ਨੌਜਵਾਨ ਦੇ ਕਤਲ ਦੇ ਦੋਸ਼ ਹੇਠ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਜੂਨ
ਦਿੱਲੀ ਪੁਲੀਸ ਨੇ ਦੱਖਣੀ ਦਿੱਲੀ ਦੇ ਨੇਬ ਸਰਾਏ ਖੇਤਰ ਵਿੱਚ ਇੱਕ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਦੇਵਰਾਜ ਅਤੇ ਆਯੂਸ਼ ਥਾਪਾ ਵਾਸੀ ਦੇਵਲੀ ਪਿੰਡ ਵਜੋਂ ਹੋਈ ਹੈ। ਰਾਜੂ ਪਾਰਕ ਇਲਾਕੇ ਦੇ ਰਹਿਣ ਵਾਲੇ 23 ਸਾਲਾ ਸਚਿਨ ਨੂੰ ਦੋ ਮੁਲਜ਼ਮਾਂ ਨੇ ਸੋਮਵਾਰ ਨੂੰ ਮਾਮੂਲੀ ਤਕਰਾਰ ਤੋਂ ਬਾਅਦ ਚਾਕੂ ਮਾਰ ਦਿੱਤਾ ਸੀ। ਚੰਦਨ ਚੌਧਰੀ, ਡਿਪਟੀ ਕਮਿਸ਼ਨਰ ਆਫ ਪੁਲੀਸ (ਦੱਖਣੀ) ਨੇ ਕਿਹਾ ਕਿ ਜਾਂਚ ਦੌਰਾਨ ਸਥਾਨਕ ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਗਏ। ਘਟਨਾ ਦੇ ਇੱਕ ਗਵਾਹ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਸਚਿਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਸ ਨੇ ਕਿਹਾ ਕਿ ਦੇਵਰਾਜ ਅਤੇ ਆਯੂਸ਼ ਨੇ ਉਸ ਨੂੰ ਚਾਕੂ ਮਾਰਿਆ ਸੀ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਖੂਨ ਨਾਲ ਲਥਪੱਥ ਕੱਪੜੇ ਅਤੇ ਹਥਿਆਰ ਬਰਾਮਦ ਹੋਏ ਹਨ। ਪੁੱਛ-ਗਿੱਛ ਦੌਰਾਨ ਪਤਾ ਲੱਗਿਆ ਦੋਵਾਂ ਵਿੱਚ ਰੰਜਿਸ਼ ਸੀ।
ਸਮਾਰਟ ਸਿਟੀ ‘ਚ ਪਿਛਲੇ ਪੰਜ ਮਹੀਨਿਆਂ ਦੌਰਾਨ 23 ਕਤਲ
ਫਰੀਦਾਬਾਦ (ਪੱਤਰ ਪ੍ਰੇਰਕ):ਇੱਥੇ ਸਮਾਰਟ ਸਿਟੀ ਵਿੱਚ ਕਤਲਾਂ ਦਾ ਗ੍ਰਾਫ਼ ਲਗਾਤਾਰ ਵੱਧ ਰਿਹਾ ਹੈ। ਪਿਛਲੇ ਪੰਜ ਮਹੀਨਿਆਂ ਵਿੱਚ ਸ਼ਹਿਰ ਵਿੱਚ 23 ਦੇ ਕਰੀਬ ਕਤਲ ਹੋ ਚੁੱਕੇ ਹਨ। ਇਸ ਨਾਲ ਲੋਕਾਂ ਦੀ ਚਿੰਤਾ ਵਧ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਲੋਕਾਂ ਦੀ ਸੁਰੱਖਿਆ ਵਿਵਸਥਾ ਕਮਜ਼ੋਰ ਹੁੰਦੀ ਜਾ ਰਹੀ ਹੈ। ਅਪਰੈਲ ਤੋਂ ਸ਼ਹਿਰ ਵਿੱਚ ਅਚਾਨਕ ਕਤਲ ਦੇ ਮਾਮਲੇ ਵਧ ਗਏ ਹਨ। ਇੱਕ ਤੋਂ 15 ਅਪਰੈਲ ਤੱਕ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ 8 ਕਤਲ ਕੀਤੇ ਗਏ। ਜ਼ਿਆਦਾਤਰ ਕਤਲ ਆਪਸੀ ਦੁਸ਼ਮਣੀ ਵਿੱਚ ਹੋਏ ਹਨ। 3 ਅਪਰੈਲ ਨੂੰ ਸੰਜੇ ਕਾਲੋਨੀ ਦੇ ਰਹਿਣ ਵਾਲੇ 18 ਸਾਲਾ ਵਿਸ਼ਾਲ ਦੀ ਰੰਜਿਸ਼ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 4 ਅਪਰੈਲ ਨੂੰ ਸੂਰਜ ਵਿਹਾਰ ਵਿੱਚ ਅਜੈ ਨਾਂ ਦੇ ਮਕੈਨੀਕਲ ਇੰਜਨੀਅਰ ਦਾ ਦੋਸਤਾਂ ਨੇ ਕਤਲ ਕਰ ਦਿੱਤਾ ਸੀ। 6 ਅਪਰੈਲ ਨੂੰ ਉੱਤਮ ਨਗਰ ਵਿੱਚ ਦੁੱਧ ਦੇ ਵਪਾਰੀ ਸੁਨੀਲ ਦਾ ਉਸ ਦੇ ਦੋਸਤ ਨੇ ਕਤਲ ਕਰ ਦਿੱਤਾ ਕਿਉਂਕਿ ਉਸ ਨੇ ਜਨਮ ਦਿਨ ਦੀ ਪਾਰਟੀ ਵਿੱਚ ਡਾਂਸ ਕਰਦੇ ਸਮੇਂ ਕੁਝ ਟਿੱਪਣੀਆਂ ਕੀਤੀਆਂ ਸਨ। 8 ਅਪਰੈਲ ਨੂੰ ਤਿਗਾਂਵ ਦੇ ਰਹਿਣ ਵਾਲੇ 12 ਸਾਲਾ ਲੜਕੇ ਦਾ ਗੁਆਂਢੀ ਨੇ ਚੋਰੀ ਦੇ ਸ਼ੱਕ ਵਿੱਚ ਕਤਲ ਕਰ ਦਿੱਤਾ ਸੀ। 11 ਅਪਰੈਲ ਨੂੰ ਪਲਵਲੀ ਵਿੱਚ ਗੁਆਂਢੀਆਂ ਨੇ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। 13 ਅਪਰੈਲ ਨੂੰ ਵੀ ਝਾੜਸੇਤਲੀ ਦੇ ਰਹਿਣ ਵਾਲੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲੀਸ ਦਾ ਮੰਨਣਾ ਹੈ ਕਿ ਕਤਲ ਦੇ ਜ਼ਿਆਦਾਤਰ ਮਾਮਲੇ ਆਪਸੀ ਦੁਸ਼ਮਣੀ ਦੇ ਹਨ। ਪੁਲੀਸ ਨੇ ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।
ਗੋਲੀਆਂ ਚੱਲਣ ਕਾਰਨ ਚਾਰ ਜ਼ਖਮੀ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਜਾਫਰਾਬਾਦ ਇਲਾਕੇ ਵਿੱਚ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਚਲਾਉਣ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਗੈਂਗਵਾਰ ਦਾ ਨਤੀਜਾ ਸੀ। ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਰਾਤ 9 ਵਜੇ ਦੇ ਕਰੀਬ ਗਲੀ ਨੰਬਰ 38, ਜਾਫਰਾਬਾਦ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਇਸ ਦੌਰਾਨ ਚਾਰ ਵਿਅਕਤੀ ਸਮੀਰ ਖੋਪੜ (20), ਅਬਦੁਲ ਹਸਨ (18), ਜ਼ਹੂਰ ਮਲਿਕ (25) ਅਤੇ ਹਮਜ਼ਾ (20) ਜ਼ਖਮੀ ਹੋ ਗਏ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਖਾਲੀ ਕਾਰਤੂਸ ਇਕੱਠੇ ਕੀਤੇ। ਜ਼ਖਮੀਆਂ ਨੂੰ ਜੇਪੀਸੀ ਹਸਪਤਾਲ ਲਿਜਾਇਆ ਗਿਆ। ਪੁਲੀਸ ਮੁਤਾਬਕ ਜ਼ਖਮੀ ਸਮੀਰ ਖੋਪੜ, ਅਰਬਾਜ਼ ਅਤੇ ਹਮਜ਼ਾ ਦੀ ਪਹਿਲਾਂ ਵੀ ਅਪਰਾਧਿਕ ਸ਼ਮੂਲੀਅਤ ਸੀ। ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ ਤੇ ਸਬੂਤਾਂ ਲਈ ਸੀਸੀਟੀਵੀ ਫੁਟੇਜ਼ ਖੰਗਾਲੀ ਜਾ ਰਹੀ ਹੈ। ਫਿਲਹਾਲ ਜ਼ਖਮੀਆਂ ਨੂੰ ਇਲਾਜ ਲਈ ਜੀਟੀਬੀ ਰੈਫਰ ਕੀਤਾ ਗਿਆ ਹੈ।