ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਸਣੇ ਦੋ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਜੂਨ
ਪੁਲੀਸ ਨੇ ਦੋ ਮਾਮਲਿਆਂ ਵਿੱਚ ਦੋ ਜਣਿਆਂ ਨੂੰ ਚੋਰੀ ਦੇ ਮੋਟਰਸਾਈਕਲ ਅਤੇ ਮੋਬਾਈਲ ਫੋਨ ਸਣੇ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਪੀਏਯੂ ਦੀ ਪੁਲੀਸ ਨੂੰ ਨਬਵੀਰ ਸਿੰਘ ਵਾਸੀ ਹੋਸਟਲ ਨੰਬਰ-8 ਗਡਵਾਸੂ ਕੈਂਪਸ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਪੀਏਯੂ ਅੰਦਰ ਸਥਿਤ ਐਸਬੀਆਈ ਨੇੜੇ ਖੜ੍ਹਾ ਕੀਤਾ ਸੀ ਜਿਸ ਨੂੰ ਕੋਈ ਵਿਅਕਤੀ ਚੋਰੀ ਕਰ ਕੇ ਲੈ ਗਿਆ। ਪੜਤਾਲ ਮਗਰੋਂ ਸਨੀ ਗਿੱਲ ਵਾਸੀ ਪੀਏਯੂ ਕੈਂਪਸ ਨੂੰ ਕਾਬੂ ਕਰ ਕੇ ਉਸ ਪਾਸੋਂ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸੇ ਤਰ੍ਹਾਂ ਸ਼ਾਸਤਰੀ ਨਗਰ ਮਾਡਲ ਟਾਊਨ ਵਾਸੀ ਵੰਦਨਾ ਨਈਅਰ ਨੇ ਦੱਸਿਆ ਕਿ ਉਸ ਦੇ ਘਰ ਇੱਕ ਅਣਪਛਾਤੇ ਨੇ ਆ ਕੇ ਦੱਸਿਆ ਕਿ ਉਹ ਸਾਫ਼-ਸਫ਼ਾਈ ਦਾ ਕੰਮ ਕਰਦਾ ਹੈ। ਉਸ ਨੇ ਵਿਸ਼ਵਾਸ ਕਰ ਕੇ ਉਸ ਨੂੰ ਆਪਣੇ ਘਰ ਦੀ ਪਾਣੀ ਵਾਲੀ ਪਾਈਪ ਠੀਕ ਕਰਵਾਉਣ ਲਈ ਘਰ ਦੇ ਅੰਦਰ ਵਾੜ ਲਿਆ। ਉਹ ਉਸ ਦੀ ਲੜਕੀ ਰਾਖੀ ਨਈਅਰ ਦਾ ਮੋਬਾਈਲ ਫੋਨ ਚੋਰੀ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਥਾਣਾ ਮਾਡਲ ਟਾਊਨ ਦੇ ਹੌਲਦਾਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਰਾਹੁਲ ਵਾਸੀ ਵਿਸ਼ਵਕਰਮਾ ਚੌਕ ਧੂਰੀ ਲਾਈਨ ਨੂੰ ਕਾਬੂ ਕਰ ਕੇ ਚੋਰੀ ਕੀਤਾ ਮੋਬਾਈਲ ਫੋਨ ਬਰਾਮਦ ਕੀਤਾ ਹੈ।