‘ਇੰਡੀਆ’ ਦੀ ਦੋ ਰੋਜ਼ਾ ਮੀਟਿੰਗ 31 ਅਗਸਤ ਤੋਂ
ਮੁੰਬਈ, 5 ਅਗਸਤ
ਊਧਵ ਠਾਕਰੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਦੇ ਰਾਜ ਸਭਾ ਮੈਂਬਰ ਸੰਜੈ ਰਾਊਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਇੱਥੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ 31 ਅਗਸਤ ਤੇ 1 ਸਤੰਬਰ ਨੂੰ ਹੋਣ ਵਾਲੀ ਤੀਜੀ ਮੀਟਿੰਗ ਦੀ ਮੇਜ਼ਬਾਨੀ ਕਰੇਗੀ। ਇਸ ਸਬੰਧੀ ਇੱਥੇ ਮਹਾ ਵਿਕਾਸ ਅਘਾੜੀ (ਐੱਮਵੀਏ) ਦੀ ਮੀਟਿੰਗ ਤੋਂ ਬਾਅਦ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਸ਼ਿਵ ਸੈਨਾ (ਯੂਬੀਟੀ) ਦੇ ਨੇਤਾ ਊਧਵ ਠਾਕਰੇ ਇੱਥੇ ਮੀਟਿੰਗ ’ਚ ਸ਼ਾਮਲ ਹੋ ਰਹੇ ਪੰਜ ਮੁੱਖ ਮੰਤਰੀਆਂ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ 31 ਅਗਸਤ ਨੂੰ ਰਾਤਰੀ ਭੋਜ ਦੇਣਗੇ। ਉਨ੍ਹਾਂ ਕਿਹਾ ਕਿ ਮੁੰਬਈ ਦੇ ਨੀਮ ਸ਼ਹਿਰੀ ਖੇਤਰ ਸਥਿਤ ਗਰੈਂਡ ਹਯਾਤ ਹੋਟਲ ’ਚ 31 ਅਗਸਤ ਦੀ ਸ਼ਾਮ ਨੂੰ ਮੀਟਿੰਗ ਹੋਵੇਗੀ ਜਦਕਿ ਅਗਲੇ ਦਿਨ ਸਵੇਰੇ 10 ਵਜੇ ਮੀਟਿੰਗ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਪੱਤਰਕਾਰ ਸੰਮੇਲਨ ਹੋਵੇਗਾ। ਉਨ੍ਹਾਂ ਕਿਹਾ ਕਿ ਐਮਵੀਏ ਨੇਤਾ ਮੀਟਿੰਗ ’ਚ ਹਿੱਸਾ ਲੈਣ ਲਈ ਮੁੰਬਈ ਪਹੁੰਚ ਰਹੇ ਕਾਂਗਰਸ ਆਗੂ ਰਾਹੁਲ ਗਾਂਧੀ ਸਮੇਤ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਸੁਰੱਖਿਆ ਤੇ ਹੋਰ ਸਹਿਯੋਗ ਲਈ ਸੂਬਾ ਸਰਕਾਰ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ, ‘ਮੀਟਿੰਗ ’ਚ ਸ਼ਾਮਲ ਹੋਏ ਐੱਮਵੀਏ ਆਗੂਆਂ ਨੇ ਇਹ ਯਕੀਨੀ ਬਣਾਉਣ ਦਾ ਫ਼ੈਸਲਾ ਕੀਤਾ ਕਿ ਪਟਨਾ ਤੇ ਬੰਗਲੂਰੂ ਦੀ ਤਰ੍ਹਾਂ ਹੀ ਇੱਥੇ ਵੀ ‘ਇੰਡੀਆ’ ਦੀ ਮੀਟਿੰਗ ਕਾਮਯਾਬ ਰਹੇ।’ ਮੀਟਿੰਗ ਵਿੱਚ ਸ਼ਰਦ ਪਵਾਰ, ਜੈਅੰਤ ਪਾਟਿਲ, ਸੁਪ੍ਰਿਆ ਸੂਲੇ, ਊਧਵ ਠਾਕਰੇ, ਪ੍ਰਿਥਵੀਰਾਜ ਚੌਹਾਨ, ਅਸ਼ੋਕ ਚੌਹਾਨ ਤੇ ਨਾਨਾ ਪਟੋਲੇ ਸ਼ਾਮਲ ਹੋਏ। -ਪੀਟੀਆਈ