For the best experience, open
https://m.punjabitribuneonline.com
on your mobile browser.
Advertisement

ਦੀਵਾਲੀ ਦੀ ਖਰੀਦਦਾਰੀ ਲਈ ਬਾਜ਼ਾਰਾਂ ’ਚ ਰੌਣਕਾਂ

05:18 AM Oct 31, 2024 IST
ਦੀਵਾਲੀ ਦੀ ਖਰੀਦਦਾਰੀ ਲਈ ਬਾਜ਼ਾਰਾਂ ’ਚ ਰੌਣਕਾਂ
ਸੈਕਟਰ 22 ਦੀ ਮਾਰਕੀਟ ’ਚੋਂ ਫੁੁੁੁੱਲ ਖਰੀਦਦੇ ਹੋਏ ਲੋਕ। -ਫੋਟੋ: ਪ੍ਰਦੀਪ ਤਿਵਾੜੀ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 30 ਅਕਤੂਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਰੌਸ਼ਨੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਲੋਕ ਵੱਡੀ ਗਿਣਤੀ ’ਚ ਸ਼ਹਿਰ ਦੇ ਬਾਜ਼ਾਰਾਂ ਵਿੱਚ ਪਹੁੰਚ ਕੇ ਖਰੀਦਦਾਰੀ ਕਰ ਰਹੇ ਹਨ, ਜਿਸ ਕਰਕੇ ਟ੍ਰਾਈਸਿਟੀ ਵਿੱਚ ਥਾਂ-ਥਾਂ ’ਤੇ ਜਾਮ ਲੱਗੇ ਹੋਏ ਹਨ। ਸ਼ਹਿਰ ਵਿੱਚ ਜਾਮ ਲੱਗਣ ਕਰਕੇ ਲੋਕਾਂ ਨੂੰ ਇਕ-ਇਕ ਘੰਟਾ ਫਸਣਾ ਪੈ ਰਿਹਾ ਹੈ। ਇਹ ਹੀ ਹਾਲ ਜ਼ੀਰਕਪੁਰ, ਮੁਹਾਲੀ, ਪੰਚਕੂਲਾ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਆਵਾਜਾਈ ਸਮੱਸਿਆ ਤੋਂ ਛੁੱਟਕਾਰਾਂ ਦਿਵਾਉਣ ਲਈ ਟਰੈਫ਼ਿਕ ਪੁਲੀਸ ਵੀ ਮੁਸਤੈਦ ਦਿਖਾਈ ਦੇ ਰਹੇ ਹਨ ਪਰ ਜਾਮ ਖੁੱਲ੍ਹਵਾਉਣ ’ਚ ਉਨ੍ਹਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੀਵਾਲੀ ਦੀ ਪੂਰਬਲੀ ਸ਼ਾਮ ਅੱਜ ਬੁੱਧਵਾਰ ਨੂੰ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਭੀੜ ਤੇ ਸੈਕਟਰ-17 ਪਲਾਜ਼ਾ ਵਿੱਚ ਵੀ ਰੌਣਕਾਂ ਲੱਗੀਆਂ ਰਹੀਆਂ। ਇਸ ਵਾਰ ਯੂਟੀ ਪ੍ਰਸ਼ਾਸਨ ਵੱਲੋਂ ਵੀ ਦੀਵਾਲੀ ਕਰਕੇ ਪਲਾਜ਼ਾ ਵਿੱਚ ਬਹੁਤ ਵਧੀਆਂ ਸਜਾਵਟ ਕੀਤੀ ਗਈ ਹੈ, ਜਿਸ ਨੂੰ ਵੇਖਣ ਲਈ ਸ਼ਹਿਰ ਭਰ ਤੋਂ ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਵੀ ਸ਼ਹਿਰ ਦੇ ਸੈਕਟਰ-29, 30, 20, 21, 18, 22, 32, 33, 34, 35, 45, 46, 41, 40, ਮਨੀਮਾਜਰਾ, ਦੜੂਆ, ਬਲਟਾਣਾ, ਖੁੱਡਾ ਲਾਹੌਰਾ, ਖੁੱਡਾ ਜੱਸੂ ਸਣੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਕੇ ਖਰੀਦਦਾਰੀ ਕਰ ਰਹੇ ਹਨ। ਚੰਡੀਗੜ੍ਹ ਪੁਲੀਸ ਵੀ ਦੀਵਾਲੀ ਦੇ ਤਿਉਹਾਰ ਮੌਕੇ ਲੋਕਾਂ ਦੀ ਸੁਰੱਖਿਆ ’ਚ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੀ ਹੈ। ਪੁਲੀਸ ਦੇ ਬੁਲਾਰੇ ਨੇ ਲੋਕਾਂ ਨੂੰ ਪੁਲੀਸ, ਐਂਬੂਲੇਂਸ ਅਤੇ ਫਾਈਰ ਬ੍ਰਿਗੇਡ ਦੀ ਲੋੜ ਪੈਣ ’ਤੇ 112 ’ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ। ਇਸ ਨੰਬਰ ਰਾਹੀ ਕਿਸੇ ਵੀ ਥਾਂ ’ਤੇ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਈ ਜਾਣਗੀਆਂ।

Advertisement

ਭੀੜ ਭੜੱਕੇ ਵਾਲੇ ਬਾਜ਼ਾਰਾਂ ’ਚ ਫਾਇਰ ਬ੍ਰਿਗੇਡ ਤਾਇਨਾਤ

ਦੀਵਾਲੀ ਦੇ ਤਿਉਹਾਰ ਮੌਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਪੂਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੇ ਹਨ। ਜਿਨ੍ਹਾਂ ਵੱਲੋਂ ਸ਼ਹਿਰ ’ਚ 7 ਮੁੱਖ ਭੀੜ-ਭੜੱਕੇ ਵਾਲੀਆਂ ਥਾਵਾਂ ’ਤੇ 24 ਘੰਟੇ ਤਾਇਨਾਤ ਰਹਿ ਰਹੇ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਸੈਕਟਰ 19 ’ਚ ਸਦਰ ਬਾਜ਼ਾਰ, ਸੈਕਟਰ-22 ’ਚ ਅਰੋਮਾ ਲਾਈਟ ਪੁਆਇੰਟ, ਹਾਊਸਿੰਗ ਬੋਰਡ ਚੌਕ ਤੇ ਮਨੀਮਾਜਰਾ ਮੁੱਖ ਬਾਜ਼ਾਰ, ਸੈਕਟਰ 15 ਪਟੇਲ ਮਾਰਕੀਟ, ਸੈਕਟਰ 17 ਪਲਾਜ਼ਾ, ਅਨਾਜ ਮੰਡੀ ਸੈਕਟਰ 26 ਅਤੇ ਇੰਡਸਟਰੀਅਲ ਏਰੀਆ ਵਿੱਚ ਏਲਾਂਤੇ ਮਾਲ ਦੇ ਨਜ਼ਦੀਕ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਭੀੜ-ਭਾੜ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਮੋਟਰਸਾਈਕਲਾਂ ਰਾਹੀ ਗਸ਼ਤ ਕੀਤੀ ਜਾਵੇਗੀ।

Advertisement

ਦੀਵਾਲੀ ’ਤੇ ਪਈ ਮਹਿੰਗਾਈ ਦੀ ਮਾਰ

ਪਿਛਲੇ ਕੁਝ ਸਮੇਂ ਤੋਂ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦਾ ਅਸਰ ਦੀਵਾਲੀ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮਹਿੰਗਾਈ ਕਰਕੇ ਹਰੇਕ ਵਸਤੂ ਦੀਆਂ ਕੀਮਤਾਂ ਵੱਧ ਗਈਆਂ ਹਨ। ਰੌਸ਼ਨੀ ਦੇ ਤਿਉਹਾਰ ਦੀਵਾਲੀ ’ਤੇ ਦੀਵੇ ਅਤੇ ਮੋਮਬੱਤੀ ਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਇਸ ਵਾਰ ਮੋਮਬੱਤੀ ਦੀ ਕੀਮਤ ਵਿੱਚ 5 ਤੋਂ 10 ਫ਼ੀਸਦ ਤੱਕ ਦਾ ਵਾਧਾ ਹੋ ਗਿਆ ਹੈ, ਜਦੋਂ ਕਿ ਦੀਵੇ ਵੀ ਪਹਿਲਾਂ ਨਾਲੋਂ ਮਹਿੰਗੇ ਹਨ।

ਪਟਾਕਾ ਕਾਰੋਬਾਰੀਆਂ ਦੀ ਦੁਕਾਨਾਂ ’ਤੇ ਲੱਗੀ ਭੀੜ

ਯੂਟੀ ਪ੍ਰਸ਼ਾਸਨ ਵੱਲੋਂ ਸਿਟੀ ਬਿਊਟੀਫੁੱਲ ਵਿੱਚ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸ਼ਹਿਰ ’ਚ 12 ਥਾਵਾਂ ’ਤੇ 96 ਜਣਿਆਂ ਨੂੰ ਪਟਾਕਿਆਂ ਦਾ ਕਾਰੋਬਾਰ ਕਰਨ ਲਈ ਆਰਜ਼ੀ ਲਾਇਸੈਂਸ ਦਿੱਤੇ ਹਨ। ਇਸ ਵਾਰ ਲੋਕਾਂ ਵਿੱਚ ਪਟਾਕਿਆ ਦੀ ਖਰੀਦਦਾਰੀ ਸਬੰਧੀ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਉੱਧਰ ਪਟਾਕਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਵਾਰ ਪਟਾਕਿਆ ਦੇ ਖਰੀਦਦਾਰ ਪਿਛਲੇ ਸਾਲ ਨਾਲੋਂ ਵੱਧ ਦਿਖਾਈ ਦੇ ਰਹੇ ਹਨ।

Advertisement
Author Image

Advertisement