ਬੰਗਲੂਰੂ ਕੈਫ਼ੇ ਧਮਾਕੇ ਦੇ ਦੋ ਮੁਲਜ਼ਮ ਬੰਗਾਲ ਤੋਂ ਗ੍ਰਿਫ਼ਤਾਰ
ਨਵੀਂ ਦਿੱਲੀ/ਕੋਲਕਾਤਾ, 12 ਅਪਰੈਲ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਬੰਗਲੂਰੂ ਦੇ ਰਾਮੇਸ਼ਵਰਮ ਕੈਫ਼ੇ ’ਚ ਪਹਿਲੀ ਮਾਰਚ ਨੂੰ ਹੋਏ ਧਮਾਕੇ ਦੇ ਮਾਮਲੇ ’ਚ ਮੁੱਖ ਸਾਜ਼ਿਸ਼ਘਾੜੇ ਸਣੇ ਦੋ ਮੁਲਜ਼ਮਾਂ ਨੂੰ ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮਾਂ ਅਬਦੁੱਲ ਮਤੀਨ ਅਹਿਮਦ ਤਾਹਾ ਅਤੇ ਮੁਸੱਵਰ ਹੁਸੈਨ ਸ਼ਾਜ਼ਿਬ ਨੂੰ ਕੋਲਕਾਤਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਉਨ੍ਹਾਂ ਨੂੰ ਤਿੰਨ ਦਿਨ ਦੇ ਟਰਾਂਜ਼ਿਟ ਰਿਮਾਂਡ ’ਤੇ ਐੱਨਆਈਏ ਹਵਾਲੇ ਕਰ ਦਿੱਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਬੰਗਲੂਰੂ ਲਿਜਾਣ ਦੀ ਐੱਨਆਈਏ ਨੂੰ ਇਜਾਜ਼ਤ ਦੇ ਦਿੱਤੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮਗਰੋਂ ਭਾਜਪਾ ਅਤੇ ਟੀਐੱਮਸੀ ਵਿਚਕਾਰ ਸ਼ਬਦੀ ਜੰਗ ਛਿੜ ਗਈ ਹੈ। ਭਾਜਪਾ ਨੇ ਦੋਸ਼ ਲਾਇਆ ਹੈ ਕਿ ਟੀਐੱਮਸੀ ਨੇ ਪੱਛਮੀ ਬੰਗਾਲ ਨੂੰ ‘ਅਤਿਵਾਦੀਆਂ ਲਈ ਸੁਰੱਖਿਅਤ ਪਨਾਹ’ ਬਣਾ ਦਿੱਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਪੁਲੀਸ ਦੀ ਢੁੱਕਵੀਂ ਕਾਰਵਾਈ ਕਾਰਨ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮ ਫ਼ਰਜ਼ੀ ਨਾਮ ਹੇਠ ਕੋਲਕਾਤਾ ਨੇੜੇ ਛੁਪੇ ਹੋਏ ਸਨ। ਤਾਹਾ ਧਮਾਕੇ ਦਾ ਮੁੱਖ ਸਾਜ਼ਿਸ਼ਘਾੜਾ ਹੈ ਜਦਕਿ ਸ਼ਾਜ਼ਿਬ ਨੇ ਕੈਫ਼ੇ ’ਚ ਧਮਾਕਾਖੇਜ਼ ਸਮੱਗਰੀ ਰੱਖੀ ਸੀ। ਅਧਿਕਾਰੀਆਂ ਨੇ ਕਿਹਾ ਕਿ ਪੱਛਮੀ ਬੰਗਾਲ, ਤਿਲੰਗਾਨਾ, ਕਰਨਾਟਕ ਅਤੇ ਕੇਰਲਾ ਪੁਲੀਸ, ਐੱਨਆਈਏ ਅਤੇ ਕੇਂਦਰੀ ਖ਼ੁਫ਼ੀਆ ਏਜੰਸੀਆਂ ਦੇ ਤਾਲਮੇਲ ਨਾਲ ਇਹ ਗ੍ਰਿਫ਼ਤਾਰੀਆਂ ਸੰਭਵ ਹੋ ਸਕੀਆਂ ਹਨ। ਐੱਨਆਈਏ ਨੇ ਮੁਲਜ਼ਮਾਂ ’ਤੇ 10-10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੋਇਆ ਸੀ। -ਪੀਟੀਆਈ