ਪੰਜਾਬ ਪੁਲੀਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਦੇ ਸਾਥੀ ਕਾਬੂ
ਤਰਨ ਤਾਰਨ, 18 ਅਪਰੈਲ
ਅੱਜ ਤੜਕਸਾਰ ਥਾਣਾ ਸਰਹਾਲੀ ਦੀ ਪੁਲੀਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਾਂਝੀ ਟੀਮ ਵਲੋਂ ਨਾਮੀ ਗੈਂਗਸਟਰਾਂ ਦੇ ਦੋ ਗੁਰਗਿਆਂ ਨੂੰ ਪਿੰਡ ਜਵੰਦਾ ਨੇੜੇ ਮੁਕਾਬਲੇ ਦੌਰਾਨ ਜਖਮੀ ਹੋ ਜਾਣ ਉਪਰੰਤ ਗ੍ਰਿਫਤਾਰ ਕੀਤਾ ਗਿਆ ਹੈ। ਐੱਸਐੱਸਪੀ ਅਭਿਮੰਨਿਉ ਰਾਣਾ ਨੇ ਦੱਸਿਆ ਕਿ ਜਖਮੀਆਂ ਦੀ ਪਛਾਣ ਮਹਿਕਪ੍ਰੀਤ ਸਿੰਘ ਮਹਿਕ ਅਤੇ ਯੁਵਰਾਜ ਸਿੰਘ ਜੱਗੂ ਦੇ ਵਜੋਂ ਕੀਤੀ ਗਈ ਹੈ। ਉਹ ਵਿਦੇਸ਼ਾਂ ਤੋਂ ਆਪਣੇ ਗੈਂਗ ਚਲਾ ਰਹੇ ਨਾਮੀ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਅਤੇ ਸਤਨਾਮ ਸਿੰਘ ਸੱਤਾ ਨੌਸ਼ਹਿਰਾ ਦੇ ਇਸ਼ਾਰਿਆਂ ਤੇ ਇਲਾਕੇ ਅੰਦਰ ਫ਼ਿਰੌਤੀਆਂ ਵਸੂਲਣ, ਫਿਰੌਤੀਆਂ ਦੇਣ ਤੋਂ ਇਨਕਾਰ ਕਰਨ ਤੇ ਉਨ੍ਹਾਂ ਨੂੰ ਡਰਾਉਣ ਧਮਕਾਉਣ ਆਦਿ ਦੀਆਂ ਕਾਰਵਾਈਆਂ ਕਰਦੇ ਆ ਰਹੇ ਸਨ।
ਐੱਸਐੱਸਪੀ ਨੇ ਕਿਹਾ ਕਿ ਉਨ੍ਹਾਂ ਵਲੋਂ ਇਲਾਕੇ ਅੰਦਰ ਸ਼ੱਕੀ ਹਾਲਤਾਂ ਵਿੱਚ ਘੁੰਮਣ ਦੀ ਪੁਲੀਸ ਨੂੰ ਸੂਚਨਾ ਮਿਲੀ ਸੀ ਜਿਸ ’ਤੇ ਪੁਲੀਸ ਅਤੇ ਏਜੀਟੀਐੱਫ ਦੀ ਸਾਂਝੀ ਟੀਮ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਜਵੰਦਾ ਪਿੰਡ ਨੇੜੇ ਪੁਲੀਸ ਨਾਲ ਗੋਲੀਬਾਰੀ ਹੋਈ। ਇਸ ਦੌਰਾਨ ਪੁਲੀਸ ਵੱਲੋਂ ਕੀਤੀ ਗਹੀ ਜਵਾਬੀ ਕਾਰਵਾਈ ਦੌਰਾਨ ਦੋਹੇਂ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਦੋ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹ:ਾਂ ਦੱਸਿਆ ਕਿ ਮਹਿਕਪ੍ਰੀਤ ਸਿੰਘ ਪੁਲੀਸ ਨੂੰ ਇਕ ਗ੍ਰਨੇਡ ਮਾਮਲੇ ਵਿਚ ਲੋੜੀਂਦਾ ਸੀ।