ਖੇਲ ਰਤਨ ਅਤੇ ਖਿਡਾਰੀ
ਪਿਛਲੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤ ਦੇ ਹਿੱਸੇ ਸਿਰਫ਼ ਛੇ ਤਗ਼ਮੇ ਆਏ ਸਨ ਜਿਨ੍ਹਾਂ ’ਚੋਂ ਦੋ ਇਕੱਲੀ ਪਿਸਟਲ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤੇ ਸਨ। ਖੇਡਾਂ ਦੇ ਮਹਾਕੁੰਭ ਵਿੱਚ ਭਾਰਤ ਦੇ ਤਗ਼ਮਿਆਂ ਵਿੱਚ ਅਜਿਹਾ ਯੋਗਦਾਨ ਦੇਣ ਵਾਲੇ ਕਿਸੇ ਖਿਡਾਰੀ ਖਿਡਾਰਨ ਬਾਰੇ ਅਮੂਮਨ ਮੰਨ ਲਿਆ ਜਾਂਦਾ ਹੈ ਕਿ ਮੇਜਰ ਧਿਆਨ ਚੰਦ ਖੇਲ ਰਤਨ ਜਿਹੇ ਦੇਸ਼ ਦੇ ਸਭ ਤੋਂ ਵੱਡੇ ਖੇਡ ਪੁਰਸਕਾਰਾਂ ਲਈ ਉਸ ਦੇ ਨਾਂ ਦੀ ਸਿਫ਼ਾਰਸ਼ ਜ਼ਰੂਰ ਕੀਤੀ ਜਾਵੇਗੀ। ਉਂਝ, ਇਹ ਗੱਲ ਐਨੀ ਵੀ ਸਿੱਧ ਪੱਧਰੀ ਨਹੀਂ, ਖ਼ਾਸਕਰ ਉਦੋਂ ਜਦੋਂ ਇਨ੍ਹਾਂ ਦਾ ਫ਼ੈਸਲਾ ਨੌਕਰਸ਼ਾਹਾਂ ਅਤੇ ਸਿਆਸਤਦਾਨਾਂ ਵੱਲੋਂ ਕੀਤਾ ਜਾ ਰਿਹਾ ਹੋਵੇ। ਅਗਲੇ ਖੇਲ ਰਤਨ ਪੁਰਸਕਾਰ ਲਈ ਜਾਰੀ ਹੋਈ ਮੁੱਢਲੀ ਨਾਮਜ਼ਦਗੀ ਸੂਚੀ ਵਿੱਚ ਮਨੂ ਭਾਕਰ ਦਾ ਨਾਂ ਆਇਆ। ਉਂਝ, ਇਸ ਸੂਚੀ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਪੈਰਾ ਅਥਲੀਟ ਪ੍ਰਵੀਨ ਕੁਮਾਰ ਦੇ ਨਾਂ ਸ਼ਾਮਿਲ ਸਨ। ਹਰਮਨਪ੍ਰੀਤ ਸਿੰਘ ਨੇ ਭਾਰਤ ਨੂੰ ਓਲੰਪਿਕ ਖੇਡਾਂ ਵਿੱਚ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਗਮਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ; ਪ੍ਰਵੀਨ ਕੁਮਾਰ ਨੇ ਪੈਰਾਲੰਪਿਕਸ ਵਿੱਚ ਮਰਦਾਂ ਦੀ ਉੱਚੀ ਛਾਲ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ। ਬਿਨਾਂ ਸ਼ੱਕ ਹਰਮਨਪ੍ਰੀਤ ਸਿੰਘ ਅਤੇ ਪ੍ਰਵੀਨ ਕੁਮਾਰ ਇਸ ਵੱਕਾਰੀ ਖੇਡ ਪੁਰਸਕਾਰ ਦੇ ਹੱਕੀ ਦਾਅਵੇਦਾਰ ਹਨ ਪਰ ਮਨੂ ਭਾਕਰ ਬਰਾਬਰ ਦੀ ਹੱਕਦਾਰ ਹੈ।
ਹਾਲਾਂਕਿ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਖੇਡ ਮੰਤਰਾਲੇ ਵੱਲੋਂ ਜਾਰੀ ਕੀਤੀ ਜਾਣ ਵਾਲੀ ਅੰਤਿਮ ਸੂਚੀ ਵਿੱਚ ਮਨੂ ਭਾਕਰ ਦਾ ਨਾਂ ਸ਼ਾਮਿਲ ਕੀਤਾ ਜਾਵੇਗਾ ਪਰ ਪਹਿਲੀ ਸੂਚੀ ’ਚੋਂ ਨਾਂ ਗਾਇਬ ਹੋਣ ਦੀ ਘਟਨਾ ਨੇ ਪੁਰਸਕਾਰਾਂ ਦੀ ਵੰਡ ਪ੍ਰਕਿਰਿਆ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸਾਂ ਨੂੰ ਜਨਮ ਦਿੱਤਾ ਹੈ। ਹਾਲਾਂਕਿ ਮਨੂ ਨੇ ਖ਼ੁਦ ਹੀ ਇਹ ਕਬੂਲ ਕੀਤਾ ਹੈ ਕਿ ਪੁਰਸਕਾਰ ਲਈ ਅਰਜ਼ੀ ਦਾਖ਼ਲ ਕਰਨ ਵੇਲੇ ਉਸ ਵੱਲੋਂ ਹੀ ਕੋਈ ਗ਼ਲਤੀ ਰਹਿ ਗਈ ਸੀ ਜਿਸ ਨੂੰ ਹੁਣ ਸੁਧਾਰਿਆ ਜਾ ਰਿਹਾ ਹੈ ਪਰ ਅਜਿਹੇ ਵੱਕਾਰੀ ਪੁਰਸਕਾਰ ਲਈ ਅਰਜ਼ੀ ਦਾਖ਼ਲ ਕਰਨਾ ਤਾਂ ਮਹਿਜ਼ ਰਸਮੀ ਕਾਰਵਾਈ ਹੁੰਦੀ ਹੈ ਜਿਸ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ ਸਗੋਂ ਖਿਡਾਰੀ ਦੀ ਕਾਰਗੁਜ਼ਾਰੀ ਨੂੰ ਹੀ ਇਸ ਦਾ ਪੈਮਾਨਾ ਮੰਨਿਆ ਜਾਣਾ ਚਾਹੀਦਾ ਹੈ। ਸੂਚੀ ’ਚੋਂ ਨਾਂ ਗਾਇਬ ਹੋਣ ਦੀ ਘਟਨਾ ਤੋਂ ਬਾਅਦ ਮਨੂ ਦੇ ਪਿਤਾ ਨੇ ਇਹ ਕਹਿ ਕੇ ਆਪਣੀ ਭੜਾਸ ਕੱਢੀ ਕਿ ਜੇ ਪੁਰਸਕਾਰ ਲਈ ਤਰਲੇ ਹੀ ਕੱਢਣੇ ਪੈਣ ਤਾਂ ਦੇਸ਼ ਲਈ ਤਗ਼ਮੇ ਜਿੱਤਣ ਦੀ ਕੀ ਤੁਕ ਹੈ।
ਇਸ ਤੋਂ ਪਹਿਲਾਂ 2008 ਵਿੱਚ ਮੁੱਕੇਬਾਜ਼ ਐੱਮਸੀ ਮੈਰੀ ਕੋਮ ਨੇ ਇਸ ਗੱਲੋਂ ਨਾਖੁਸ਼ੀ ਜਤਾਈ ਸੀ ਕਿ ਉਸ ਦਾ ਨਾਂ ਖੇਲ ਰਤਨ ਪੁਰਸਕਾਰ ਲਈ ਕਿਉਂ ਨਹੀਂ ਵਿਚਾਰਿਆ ਗਿਆ ਹਾਲਾਂਕਿ ਉਸ ਨੇ ਲਗਾਤਾਰ ਚਾਰ ਵਾਰ ਵਿਸ਼ਵ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ। ਉਸ ਸਾਲ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਇੱਕ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਹੀ ਇਹ ਪੁਰਸਕਾਰ ਦੇ ਦਿੱਤਾ ਗਿਆ ਸੀ। ਇਹ ਗੱਲ ਵੱਖਰੀ ਹੈ ਕਿ ਉਸ ਤੋਂ ਅਗਲੇ ਸਾਲ ਮੈਰੀ ਕੋਮ ਨੂੰ ਇਹ ਪੁਰਸਕਾਰ ਦਿੱਤਾ ਗਿਆ ਸੀ। ਖੇਲ ਰਤਨ ਜਿਹੇ ਪੁਰਸਕਾਰ ਲਈ ਖਿਡਾਰੀ ਦੀ ਚੋਣ ਬਿਲਕੁਲ ਸੰਦੇਹਮੁਕਤ ਹੋਣੀ ਚਾਹੀਦੀ ਹੈ ਅਤੇ ਕਿਸੇ ਕਿਸਮ ਦੀ ਸੌੜੀ ਸਿਆਸਤ ਇਸ ਦੇ ਰਾਹ ਵਿੱਚ ਨਹੀਂ ਆਉਣੀ ਚਾਹੀਦੀ।