭਾਵ, ਰੂਸ-ਯੂਕਰੇਨ ਜੰਗ, ਭਾਰਤ, ਪਾਕਿਸਤਾਨ ਤੇ ਚੀਨ ਦੇ ਸਬੰਧ ’ਚ ਆਧੁਨਿਕ ਜੰਗ ਦੇ ਖੇਤਰ, ਭਾਰਤ-ਮੱਧ ਪੂਰਬ-ਯੂਰਪ ਆਰਥਿਕ ਗਲਿਆਰਾ ਤੇ ਗਾਜ਼ਾ ਜੰਗ ਬਾਰੇ ਚਰਚਾ ਹੋਵੇਗੀ। ਐੱਮਐੱਲਐੱਫ ਐਸੋਸੀਏਸ਼ਨ ਦੇ ਸਕੱਤਰ ਬ੍ਰਿਗੇਡੀਅਰ (ਸੇਵਾਮੁਕਤ) ਜੇਐੱਸ ਅਰੋੜਾ ਨੇ ਦੱਸਿਆ ਕਿ ਇਸ ਦੌਰਾਨ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਲੇ ਮੌਜੂਦਾ ਹਾਲਾਤ, ਮਿਆਂਮਾਰ, ਬੰਗਲਾਦੇਸ਼ ਤੇ ਮਨੀਪੁਰ ’ਚ ਤਤਕਾਲੀ ਸਥਿਤੀ ਅਤੇ ਜਮਹੂਰੀ ਮੁਲਕਾਂ ’ਚ ਸੁਰੱਖਿਆ ਨੀਤੀਆਂ ’ਤੇ ਵਿਚਾਰ-ਚਰਚਾ ਹੋਵੇਗੀ। ਐੱਮਐੱਲਐੱਫ ਦੌਰਾਨ ਹਥਿਆਰਾਂ ਦੀ ਪ੍ਰਦਰਸ਼ਨੀ, ਪੁਸਤਕ ਸਮੀਖਿਆ, ਡੌਗ ਸ਼ੋਅ, ਜੰਗ ਆਧਾਰਿਤ ਫਿਲਮਾਂ, ਫੌਜੀ ਡਾਕਟ ਟਿਕਟਾਂ ਦੀ ਪ੍ਰਦਰਸ਼ਨੀ, ਖੇਤਰੀ ਨ੍ਰਿਤ ਤੇ ਬਹਾਦਰੀ ਪੁਰਸਕਾਰ ਜੇਤੂਆਂ ਨਾਲ ਗੱਲਬਾਤ ਖਿੱਚ ਦਾ ਕੇਂਦਰ ਹੋਵੇਗੀ।