ਟਰੱਕ ਹੇਠ ਆਉਣ ਕਾਰਨ ਦੋ ਭਰਾਵਾਂ ਦੀ ਮੌਤ
ਜਗਤਾਰ ਸਮਾਲਸਰ
ਏਲਨਾਬਾਦ, 23 ਸਤੰਬਰ
ਰਾਵਤਸਰ ਕੋਲ ਪਿੰਡ ਬ੍ਰਹਮਸਰ ਨੇੇੜੇ ਅੱਜ ਸਵੇਰੇ ਹਾਈਵੇ ’ਤੇ ਪੈਦਲ ਸਾਲਾਸਰ ਜਾ ਰਹੇ ਸ਼ਰਧਾਲੂਆਂ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਪਿੰਡ ਨੀਮਲਾ ਵਾਸੀ ਦੋ ਸਕੇ ਭਰਾਵਾਂ ਦੀ ਥਾਂ ’ਤੇ ਹੀ ਮੌਤ ਹੋ ਗਈ ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਨੂੰ ਰਾਵਤਸਰ (ਰਾਜਸਥਾਨ) ਦੇ ਇੱਕ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿਥੋਂ ਗੰਭੀਰ ਹਾਲਤ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਹਨੂੰਮਾਨਗੜ੍ਹ ਲਈ ਰੈਫ਼ਰ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਮਨੋਜ ਕੁਮਾਰ ਅਤੇ ਪ੍ਰਹਿਲਾਦ ਕੁਮਾਰ ਵਜੋਂ ਦੱਸੀ ਗਈ ਹੈ।
ਰਾਵਤਸਰ ਥਾਣਾ ਇੰਚਾਰਜ ਅਰੁਣ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰ ਸਮੇਂ ਘਟਨਾ ਦੀ ਸੂਚਨਾ ਮਿਲੀ ਇੱਕ ਟਰੱਕ ਨੇ ਕੁਝ ਲੋਕਾਂ ਨੂੰ ਟੱਕਰ ਮਾਰ ਦਿੱਤੀ ਹੈ ਜਿਹੜਾ ਬਾਅਦ ਵਿੱਚ ਇੱਕ ਹੋਰ ਟਰੱਕ ਨਾਲ ਟਰਕਾ ਗਿਆ। ਉਨ੍ਹਾਂ ਦੱਸਿਆ ਕਿ ਏਲਨਾਬਾਦ ਦੇ ਪਿੰਡ ਨੀਮਲਾ ਤੋਂ ਮਨਜੀਤ (34), ਵਿਕਰਮ (30), ਮਨੋਜ ਕੁਮਾਰ (38) ਅਤੇ ਪ੍ਰਹਿਲਾਦ (40) ਪੈਦਲ ਸਾਲਾਸਰ ਜਾ ਰਹੇ ਸਨ। ਪਿੰਡ ਬ੍ਰਹਮਸਰ ਕੋਲ ਪਿੱਛੋਂ ਆ ਰਹੇ ਸੇਬਾਂ ਨਾਲ ਭਰੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਸਾਹਮਣਿਓਂ ਆ ਰਹੇ ਇੱਕ ਹੋਰ ਟਰੱਕ ਨਾਲ ਟਕਰਾ ਗਿਆ। ਹਾਦਸੇ ’ਚ ਦੋ ਸਕੇ ਭਰਾਵਾਂ ਮਨੋਜ ਅਤੇ ਪ੍ਰਹਿਲਾਦ ਨੇ ਮੌਕੇ ’ਤੇ ਦਮ ਤੋੜ ਦਿੱਤਾ ਜਦਕਿ ਮਨਜੀਤ, ਵਿਕਰਮ ਅਤੇ ਟਰੱਕ ਡਰਾਈਵਰ ਰਤਨ ਲਾਲ ਵਾਸੀ ਸਰਦਾਰ ਸ਼ਹਿਰ ਗੰਭੀਰ ਜ਼ਖ਼ਮੀ ਹੋ ਗਏ।
ਘੜਾਮ ਦੇ ਨੌਜਵਾਨ ਦੀ ਇੰਗਲੈਂਡ ’ਚ ਮੌਤ
ਦੇਵੀਗੜ੍ਹ (ਪੱਤਰ ਪ੍ਰੇਰਕ): ਛੇ ਸਾਲ ਪਹਿਲਾਂ ਕੰਮ ਦੀ ਭਾਲ ’ਚ ਇੰਗਲੈਂਡ ਗਏ ਪਿੰਡ ਘੜਾਮ ਦੇ ਨੌਜਵਾਨ ਪ੍ਰਿੰਸ ਸੰਧੂ ਦੀ ਉੱਥੇ ਲੰਘੇ ਦਿਨ ਕੰਮ ਤੋਂ ਪਰਤਦਿਆਂ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਦੀ ਖ਼ਬਰ ਸੁਣਦਿਆਂ ਹੀ ਪਿੰਡ ’ਚ ਸੋਗ ਫੈਲ ਗਿਆ। ਪ੍ਰਿੰਸ ਦੀ ਮੌਤ ’ਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਉਸ ਦੇ ਪਿਤਾ ਅਵਤਾਰ ਸਿੰਘ ਸੰਧੂ ਨਾਲ ਦੁੱਖ ਸਾਂਝਾ ਕੀਤਾ ਹੈ।