ਇੰਡੀਆ ਗੱਠਜੋੜ ’ਚ ਹਲਚਲ
ਲੋਕ ਸਭਾ ਚੋਣਾਂ ’ਚ ਸ਼ਲਾਘਾਯੋਗ ਕਾਰਗੁਜ਼ਾਰੀ ਤੋਂ ਛੇ ਮਹੀਨਿਆਂ ਬਾਅਦ ਵਿਰੋਧੀ ਧਿਰਾਂ ਦਾ ‘ਇੰਡੀਆ’ ਗੱਠਜੋੜ ਖ਼ੁਦ ਨੂੰ ਚੌਰਾਹੇ ’ਤੇ ਖੜ੍ਹਾ ਦੇਖ ਰਿਹਾ ਹੈ। ਵਿਰੋਧੀ ਧਿਰਾਂ ਦੇ ਇਸ ਗੱਠਜੋੜ ਨੇ ਝਾਰਖੰਡ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਤਾਂ ਚੰਗਾ ਪ੍ਰਦਰਸ਼ਨ ਕੀਤਾ ਪਰ ਹਰਿਆਣਾ ਤੇ ਮਹਾਰਾਸ਼ਟਰ ਵਿੱਚ ਮਿਲੀ ਹਾਰ ਨੇ ਇਸ ਦੇ ਦਲਾਂ ਦਰਮਿਆਨ ਵਖਰੇਵਿਆਂ ਨੂੰ ਪ੍ਰਤੱਖ ਕੀਤਾ ਹੈ। ਮਹਾਰਾਸ਼ਟਰ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਵੱਲੋਂ ਕਾਂਗਰਸ ਦੀ ਅਗਵਾਈ ਵਾਲੇ ਮਹਾਵਿਕਾਸ ਅਗਾੜੀ ’ਤੇ ਦਰਜ ਕੀਤੀ ਜਿੱਤ ਨੇ ਖ਼ਾਸ ਤੌਰ ’ਤੇ ਵਿਰੋਧੀ ਧਿਰਾਂ ’ਚ ਦਰਾੜ ਪੈਦਾ ਕੀਤੀ ਹੈ। ਕਾਂਗਰਸ ਦੇ ਮਾੜੇ ਪ੍ਰਦਰਸ਼ਨ ਨੇ ‘ਇੰਡੀਆ’ ਅੰਦਰ ਇਸ ਦੀ ਵਜ਼ਨਦਾਰ ਭੂਮਿਕਾ ਨੂੰ ਸੱਟ ਮਾਰੀ ਹੈ; ਸਿੱਟੇ ਵਜੋਂ ਤ੍ਰਿਣਮੂਲ ਕਾਂਗਰਸ ਮੁਖੀ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਖੁੱਲ੍ਹ ਕੇ ਸਾਹਮਣੇ ਆਈ ਹੈ। ਮਮਤਾ ਬੈਨਰਜੀ ਨੇ ਇਸ ਗੱਠਜੋੜ ਦੀ ਕਾਰਜਸ਼ੈਲੀ ’ਤੇ ਨਾਖ਼ੁਸ਼ੀ ਜ਼ਾਹਿਰ ਕੀਤੀ ਹੈ ਅਤੇ ਸੰਕੇਤ ਦਿੱਤਾ ਹੈ ਕਿ ਜੇ ਮੌਕਾ ਮਿਲੇ ਤਾਂ ਉਹ ਇਸ ਗੱਠਜੋੜ ਦੀ ਕਮਾਨ ਸੰਭਾਲਣ ਲਈ ਅੱਗੇ ਆ ਸਕਦੀ ਹੈ। ਉਸ ਨੂੰ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਕੱਦਾਵਰ ਆਗੂ ਸ਼ਰਦ ਪਵਾਰ ਦੀ ਵੀ ਹਮਾਇਤ ਮਿਲੀ ਹੈ ਜਿਨ੍ਹਾਂ ਮਮਤਾ ਬੈਨਰਜੀ ਨੂੰ ਦੇਸ਼ ਦੀ ‘ਪ੍ਰਮੁੱਖ ਆਗੂ’ ਕਰਾਰ ਦਿੱਤਾ ਹੈ।
ਇਹ ਪ੍ਰਤੱਖ ਹੈ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ‘ਇੰਡੀਆ’ ਦੇ ਚਿਹਰੇ ਵਜੋਂ ਆਪਣਾ ਆਧਾਰ ਗੁਆ ਰਹੇ ਹਨ। ਹੁਣ ਸੰਸਦ ਵਿੱਚ ਤਿੰਨ ਗਾਂਧੀ ਹਨ ਜਿਨ੍ਹਾਂ ’ਚੋਂ ਪ੍ਰਿਯੰਕਾ ਨਵੀਂ ਹੈ ਪਰ ਇਸ ਨਾਲ ਕਾਂਗਰਸ ਦੇ ਸਾਥੀਆਂ ਦੇ ਉਤਸ਼ਾਹ ’ਚ ਕੋਈ ਫ਼ਰਕ ਦੇਖਣ ਨੂੰ ਨਹੀਂ ਮਿਲਿਆ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਭਾਵੇਂ ਇਸ ਗੱਠਜੋੜ ਦੇ ਚੇਅਰਪਰਸਨ ਹਨ ਪਰ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਗਾਂਧੀ ਪਰਿਵਾਰ ਹੀ ਅਹਿਮ ਫ਼ੈਸਲੇ ਕਰਦਾ ਹੈ ਤੇ ਇਸ ਤਰ੍ਹਾਂ ਦੇ ਪ੍ਰਬੰਧ ਨਾਲ ਨਾ ਕਾਂਗਰਸ ਮਜ਼ਬੂਤ ਹੋ ਰਹੀ ਹੈ ਤੇ ਨਾ ਹੀ ‘ਇੰਡੀਆ’ ਗੱਠਜੋੜ ਸਗੋਂ ਪਾਰਟੀ ਲਈ ਕਸੂਤੀ ਸਥਿਤੀ ਪੈਦਾ ਹੁੰਦੀ ਹੈ ਸਗੋਂ ਚੁਣਾਵੀ ਮੈਦਾਨ ਇਸ ਦਾ ਸਿੱਧਾ-ਸਿੱਧਾ ਸਿਆਸੀ ਲਾਭ ਸੱਤਾਧਾਰੀ ਧਿਰ ਭਾਰਤੀ ਜਨਤਾ ਪਾਰਟੀ ਨੂੰ ਹੁੰਦਾ ਹੈ।
ਕਾਂਗਰਸ ਕੋਲ ਆਪਣੇ ਭਾਈਵਾਲਾਂ ਨੂੰ ਸੁਣਨ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਲੋੜੋਂ ਵੱਧ ਭਰੋਸਾ ਇਸ ਨੂੰ ਹਰਿਆਣਾ ਵਿੱਚ ਮਹਿੰਗਾ ਪੈ ਚੁੱਕਾ ਹੈ ਜਿੱਥੇ ਇਸ ਨੇ ‘ਇੰਡੀਆ’ ਦੇ ਬਾਕੀ ਮੈਂਬਰਾਂ ਨੂੰ ਭੋਰਾ ਥਾਂ ਨਹੀਂ ਦਿੱਤੀ। ਊਧਵ ਠਾਕਰੇ ਦੀ ਸ਼ਿਵ ਸੈਨਾ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰ ਕੇ ਮਾਮਲਾ ਹੋਰ ਵੀ ਗੁੰਝਲਦਾਰ ਕਰ ਰਹੀ ਹੈ ਜਿਨ੍ਹਾਂ ਬਾਬਰੀ ਮਸਜਿਦ ਢਾਹੀ ਸੀ; ਸੈਨਾ ਦੇ ਰੁਖ਼ ਦਾ ਸਮਾਜਵਾਦੀ ਪਾਰਟੀ ਨੇ ਪੁੱਠਾ ਜਵਾਬ ਦਿੱਤਾ ਹੈ ਕਿਉਂਕਿ ਉੱਤਰ ਪ੍ਰਦੇਸ਼ ਵਿੱਚ ਪਾਰਟੀ ਦਾ ਮੁਸਲਿਮ ਵੋਟ ਬੈਂਕ ਕਾਫੀ ਵੱਡਾ ਹੈ। ਗੱਠਜੋੜ ਨੂੰ ਇਕੱਠਾ ਰੱਖਣ ਲਈ ਜ਼ਰੂਰੀ ਹੈ ਕਿ ਆਪਸੀ ਸਤਿਕਾਰ ਅਤੇ ਸਹਿਯੋਗ ਨੂੰ ਪਹਿਲ ਦਿੱਤੀ ਜਾਵੇ; ਨਹੀਂ ਤਾਂ ਇਹ ਗੱਠਜੋੜ ਅੱਜ ਨਹੀਂ ਤਾਂ ਕੱਲ੍ਹ ਸ਼ਾਇਦ ਤਿੜਕ ਜਾਵੇਗਾ ਜਿਸ ਨਾਲ ਭਾਰਤੀ ਜਨਤਾ ਪਾਰਟੀ ਅਤੇ ਨਰਿੰਦਰ ਮੋਦੀ ਲਈ ਮੈਦਾਨ ਪੱਧਰਾ ਹੋ ਜਾਵੇਗਾ।