ਏਡਿਡ ਕਾਲਜਾਂ ’ਚ ਉੱਚ ਸਿੱਖਿਆ ਦੀ ਅਣਦੇਖੀ ਖ਼ਿਲਾਫ਼ ਰੋਸ
ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਸਤੰਬਰ
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ (ਪੀਸੀਸੀਟੀਯੂ) ਦੇ ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਦੇ 136 ਏਡਿਡ ਕਾਲਜਾਂ ਵਿੱਚ ਪੰਜਾਬ ਸਰਕਾਰ ਦੇ ਉੱਚ ਸਿੱਖਿਆ ਪ੍ਰਤੀ ਅਣਦੇਖੀ ਵਾਲੇ ਰਵੱਈਏ ਖ਼ਿਲਾਫ਼ ਕਾਲੇ ਬਿੱਲੇ ਲਾ ਕੇ 2 ਪੀਰੀਅਡਾਂ ਦੌਰਾਨ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਚਮਕੌਰ ਸਿੰਘ ਨੇ ਕਿਹਾ, ‘‘ਸਾਡੇ ਲਈ ਬਹੁਤ ਨਮੋਸ਼ੀ ਦਾ ਸਮਾਂ ਹੈ ਕੇ ਅੱਜ ਅਧਿਆਪਕ ਦਿਵਸ ’ਤੇ ਸਾਨੂੰ ਸਰਕਾਰਾਂ ਨੂੰ ਦੱਸਣਾ ਪੈ ਰਿਹਾ ਹੈ ਉਹ ਪੰਜਾਬ ਦੀ ਉੱਚ ਸਿੱਖਿਆ ਨੂੰ ਖਤਮ ਕਰਨ ਦੇ ਰਾਹੇ ਪੈ ਗਈਆਂ ਹਨ। ਦੋ ਵਰ੍ਹੇ ਪਹਿਲਾਂ 5 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 7ਵਾਂ ਪੇਅ ਸਕੇਲ ਲਾਗੂ ਕਰਨ ਦਾ ਐਲਾਨ ਕੀਤਾ, ਜੋ ਹਾਲੇ ਤੱਕ ਲਾਗੂ ਨਹੀਂ ਹੋਇਆ।’’ ਡਾ. ਸਿੰਘ ਨੇ ਕਿਹਾ ਕਿ ਡੀਪੀਆਈ ਦਫਤਰ ਕਾਲਜਾਂ ਦੀ ਕਾਰਗੁਜ਼ਾਰੀ ’ਤੇ ਵੀ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ, ਸਾਲਾਂ ਬੱਧੀ ਫਾਈਲਾਂ ਉਨ੍ਹਾਂ ਦੇ ਟੇਬਲਾਂ ’ਤੇ ਪਈਆਂ ਰਹਿੰਦੀਆਂ ਹਨ। ਪੰਜਾਬ ਯੂਨੀਵਰਸਿਟੀ ਏਰੀਆ ਸੈਕਟਰੀ ਡਾ. ਰਮਨ ਸ਼ਰਮਾ ਨੇ ਕਿਹਾ ਕਿ ਏਡਿਡ ਕਾਲਜਾਂ ਵਿੱਚ ਸਾਰੀਆਂ ਕਵਰਡ ਅਤੇ ਅਨਕਵਰਡ ਪੋਸਟਾਂ ਨੂੰ 95% ਗਰਾਂਟ ਅਧੀਨ ਲਿਆਉਣ ਦੀ ਲੋੜ ਹੈ ਤਾਂ ਜੋ ਪੰਜਾਬ ਦੀ ਉੱਚ ਸਿੱਖਿਆ ਬਚ ਸਕੇ ਤੇ ਸਿੱਖਿਆ ਦਾ ਮਿਆਰ ਕਾਇਮ ਰਹੇ। ਡਾ. ਵਰੁਣ ਗੋਇਲ ਨੇ ਮੰਗ ਕੀਤੀ ਕਿ ਸਰਕਾਰ 95 ਫੀਸਦ ਗਰਾਂਟ ਬਹਾਲ ਕਰੇ। ਜ਼ਿਲ੍ਹਾ ਸਕੱਤਰ ਡਾ. ਸੁੰਦਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਪ੍ਰਿੰਸੀਪਲਾਂ ਦੀ ਨਵੀਂ ਭਰਤੀ ਲਈ ਜੋ ਉਮਰ ਸੀਮਾ 60 ਤੋ 58 ਕੀਤੀ ਹੈ, ਉਹ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਸਰਕਾਰ ਨੂੰ ਇਸ ਫ਼ੈਸਲੇ ’ਤੇ ਨਜ਼ਰਸਾਨੀ ਕਰਨੀ ਚਾਹੀਦੀ ਹੈ।