ਜਲੰਧਰ ’ਚ ਦੋ ਅਤੇ ਅੰਮ੍ਰਿਤਸਰ ’ਚ ਇਕ ਬੱਸ ਨੂੰ ਅੱਗ ਲੱਗੀ
ਪੱਤਰ ਪੇ੍ਰਕ
ਜਲੰਧਰ, 4 ਅਗਸਤ
ਇੱਥੋਂ ਦੇ ਪੰਜਾਬ ਰੋਡਵੇਜ਼ ਦੇ 2 ਨੰਬਰ ਡਿਪੂ ਦੀ ਵਰਕਸ਼ਾਪ ਵਿੱਚ ਵਿੱਚ ਖੜ੍ਹੀਆਂ ਦੋ ਬੱਸਾਂ ਨੂੰ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈਆਂ। ਜਾਣਕਾਰੀ ਅਨੁਸਾਰ ਅੱਜ ਸ਼ਾਮ ਦੋ ਨੰਬਰ ਡਿਪੂ ਵਿੱਚ ਅਚਾਨਕ ਭਗਦੜ ਮਚ ਗਈ ਜੱਦ ਉਥੇ ਖੜ੍ਹੀਆਂ ਦੋ ਬੱਸਾਂ ਵਿੱਚੋਂ ਧੂੰਆਂ ਉਠਦਾ ਦੇਖਿਆ ਜਿਸ ’ਤੇ ਕਰਮਚਾਰੀਆਂ ਨੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ। ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਆ ਕੇ ਅੱਗ ’ਤੇ ਕਾਬੂ ਪਾਇਆ। ਪਰ ਇਸ ਦੌਰਾਨ ਦੋ ਬੱਸਾਂ ਪੂਰੀ ਤਰ੍ਹਾਂ ਸੜ ਗਈਆਂ। ਬੱਸਾਂ ਨੂੰ ਅੱਗ ਲੱਗਣ ਬਾਰੇ ਸਮੇਂ ਸਿਰ ਪਤਾ ਲੱਗਣ ਕਾਰਨ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ ਕਿਉਂਕਿ ਘਟਨਾ ਸਮੇਂ ਵਰਕਸ਼ਾਪ ਵਿਚ 100 ਦੇ ਕਰੀਬ ਬੱਸਾਂ ਖੜ੍ਹੀਆਂ ਸਨ। ਅੱਗ ਲੱਗਣ ਦੇ ਕਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਅੰਮਿ੍ਰਤਸਰ (ਟ੍ਰਿਬਿਊਨ ਨਿਉੂਜ਼ ਸਰਵਿਸ): ਪੰਜਾਬ ਰੋਡਵੇਜ਼ ਦੀ ਇੱਕ ਬੱਸ ਨੂੰ ਬੀਤੀ ਅੱਧੀ ਰਾਤ ਨੂੰ ਅਚਨਚੇਤ ਅੱਗ ਲੱਗ ਗਈ ਅਤੇ ਅੱਗ ਲੱਗਣ ਕਾਰਨ ਬਸ ਪੂਰੀ ਤਰ੍ਹਾਂ ਨੁਕਸਾਨੀ ਗਈ। ਬੱਸ ਨੂੰ ਰਾਤ ਵੇਲੇ ਜਦੋਂ ਅੱਗ ਲੱਗੀ ਤਾਂ ਇਹ ਕਿਲਾ ਗੋਬਿੰਦਗੜ੍ਹ ਨੇੜੇ ਸਥਿਤ ਪੰਜਾਬ ਰੋਡਵੇਜ਼ ਵਰਕਸ਼ਾਪ ਵਿੱਚ ਖੜ੍ਹੀ ਸੀ। ਬੱਸ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਫਾਇਰ ਬ੍ਰਿਗੇਡ ਨੂੰ ਅੱਗ ‘ਤੇ ਕਾਬੂ ਪਾਉਣ ’ਚ ਕਰੀਬ ਇਕ ਘੰਟੇ ਦਾ ਸਮਾਂ ਲੱਗਾ। ਬੱਸ ਨੂੰ ਅੱਗ ਲੱਗਣ ਦੀ ਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅੱਗ ਲਗਾਤਾਰ ਵੱਧ ਰਹੀ ਸੀ ਅਤੇ ਨੇੜੇ ਖੜ੍ਹੀਆਂ ਹੋਰ ਬੱਸਾਂ ਤੱਕ ਫੈਲ ਸਕਦੀ ਸੀ। ਉਨ੍ਹਾ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਅੱਗ ਬੁਝਾਉ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ। ਪੰਜਾਬ ਰੋਡਵੇਜ਼ ਵਰਕਸ਼ਾਪ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਅੱਗ ਨਾਲ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਦੋ ਇਹ ਘਟਨਾ ਵਾਪਰੀ ਉਸ ਸਮੇਂ ਵਰਕਸ਼ਾਪ ‘ਚ ਲਗਪਗ 50 ਬੱਸਾਂ ਖੜ੍ਹੀਆਂ ਸਨ।