ਕਾਰ ਖੋਹਣ ਦੇ ਮਾਮਲੇ ਵਿੱਚ ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 10 ਅਕਤੂਬਰ
ਮੁਹਾਲੀ ਪੁਲੀਸ ਨੇ ਸੋਹਾਣਾ ਥਾਣਾ ਦੇ ਏਰੀਆ ’ਚੋਂ ਡੰਮੀ ਪਿਸਤੌਲ ਦਿਖਾ ਕੇ ਕਾਰ ਖੋਹਣ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ 48 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਵਾਸੀ ਪਿੰਡ ਦਿਓਣ (ਬਠਿੰਡਾ) ਅਤੇ ਸਤਿੰਦਰਵੀਰ ਸਿੰਘ ਵਾਸੀ ਪਿੰਡ ਘੜੂੰਆਂ (ਮੁਹਾਲੀ) ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਖੋਹ ਗਈ ਕਾਰ, ਡੰਮੀ ਪਿਸਤੌਲ ਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਮੁਹਾਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਦੀਪਕ ਪਾਰਿਕ ਨੇ ਦੱਸਿਆ ਕਿ ਪੀੜਤ ਵਿਸ਼ਾਲ ਕੁਮਾਰ ਵਾਸੀ ਚੰਡੀਗੜ੍ਹ ਦੀ ਸ਼ਿਕਾਇਤ ’ਤੇ ਪਰਚਾ ਦਰਜ ਕਰਕੇ ਐੱਸਪੀ (ਸ਼ਹਿਰੀ) ਹਰਬੀਰ ਸਿੰਘ ਟਟਵਾਲ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ, ਡੀਐਸਪੀ (ਡੀ) ਤਲਵਿੰਦਰ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਟੀਮ ਨੇ ਲੁੱਟ-ਖੋਹ ਦੇ ਮਾਮਲੇ ਨੂੰ ਟਰੇਸ ਕਰਕੇ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇੱਕ ਹੋਰ ਮਾਮਲੇ ਵਿੱਚ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਾਜਿੰਦਰ ਸਿੰਘ ਉਰਫ਼ ਮੋਨੂੰ, ਸੰਦੀਪ ਸਿੰਘ ਅਤੇ ਸੰਨੀ ਸਚਦੇਵਾ ਸਾਰੇ ਵਾਸੀਅਨ ਜ਼ੀਰਕਪੁਰ ਵਜੋਂ ਹੋਈ ਹੈ। ਮੁਲਜ਼ਮਾਂ ਕੋਲੋਂ ਮੋਟਰਸਾਈਕਲ, ਮੋਬਾਈਲ ਫੋਨ ਅਤੇ ਲੋਹੇ ਦਾ ਦਾਤ ਬਰਾਮਦ ਹੋਇਆ ਹੈ। ਮੁਲਜ਼ਮ ਸੰਦੀਪ ਸਿੰਘ ਖ਼ਿਲਾਫ਼ ਪਹਿਲਾਂ ਝਪਟਮਾਰ ਅਤੇ ਲੁੱਟ-ਖੋਹ ਦੇ ਦੋ ਕੇਸ ਦਰਜ ਹਨ। ਸੰਨੀ ਸਚਦੇਵਾ ਖ਼ਿਲਾਫ਼ ਵੀ ਪਹਿਲਾਂ ਇੱਕ ਜਬਰ-ਜਨਾਹ ਅਤੇ ਦੂਜਾ ਨਸ਼ਾ ਤਸਕਰੀ ਦਾ ਪਰਚਾ ਦਰਜ ਹੈ।