India-Pak Military: ਪਾਕਿ ਨੂੰ ਹਰ ਨਾਪਾਕ ਹਰਕਤ ਦਾ ਮਿਲੇਗਾ ਫੈਸਲਾਕੁੰਨ ਜਵਾਬ: ਜੰਗਬੰਦੀ ਪਿੱਛੋਂ ਫੌਜ ਦਾ ਐਲਾਨ
ਨਵੀਂ ਦਿੱਲੀ, 10 ਮਈ
India-Pak Military: ਭਾਰਤੀ ਫੌਜ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਜਾਣ ਵਾਲੇ ਹਰ ਗਲਤ ਕੰਮ ਤੇ ਹਿਮਾਕਤ ਅਤੇ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਤਣਾਅ ਵਾਧੇ ਦਾ ਜਵਾਬ ਤਾਕਤ ਅਤੇ ਫੈਸਲਾਕੁੰਨ ਕਾਰਵਾਈ ਨਾਲ ਦਿੱਤਾ ਜਾਵੇਗਾ। ਫ਼ੌਜ ਵੱਲੋਂ ਇਹ ਟਿੱਪਣੀਆਂ ਦੋਵਾਂ ਗੁਆਂਢੀ ਮੁਲਕਾਂ ਵੱਲੋਂ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਇੱਕ ਰਜ਼ਾਮੰਦੀ 'ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਆਈਆਂ ਹਨ।
ਕਮੋਡੋਰ ਰਘੂ ਨਾਇਰ (Commodore Raghu Nair) ਨੇ ਕਿਹਾ, "ਜਦੋਂ ਕਿ ਅਸੀਂ ਅੱਜ ਹੋਈ ਰਜ਼ਾਮੰਦੀ ਦੀ ਪਾਲਣਾ ਕਰਾਂਗੇ, ਪਰ ਅਸੀਂ ਭਾਰਤ ਦੀ ਪ੍ਰਭੂਸੱਤਾ ਦੀ ਰੱਖਿਆ ਲਈ ਪੂਰੀ ਤਰ੍ਹਾਂ ਤਿਆਰ ਹਾਂ।’’
ਉਨ੍ਹਾਂ ਕਿਹਾ, ‘‘ਅਸੀਂ ਰਾਸ਼ਟਰ ਦੀ ਰੱਖਿਆ ਵਿੱਚ ਜੋ ਵੀ ਕਾਰਵਾਈਆਂ ਦੀ ਲੋੜ ਹੋ ਸਕਦੀ ਹੈ, ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਕੀਤੇ ਜਾਣ ਵਾਲੇ ਹਰ ਗਲਤ ਕੰਮ ਦਾ ਤਾਕਤ ਨਾਲ ਸਾਹਮਣਾ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਹੋਣ ਵਾਲੇ ਹਰ ਗਲਤ ਕੰਮ ਦਾ ਫੈਸਲਾਕੁੰਨ ਜਵਾਬ ਦਿੱਤਾ ਜਾਵੇਗਾ।
ਇਸ ਮੌਕੇ ਵਿੰਗ ਕਮਾਂਡਰ ਵਿਓਮਿਕਾ ਸਿੰਘ (Wing Commander Vyomika Singh) ਨੇ ਕਿਹਾ ਕਿ ਭਾਰਤ ਦੇ ਐਸ-400 ਮਿਜ਼ਾਈਲ ਬੇਸ ਨੂੰ ਤਬਾਹ ਕਰਨ ਦਾ ਪਾਕਿਸਤਾਨ ਦਾ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਗਲਤ ਜਾਣਕਾਰੀ ਫੈਲਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।
ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਜ਼ਮੀਨੀ ਅਤੇ ਹਵਾਈ ਦੋਵਾਂ ਖੇਤਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਫੌਜੀ ਅਧਿਕਾਰੀ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦਾ ਬ੍ਰਹਮੋਸ ਸਥਾਪਨਾ ਨੂੰ ਤਬਾਹ ਕਰਨ ਦਾ ਦਾਅਵਾ ਵੀ ਸਰਾਸਰ ਝੂਠਾ ਸੀ। -ਪੀਟੀਆਈ