ਖਿੰਗਰਾ ਗੇਟ ਕਤਲ ਕਾਂਡ ਦਾ ਤੀਜਾ ਮੁਲਜ਼ਮ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜਲੰਧਰ, 24 ਨਵੰਬਰ
ਖਿੰਗਰਾ ਗੇਟ ਨੇੜੇ ਦੀਵਾਲੀ ਦੀ ਰਾਤ ਨੂੰ ਗੋਲੀ ਮਾਰ ਕੇ ਕਤਲ ਕੀਤੇ ਗਏ ਰਿਸ਼ਭ ਉਰਫ਼ ਬਾਦਸ਼ਾਹ ਦੇ ਕਤਲ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਤੀਜੇ ਮੁਲਜ਼ਮ ਨੂੰ ਸਾਜਨ ਸਹੋਤਾ ਵਾਸੀ ਅਜੀਤ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸਾਹਿਲ ਕਪੂਰ ਉਰਫ਼ ਮੰਨੂ ਕਪੂਰ ਢਿੱਲੋਂ, ਸਾਜਨ ਸਹੋਤਾ, ਮਾਨਵ, ਨੰਨੂ ਕਪੂਰ, ਡਾਕਟਰ ਕੋਹਲੀ, ਚਕਸ਼ਿਤ ਰੰਧਾਵਾ, ਗੱਗੀ, ਕਾਕਾ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਹੈ ਜਦਕਿ ਮੁੱਖ ਮੁਲਜ਼ਮ ਸਾਹਿਲ ਕਪੂਰ ਅਤੇ ਚਕਸ਼ਿਤ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਪਰ ਪੁਲੀਸ ਬਾਕੀਆਂ ਨੂੰ ਫੜਨ ਲਈ ਲਗਾਤਾਰ ਛਾਪੇ ਮਾਰ ਰਹੀ ਹੈ।
ਥਾਣਾ ਡਿਵੀਜ਼ਨ ਨੰਬਰ 3 ਦੇ ਐਸਐਚਓ ਅਸ਼ੋਕ ਕੁਮਾਰ ਨੇ ਪੁਸ਼ਟੀ ਕੀਤੀ ਕਿ ਇਸ ਕੇਸ ਵਿੱਚ ਸ਼ਾਮਲ ਵਿਅਕਤੀਆਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇੱਕ ਸੂਹ ’ਤੇ ਕਾਰਵਾਈ ਕਰਦਿਆਂ, ਪੁਲੀਸ ਨੇ ਸਾਜਨ ਦੀਆਂ ਹਰਕਤਾਂ ਦਾ ਪਤਾ ਲਗਾਉਣ ਲਈ ਤਕਨੀਕੀ ਸਾਧਨਾਂ ਦੀ ਵਰਤੋਂ ਕੀਤੀ ਗਈ, ਜਿਸ ਦੌਰਾਨ ਪਠਾਨਕੋਟ ਬਾਈਪਾਸ ਇਲਾਕੇ ਨੇੜੇ ਬੱਲੇ-ਬੱਲੇ ਫਾਰਮ ਨੇੜੇ ਛਾਪੇ ਮਾਰਿਆ ਗਿਆ, ਜਿੱਥੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਪੀੜਤ ਪਰਿਵਾਰ ਦੇ ਅਨੁਸਾਰ, ਸਾਜਨ ਸਹੋਤਾ ਨੇ ਘਟਨਾ ਸਮੇਂ ਕਥਿਤ ਤੌਰ ’ਤੇ ਦੋ ਪਿਸਤੌਲ ਮੁਹੱਈਆ ਕਰਵਾਏ ਸਨ, ਜਿਨ੍ਹਾਂ ਵਿੱਚੋਂ ਇੱਕ ਦੀ ਵਰਤੋਂ ਸਹਿ-ਮੁਲਜ਼ਮ ਮਨੂ ਕਪੂਰ ਨੇ ਕੀਤੀ ਸੀ। ਮਨੂ ਨੇ ਕਥਿਤ ਤੌਰ ’ਤੇ ਗੋਲੀਆਂ ਚਲਾਈਆਂ ਜਿਸ ਕਾਰਨ ਰਿਸ਼ਭ ਦੀ ਮੌਤ ਹੋ ਗਈ ਅਤੇ ਉਸਦੇ ਦੋਸਤ ਈਸ਼ੂ ਨੂੰ ਜ਼ਖਮੀ ਕਰ ਦਿੱਤਾ ਗਿਆ।