ਰਿਸ਼ਤਾ ਕਰਵਾਉਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਦੋ ਕਾਬੂ
ਪੱਤਰ ਪ੍ਰੇਰਕ
ਜਲੰਧਰ, 31 ਜੁਲਾਈ
ਜਲੰਧਰ ਕਮਿਸ਼ਨਰੇਟ ਪੁਲੀਸ ਨੇ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਨਾਲ ਰਿਸ਼ਤਾ ਕਰਾਵਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਗਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 7 ਕੰਪਿਊਟਰ, 3 ਲੈਪਟਾਪ, 2 ਮੋਬਾਈਲ ਸਮੇਤ ਨਗਦੀ ਬਰਾਮਦ ਹੋਈ ਹੈ। ਇਸ ਸਬੰਧ ਵਿਚ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੀਆਈਏ ਦੇ ਸਟਾਫ ਦੇ ਇੰਚਾਰਜ ਇੰਦਰਜੀਤ ਸਿੰਘ ਸਤਲੁਜ ਮਾਰਕੀਟ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਕੁਝ ਲੋਕ ਛਿੰਨਮਸਤਿਕਾ ਇਮਾਰਤ ਦੀ ਚੌਥੀ ਮੰਜ਼ਿਲ ਵਿਚ ਐਨਆਰਆਈ ਮੈਰਿਜ ਸਰਵਿਸ ਨਾਮਕ ਦਫਤਰ ਚਲਾ ਰਹੇ ਹਨ ਤੇ ਉਹ ਫਰਜ਼ੀ ਪ੍ਰੋਫਾਈਲ ਬਣਾ ਕੇ ਵਿਦੇਸ਼ਾਂ ਵਿਚ ਰਹਿੰਦੇ ਲੋਕਾਂ ਨੂੰ ਰਿਸ਼ਤਾ ਕਰਵਾਉਣ ਦਾ ਝਾਂਸਾ ਦੇ ਕੇ ਆਨਲਾਈਨ ਠੱਗੀ ਮਾਰਦੇ ਹਨ। ਇਹ ਵੀ ਦੱਸਿਆ ਗਿਆ ਕਿ ਉਕਤ ਦਫਤਰ ਵਿਚ ਇਹ ਵਿਅਕਤੀ ਡਾਲਰਾਂ ਰਾਹੀਂ ਅਦਾਇਗੀ ਲੈਂਦੇ ਹਨ ਤੇ ਬਾਅਦ ਵਿੱਚ ਆਪਣੇ ਗ੍ਰਾਹਕਾਂ ਦਾ ਫੋਨ ਬਲਾਕ ਕਰ ਦਿੰਦੇ ਹਨ। ਇਸ ’ਤੇ ਕਾਰਵਾਈ ਕਰਦੇ ਹੋਏ ਇੰਦਰਜੀਤ ਸਿੰਘ ਨੇ ਉਕਤ ਦਫਤਰ ਵਿਚ ਛਾਪਾ ਮਾਰ ਕੇ ਆਨੰਦ ਸ਼ੁਕਲਾ ਵਾਸੀ ਨਿਊ ਅਮਰੀਕ ਨਗਰ ਜਲੰਧਰ ਅਤੇ ਰੋਹਿਤ ਵਾਸੀ ਉਪਕਾਰ ਨਗਰ ਨੂੰ ਗ੍ਰਿਫਤਾਰ ਕਰ ਲਿਆ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦਫਤਰ ਵਿਚ ਪਏ 7 ਕੰਪਿਊਟਰ, 3 ਲੈਪਟਾਪ, 2 ਮੋਬਾਈਲ ਅਤੇ 16500 ਰੁਪਏ ਵੀ ਕਬਜ਼ੇ ਵਿਚ ਲੈ ਲਏ ਹਨ। ਉਨ੍ਹਾਂ ਦੱਸਿਆ ਕਿ ਉਕਤ ਗਰੋਹ 2020 ਤੋਂ ਇਹ ਕੰਮ ਕਰ ਰਿਹਾ ਸੀ ਤੇ ਹੁਣ ਤੱਕ ਇਨ੍ਹਾਂ ਨੇ ਇੱਕ ਕਰੋੜ ਰੁਪਏ ਦੇ ਕਰੀਬ ਲੋਕਾਂ ਨਾਲ ਠੱਗੀ ਮਾਰੀ ਹੈ।