For the best experience, open
https://m.punjabitribuneonline.com
on your mobile browser.
Advertisement

ਟੱਲ ਦੀ ਆਵਾਜ਼

07:55 AM Mar 29, 2024 IST
ਟੱਲ ਦੀ ਆਵਾਜ਼
Advertisement

ਰਮੇਸ਼ ਭਾਰਦਵਾਜ

ਲਹਿਰਾਗਾਗਾ ਵਰਗੇ ਛੋਟੇ ਸ਼ਹਿਰ ਵਿੱਚ ਰਿਹਾਇਸ਼ ਹੋਣ ਪਿੱਛੋਂ ਵੀ ਸਾਡੇ ਪਰਿਵਾਰ ਨੇ ਪਸ਼ੂ ਪਾਲਣ ਦਾ ਕਿੱਤਾ ਅਪਣਾਈ ਰੱਖਿਆ। ਇਸ ਵਿੱਚ ਸਭ ਤੋਂ ਵੱਧ ਯੋਗਦਾਨ ਮੇਰੇ ਦਾਦਾ ਜੀ ਦੇ ਛੋਟੇ ਭਰਾ, ਛੜੇ ਦਾਦੇ ਚਾਨਣ ਰਾਮ ਜੀ ਦਾ ਸੀ। ਉਨ੍ਹਾਂ ਨੂੰ ਪਿੰਡ ਵਿੱਚ ਚਾਨਣ ਅਮਲੀ ਵੀ ਕਹਿੰਦੇ ਸਨ ਬੇਸ਼ੱਕ ਉਨ੍ਹਾਂ ਨੂੰ ਕੋਈ ਵੈਲ ਨਹੀਂ ਸੀ। ਉਸ ਸਮੇ ਤੰਬਾਕੂ ਤੇ ਚਾਹ ਵੱਧ ਪੀਣ ਵਾਲੇ ਨੂੰ ਅਮਲੀ ਕਿਹਾ ਜਾਂਦਾ ਸੀ। ਭੁੱਕੀ, ਗੋਲੀਆਂ ਉਸ ਸਮੇਂ ਚਲਦੀਆਂ ਨਹੀਂ ਸਨ। ਬਸ ਮੱਝਾਂ ਗਾਵਾਂ ਚਾਰਨ ਲਈ ਚਾਹ ਖੰਡ ਨਾਲ ਲਿਜਾਂਦੇ ਅਤੇ ਗਾੜ੍ਹੀ ਚਾਹ ਖੁਦ ਬਣਾ ਕੇ ਪੀਂਦੇ। ਉਨ੍ਹਾਂ ਦੀ ਡੀਲ-ਡੌਲ ਪਤਲੀ ਹੋਣ ਕਰ ਕੇ ਉਨ੍ਹਾਂ ਦੀ ਅਮਲੀ ਦੀ ਛੇੜ ਪਈ ਹੋਈ ਸੀ। ਉਹ ਭਲੇ ਵੇਲੇ ਸਨ। ਛੜੇ ਬੰਦੇ ਦੀ ਵੀ ਪੂਰੀ ਵੁੱਕਤ ਹੁੰਦੀ ਸੀ। ਦਾਦੇ ਹੋਰੀਂ ਚਾਰ ਭਰਾਵਾਂ ਵਿਚੋਂ ਦੋ ਛੜੇ ਸਨ। ਇੱਕ ਸਾਡੇ ਨਾਲ ਤੇ ਦੂਜਾ ਜੱਦੀ ਪਿੰਡ ਸੰਗਤੀਵਾਲਾ ਰਹਿੰਦੇ ਸਨ। ਦਾਦੇ ਚਾਨਣ ਰਾਮ ਦੀ ਮਹੱਲੇ ਵਿੱਚ ਵੀ ਪੂਰੀ ਹਕੂਮਤ ਸੀ। ਕੋਈ ਔਰਤ ਉਨ੍ਹਾਂ ਸਾਹਮਣੇ ਨੰਗੇ ਸਿਰ ਨਹੀਂ ਸੀ ਆਉਂਦੀ।
ਉਨ੍ਹਾਂ ਵੇਲਿਆਂ ਵਿੱਚ ਪਸ਼ੂਆਂ ਨੂੰ ਬਾਹਰ ਲਿਜਾਣ ਦਾ ਰਿਵਾਜ਼ ਸੀ। ਬਾਹਰ ਚਰਾਂਦਾਂ ਹੋਣ ਕਾਰਨ ਪਸ਼ੂ ਰੱਜ ਆਉਂਦੇ। ਇਉਂ ਘਰ ਵਿੱਚ ਉਨ੍ਹਾਂ ਨੂੰ ਰਜਾਉਣ ਲਈ ਘੱਟ ਪੱਠੇ-ਦੱਥੇ ਦੀ ਲੋੜ ਪੈਂਦੀ। ਸਾਡੇ ਇੱਕ ਗਾਂ ਹੁੰਦੀ ਸੀ, ਬੜੀ ਮਾਰਖੰਢਾਈ ਸੀ। ਉਹਦੀਆਂ ਲੱਤਾਂ ਵਿੱਚ ਡਹਾ ਪਾਇਆ ਹੁੰਦਾ ਸੀ ਅਤੇ ਗਲ ਵਿੱਚ ਟੱਲ। ਜਦੋਂ ਅਮਲੀ ਦਾਦਾ ਜੀ ਮਾਲ ਚਰਾ ਕੇ ਸ਼ਾਮ ਨੂੰ ਮਾਲ ਲੈ ਕੇ ਆਉਂਦੇ ਤਾਂ ਦੂਰ ਤੋਂ ਹੀ ਗਾਂ ਦੇ ਗਲ ਵਿੱਚ ਪਾਏ ਟੱਲ ਦੀ ਆਵਾਜ਼ ਸੁਣ ਕੇ ਵਿਹੜੇ ਦੀਆਂ ਔਰਤਾਂ ਛਾਈ ਮਾਈ ਹੋ ਕੇ ਘਰਾਂ ਅੰਦਰ ਵੜ ਜਾਂਦੀਆਂ। ਸਾਡੇ ਦਾਦਾ ਜੀ ਨੂੰ ਬਾਤਾਂ ਬਹੁਤ ਆਉਂਦੀਆਂ ਸੀ। ਸਾਡਾ ਬਚਪਨ ਉਨ੍ਹਾਂ ਦੀਆਂ ਬਾਤਾਂ ਕਹਾਣੀਆਂ ਸੁਣਦਿਆਂ ਹੀ ਬੀਤਿਆ। 1967-68 ਵਿੱਚ ਕੈਂਸਰ ਕਰ ਕੇ ਦਾਦਾ ਜੀ ਦੀ ਮੌਤ ਹੋ ਗਈ। ਉਦੋਂ ਕੈਂਸਰ ਬਾਰੇ ਪਤਾ ਉਨ੍ਹਾਂ ਦੀ ਲਾਸ਼ ਦਾ ਕੁਝ ਹਿੱਸਾ ਨਾ ਸੜਨ ਤੋਂ ਪਤਾ ਲੱਗਿਆ ਸੀ।
ਸਾਨੂੰ ਘਰ ਵਿੱਚ ਪਸ਼ੂ ਰੱਖਣ ਦੀ ਆਦਤ ਪੈ ਚੁੱਕੀ ਸੀ। ਉਦੋਂ ਦੁੱਧ ਵੇਚਣ ਦਾ ਰਿਵਾਜ਼ ਨਹੀਂ ਸੀ ਜਿਸ ਕਰ ਕੇ ਘਰ ਹਰ ਸਮੇਂ ਮਿੱਟੀ ਵਾਲੀ ਤੌੜੀ ਵਿਚ ਦੁੱਧ ਉਬਲਦਾ ਰਹਿੰਦਾ ਜੋ ਪੀਣ ਨੂੰ ਬਹੁਤ ਸਵਾਦੀ ਲੱਗਦਾ। ਘਰ ਲੱਸੀ, ਮੱਖਣ ਖੁੱਲ੍ਹਾ ਮਿਲਣ ਕਰ ਕੇ ਗੁਆਂਢੀਆਂ ਦੀ ਲਾਇਨ ਲੱਗੀ ਰਹਿੰਦੀ। ਅਮਲੀ ਦਾਦੇ ਦੀ ਮੌਤ ਤੋਂ ਬਾਅਦ ਫ਼ਰਕ ਇਹ ਪਿਆ ਕਿ ਪਸ਼ੂ ਥੋੜ੍ਹੇ ਰਹਿ ਗਏ। ਦੁੱਧ ਦੀ ਲੋੜ ਅਨੁਸਾਰ ਹੀ ਅਸੀਂ ਪਸ਼ੂ ਰੱਖਦੇ। ਪਸ਼ੂਆਂ ਦੀ ਬਹੁਤੀ ਜਿ਼ੰਮੇਵਾਰੀ ਵੱਡਾ ਹੋਣ ਕਰ ਕੇ ਮੇਰੇ ਸਿਰ ਹੀ ਸੀ। ਇੱਕ ਵਾਰੀ ਮੱਝ ਸੂਣ ਵਾਲੀ ਸੀ ਤੇ ਉਹ ਦੁੱਧੋਂ ਛੱਡ ਦਿੱਤੀ। ਚਾਹ ਪਾਣੀ ਲਈ ਦੁੱਧ ਦੀ ਲੋੜ ਪੂਰੀ ਕਰਨ ਲਈ ਇੱਕ ਹੋਰ ਮੱਝ ਖਰੀਦਣ ਲਈ ਮੈਂ ਤੇ ਮੇਰਾ ਫੁੱਫੜ ਪ੍ਰਕਾਸ਼ ਚੰਦ ਅਲੀਸ਼ੇਰ ਕਈ ਦਿਨ ਹਰਿਆਣੇ ਦੇ ਪਿੰਡਾਂ ਵਿੱਚ ਸਾਈਕਲ ’ਤੇ ਗੇੜਾ ਦਿੰਦੇ ਰਹੇ। ਫੁੱਫੜ ਮੱਝਾਂ ਦਾ ਪਾਰਖੂ ਮੰਨਿਆ ਜਾਂਦਾ ਸੀ। ਜਦੋਂ ਹਰਿਆਣਾ ਦੇ ਪਿੰਡਾਂ ਵਿੱਚੋਂ ਸਾਨੂੰ ਕੋਈ ਮੱਝ ਪਸੰਦ ਨਾ ਆਈ ਤਾਂ ਇੱਕ ਦਿਨ ਮੈਂ ਫੁੱਫੜ ਨੂੰ ਸਾਈਕਲ ’ਤੇ ਬਿਠਾ ਕੇ ਬੁਢਲਾਡੇ ਵਾਲੀ ਪਸ਼ੂ ਮੰਡੀ ਲੈ ਗਿਆ। ਉੱਥੇ ਕੁਝ ਬੰਦੇ ਬਹਿਸ ਕਰ ਰਹੇ ਸਨ ਕਿ ਮੱਝ ਕਿਸੇ ਮੁਸਲਮਾਨ ਨੂੰ ਨਹੀਂ ਦੇਣੀ ਭਾਵੇਂ ਸਸਤੀ ਵਿਕੇ ਪਰ ਦੇਣੀ ਕਿਸੇ ਜਿ਼ਮੀਂਦਾਰ ਭਰਾ ਨੂੰ ਹੀ ਹੈ। ਅਸੀਂ ਵੀ ਉਨ੍ਹਾਂ ਦੀਆਂ ਗੱਲਾਂ ਸੁਣਨ ਲੱਗ ਪਏ। ਇੰਨੇ ਨੂੰ ਇੱਕ ਦੁਕਾਨਦਾਰ ਉਨ੍ਹਾਂ ਵਿੱਚ ਆ ਸ਼ਾਮਿਲ ਹੋਇਆ ਤੇ ਕਹਿਣ ਲੱਗਾ, “ਮੱਝ ਤਾਂ ਹੁਣ ਤੁਸੀਂ ਚੋ ਲਈ ਹੈ, ਇਸ ਦੁੱਧ ਦਾ ਮੈਂ ਕੀ ਕਰਾਂ?” ਉਹ ਦੁਕਾਨਦਾਰ ਅਸਲ ਵਿੱਚ ਠੱਗ ਸੀ। ਦੁੱਧ ਦੀ ਭਰੀ ਬਾਲਟੀ ਦੇਖ ਕੇ ਫੁੱਫੜ ਵੀ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਿਆ। ਮੈਨੂੰ ਪਸ਼ੂਆਂ ਦੀ ਕੋਈ ਪਰਖ ਨਹੀਂ ਸੀ। ਮੈਂ ਤਾਂ ਸਿਰਫ ਬਾਹਰੋਂ ਵੀ ਦੇਖ ਸਕਦਾ ਸੀ ਕਿ ਮੱਝ ਕਿਹੋ ਜਿਹੀ ਹੈ। ਉਹ ਕੁੰਡੀ ਮੱਝ ਮੈਨੂੰ ਵੀ ਸੋਹਣੀ ਲੱਗੀ। ਅਸੀਂ ਮੱਝ ਮੰਡੀ ਵਿੱਚ ਲਿਖਾਏ ਬਿਨਾਂ ਉਨ੍ਹਾਂ ਤੋਂ ਲੈ ਆਏ। ਰਸਤੇ ਵਿੱਚ ਉਸ ਦਾ ਕਟੜੂ ਭੁੱਖ ਨਾਲ ਦਮ ਤੋੜ ਗਿਆ। ਮੈਨੂੰ ਬਹੁਤ ਬੁਰਾ ਲੱਗਿਆ। ਬੁਢਲਾਡੇ ਤੋਂ ਅਸੀਂ ਪੈਦਲ ਮੱਝ ਲੈ ਕੇ ਫੁਫੜ ਦੇ ਪਿੰਡ ਅਲੀਸ਼ੇਰ ਪਹੁੰਚੇ।
ਫੁੱਫੜ ਜੀ ਘਰ ਆ ਕੇ ਜਦੋਂ ਮੱਝ ਚੋਣ ਲੱਗੇ ਤਾਂ ਪਤਾ ਲੱਗਾ ਕਿ ਉਸ ਦੇ ਸਿਰਫ ਦੋ ਥਣ ਹੀ ਚੱਲਦੇ ਹਨ। ਮੱਝ ਪਿੱਛੇ ਕਟੜੂ ਉਨ੍ਹਾਂ ਕਿਸੇ ਹੋਰ ਮੱਝ ਦਾ ਲਾਇਆ ਹੋਇਆ ਸੀ। ਫੁੱਫੜ ਨੇ ਬਥੇਰੇ ਪੀਰ ਫਕੀਰ ਧਿਆਏ। ਲਾਲਾਂ ਵਾਲੇ ਪੀਰ ਦਾ ਅਸਰ ਕਬੂਲਦੇ ਭਰਾ ’ਤੇ ਆਉਂਦੇ ਅਸਰ ਤੇ ਖੇਡਦੇ ਦੀ ਲੱਗਦੀ ਪੌਣ ਮੌਕੇ ਹਾਜ਼ਰੀ ਭਰੀ ਪਰ ਕੁਝ ਨਾ ਬਣਿਆ। ਮੱਝ ਡਾਕਟਰਾਂ ਨੂੰ ਵੀ ਦਿਖਾਈ ਅਤੇ ਹੋਰ ਓਹੜ ਪੋਹੜ ਵੀ ਕੀਤੇ ਪਰ ਅਤੇ ਮੱਝ ਦੇ ਥਣ ਨਾ ਚੱਲੇ। ਠੱਗੀ ਦਾ ਸਿ਼ਕਾਰ ਹੋਣ ਕਰ ਕੇ ਘਰਦਿਆਂ ਦੀਆਂ ਚੋਭਾਂ ਵੱਖਰੀਆਂ ਝੱਲਣੀਆਂ ਪਈਆਂ। ਸਾਡਾ ਖਹਿੜਾ ਆਖਿ਼ਰਕਾਰ ਖਹਿੜਾ ਉਦੋਂ ਛੁੱਟਿਆ ਜਦੋਂ ਸਾਡੀ ਘਰ ਦੀ ਮੱਝ ਸੂ ਪਈ ਅਤੇ ਦੋ ਥਣੀਂ ਮੱਝ ਅਸੀਂ ਕਿਸੇ ਰਿਸ਼ਤੇਦਾਰ ਨੂੰ ਸੰਭਾਲ ਦਿੱਤੀ।
ਫਿਰ 90ਵਿਆਂ ਵਾਲਾ ਦਹਾਕਾ ਆਇਆ ਅਤੇ ਸਾਡੇ ਬੱਚਿਆਂ ਨੂੰ ਗੋਹੇ ਤੋਂ ਮੁਸ਼ਕ ਆਉਣ ਲੱਗ ਪਈ। ਇਉਂ ਘਰ ਵਿੱਚੋਂ ਪਸ਼ੂ ਵਿਦਾ ਹੋ ਗਏ। ਹੁਣ ਜਦੋਂ ਦੋਧੀ ਆ ਕੇ ਮੋਟਰਸਾਈਕਲ ਜਾਂ ਸਾਈਕਲ ਦਾ ਹਾਰਨ ਮਾਰਦਾ ਹੈ ਤਾਂ ਮੈਨੂੰ ਛੜੇ ਦਾਦੇ ਦੀ ਗਾਂ ਦੇ ਗਲ ਪਾਏ ਟੱਲ ਦੀ ਆਵਾਜ਼ ਸੁਣਾਈ ਦਿੰਦੀ ਹੈ।

Advertisement

ਸੰਪਰਕ: 94170-90220

Advertisement

Advertisement
Author Image

sukhwinder singh

View all posts

Advertisement