ਤੁਲੀਅਨ ਝੀਲ ਟਰੈਕ
ਦੇਵ ਕੁਰਾਈਵਾਲਾ
ਜਿਨ੍ਹਾਂ ਰਾਹਾਂ ’ਚੋਂ ਅਸੀਂ ਇੱਕ ਵਾਰ ਲੰਘ ਜਾਂਦੇ ਹਾਂ, ਉਹ ਰਾਹ ਤਾਉਮਰ ਸਾਡੇ ਵਿੱਚੋਂ ਲੰਘਦੇ ਰਹਿੰਦੇ ਹਨ। ਤੁਲੀਅਨ ਝੀਲ ਟਰੈਕ ਮੈਂ ਅੱਜ ਤੋਂ ਦੋ ਸਾਲ ਪਹਿਲਾਂ ਕੀਤਾ ਸੀ ਪਰ ਉਸ ਦੀਆਂ ਯਾਦਾਂ ਅੱਜ ਵੀ ਤਾਜ਼ੀਆਂ ਹਨ।
ਕਸ਼ਮੀਰ ਗ੍ਰੇਟ ਲੇਕ ਟਰੈਕ ਕਰਨ ਮਗਰੋਂ ਮੈਂ ਅਤੇ ਮੇਰੇ ਦੋਸਤ ਅੰਮ੍ਰਿਤਪਾਲ ਸਿੰਘ ਘੁੱਦਾ ਨੇ ਇੱਕ ਦਿਨ ਪਹਿਲਗਾਮ ਸ਼ਹਿਰ ਵਿੱਚ ਰੁਕੇ ਅਤੇ ਅਗਲੇ ਦਿਨ ਸਵੇਰੇ ਤੁਲੀਅਨ ਝੀਲ ਟਰੈਕ ਵੱਲ ਤੁਰ ਪਏ। ਇਸ ਟਰੈਕ ਦਾ ਆਉਣ ਜਾਣ ਦਾ ਸਫ਼ਰ ਲਗਭਗ ਚਾਲੀ ਕਿਲੋਮੀਟਰ ਬਣਦਾ ਸੀ। ਜੇਕਰ ਘੋੜੇ ’ਤੇ ਸਵਾਰ ਹੋ ਕੇ ਟਰੈਕ ਕੀਤਾ ਜਾਵੇ ਤਾਂ ਸ਼ਾਮ ਤੱਕ ਵਾਪਸ ਪਹਿਲਗਾਮ ਆਇਆ ਜਾ ਸਕਦਾ ਸੀ ਅਤੇ ਪੈਦਲ ਟਰੈਕ ਕਰਨ ’ਤੇ ਇੱਕ ਰਾਤ ਲੱਗਦੀ ਸੀ। ਅਸੀਂ ਪੈਦਲ ਜਾਣ ਦਾ ਫ਼ੈਸਲਾ ਕੀਤਾ। ਇਸ ਦਾ ਕਾਰਨ ਇਹ ਸੀ ਕਿ ਘੋੜੇ ਵਾਲੇ ਪ੍ਰਤੀ ਵਿਅਕਤੀ ਚਾਰ ਹਜ਼ਾਰ ਰੁਪਏ ਲੈਂਦੇ ਸਨ। ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਤੇ ਦੂਜਾ ਇਹ ਸੀ ਕਿ ਅਸੀਂ ਇਹ ਟਰੈਕ ਤੁਰ ਕੇ ਹੀ ਕਰਨਾ ਚਾਹੁੰਦੇ ਸੀ। ਘੋੜਿਆਂ ’ਤੇ ਟਰੈਕ ਕਰਨ ’ਚ ਨਾ ਤਾਂ ਕੋਈ ਰੋਮਾਂਚ ਹੁੰਦਾ ਹੈ ਤੇ ਨਾ ਹੀ ਆਨੰਦ। ਘੋੜਿਆਂ ਦੀ ਸਵਾਰੀ ਕਰਦਿਆਂ ਝੀਲ ਦੇਖਣ ਲਈ ਸਰੀਰਕ ਤੌਰ ’ਤੇ ਕਮਜ਼ੋਰ ਜਾਂ ਬਜ਼ੁਰਗ ਲੋਕ ਹੀ ਜਾਂਦੇ ਹਨ।
ਜਿਸ ਹੋਟਲ ’ਚ ਅਸੀਂ ਰੁਕੇ ਸੀ ਉਸ ਦਾ ਮਾਲਕ ਗਾਈਡ ਵੀ ਸੀ, ਉਸ ਨੇ ਹੀ ਸਾਨੂੰ ਇਸ ਟਰੈਕ ਬਾਰੇ ਜਾਣਕਾਰੀ ਦਿੱਤੀ ਸੀ। ਇਹ ਟਰੈਕ ਪਹਿਲਗਾਮ ਤੋਂ ਛੇ ਸੱਤ ਕਿਲੋਮੀਟਰ ਅੱਗੇ ਬਾਇਸਰਨ ਨਾਂ ਦੀ ਜਗ੍ਹਾ ਤੋਂ ਸ਼ੁਰੂ ਹੁੰਦਾ ਸੀ। ਬਾਇਸਰਨ ਤੱਕ ਕੱਚੀ ਪੱਕੀ ਜਿਹੀ ਸੜਕ ਸੀ ਤੇ ਅੱਗੇ ਇੱਕ ਪਗਡੰਡੀ ਤੁਲੀਅਨ ਝੀਲ ਤੱਕ ਜਾਂਦੀ ਸੀ।
ਅਸੀਂ ਆਪਣਾ ਲੋੜੀਂਦਾ ਸਮਾਨ ਟੈਂਟ, ਸਲੀਪਿੰਗ ਬੈਗ, ਗੈਸ ਸਿਲੰਡਰ, ਚੁੱਲ੍ਹਾ ਅਤੇ ਕੁਝ ਜ਼ਰੂਰਤ ਵਾਲੇ ਭਾਂਡੇ ਇੱਕ ਬੈਗ ਵਿੱਚ ਪਾ ਲਏ ਅਤੇ ਬਾਕੀ ਸਮਾਨ ਉਸੇ ਹੋਟਲ ’ਚ ਰੱਖ ਦਿੱਤਾ ਜਿੱਥੇ ਅਸੀਂ ਰਾਤ ਰੁਕੇ ਹੋਏ ਸੀ।
ਅਸੀਂ ਹੋਟਲ ਤੋਂ ਬਾਇਸਰਨ ਵੱਲ ਤੁਰਨਾ ਸ਼ੁਰੂ ਕਰ ਦਿੱਤਾ। ਦੋ ਘੰਟੇ ਤੁਰਨ ਤੋਂ ਬਾਅਦ ਅਸੀਂ ਉਸ ਜਗ੍ਹਾ ਪਹੁੰਚ ਗਏ ਜਿੱਥੇ ਇਹ ਕੱਚਾ ਰਸਤਾ ਅੱਗੇ ਜੰਗਲ ਵਿੱਚ ਲੰਘ ਜਾਂਦਾ ਸੀ ਅਤੇ ਇਸ ਦੇ ਸੱਜੇ ਹੱਥ ਇੱਕ ਪਗਡੰਡੀ ਉੱਪਰ ਪਹਾੜਾਂ ਵੱਲ ਨਿਕਲਦੀ ਸੀ। ਇਹੀ ਪਗਡੰਡੀ ਤੁਲੀਅਨ ਝੀਲ ਦਾ ਰਸਤਾ ਸੀ। ਅਸੀਂ ਇਸ ਪਗਡੰਡੀ ’ਤੇ ਤੁਰਨ ਲੱਗੇ। ਇਸ ਪਗਡੰਡੀ ’ਤੇ ਛੋਟੇ ਪੱਥਰਾਂ ਦੇ ਵਿਚਦੀ ਪਾਣੀ ਵਗ ਰਿਹਾ ਸੀ ਜਿਸ ਕਾਰਨ ਇਹ ਰਸਤਾ ਤਿਲ੍ਹਕਣ ਵਾਲਾ ਸੀ। ਕਦੇ ਕਦੇ ਕੋਲ ਦੀ ਘੋੜੇ ਲੰਘਦੇ ਤਾਂ ਉਨ੍ਹਾਂ ਤੋਂ ਬਹੁਤ ਮੁਸ਼ਕਿਲ ਨਾਲ ਬਚਦੇ ਕਿਉਂਕਿ ਰਸਤਾ ਬਹੁਤ ਤੰਗ ਸੀ। ਥੋੜ੍ਹਾ ਸਮਾਂ ਤੁਰਨ ਮਗਰੋਂ ਅਸੀਂ ਇੱਕ ਪੱਧਰੇ ਮੈਦਾਨ ਵਿੱਚ ਪਹੁੰਚ ਗਏ। ਇਹ ਬਾਇਸਰਨ ਦੀ ਮਸ਼ਹੂਰ ਜਗ੍ਹਾ ਸੀ ਜਿੱਥੇ ਘੁੰਮਣ ਆਏ ਸੈਲਾਨੀ ਕੁਝ ਸਮਾਂ ਬਤੀਤ ਕਰਦੇ ਹਨ। ਮੈਦਾਨ ਦੇ ਮੁੱਖ ਗੇਟ ’ਤੇ ਚਾਹ ਦੀਆਂ ਦੁਕਾਨਾਂ ਹਨ। ਸਾਹਮਣੇ ਘੋੜਿਆਂ ਦੀ ਠਹਿਰ ਜੋ ਪਹਿਲਗਾਮ ਤੋਂ ਇੱਥੋਂ ਤੱਕ ਸੈਲਾਨੀਆਂ ਨੂੰ ਲੈ ਕੇ ਆਉਂਦੇ ਹਨ। ਮੈਦਾਨ ਲੋਕਾਂ ਨਾਲ ਪੂਰਾ ਭਰਿਆ ਹੋਇਆ ਸੀ ਅਤੇ ਵਿੱਚ ਬੱਚਿਆਂ ਦੇ ਖੇਡਣ ਲਈ ਕੁਝ ਖੇਡਾਂ ਰੱਖੀਆਂ ਹੋਈਆਂ ਸਨ। ਜ਼ਿਆਦਾਤਰ ਲੋਕ ਪਹਿਲਗਾਮ ਤੋਂ ਬਾਇਸਰਨ ਦੇ ਇਸ ਮੈਦਾਨ ਤੱਕ ਹੀ ਆਉਂਦੇ ਹਨ ਅਤੇ ਕੁਝ ਘੰਟੇ ਇੱਥੇ ਬਿਤਾ ਕੇ ਪਹਿਲਗਾਮ ਹੀ ਪਰਤ ਜਾਂਦੇ ਹਨ। ਦੁਪਹਿਰ ਦੇ ਬਾਰਾਂ ਵੱਜ ਚੁੱਕੇ ਸਨ।
ਅਸੀਂ ਇੱਥੇ ਬੈਠ ਕੇ ਚਾਹ ਪੀਤੀ ਅਤੇ ਦੁਕਾਨ ਵਾਲਿਆਂ ਤੋਂ ਟਰੈਕ ਦਾ ਰਸਤਾ ਪੁੱਛਣ ਲੱਗੇ। ਸਾਡੇ ਕੋਲ ਏਨੇ ਵੀ ਪੈਸੇ ਨਹੀਂ ਸਨ ਕਿ ਅਸੀਂ ਦੋ ਦਿਨ ਲਈ ਆਪਣੇ ਨਾਲ ਕੋਈ ਗਾਈਡ ਹੀ ਲੈ ਜਾਂਦੇ।
ਦੁਕਾਨ ਵਾਲੇ ਨੇ ਸਾਨੂੰ ਟਰੈਕ ਦਾ ਅਗਲਾ ਰਸਤਾ ਸਮਝਾ ਦਿੱਤਾ ਜੋ ਦਿਓਦਾਰ ਦੇ ਸੰਘਣੇ ਜੰਗਲ ਵਿਚਦੀ ਹੋ ਕੇ ਗੁਜ਼ਰਦਾ ਸੀ। ਉਨ੍ਹਾਂ ਸਾਨੂੰ ਇਹ ਵੀ ਦੱਸਿਆ ਕਿ ਸਾਹਮਣੇ ਦਿਸਦਾ ਜੰਗਲ ਪਾਰ ਕਰਨ ਤੋਂ ਬਾਅਦ ਸਾਨੂੰ ਬੱਕਰਵਾਲ ਦਾ ਇੱਕ ਘਰ ਮਿਲੇਗਾ ਜਿੱਥੇ ਅਸੀਂ ਰਾਤ ਰੁਕ ਸਕਦੇ ਸੀ।
ਇਹ ਹਰਾ ਮੈਦਾਨ ਲੰਘਣ ਮਗਰੋਂ ਸਾਨੂੰ ਬੱਕਰਵਾਲਾਂ ਦੇ ਕੁਝ ਘਰ ਦਿਸੇ ਜੋ ਕੱਚੇ ਸਨ। ਇਨ੍ਹਾਂ ਦੀਆਂ ਛੱਤਾਂ ਕਾਨਿਆਂ ਦੀਆਂ ਪੱਤਲਾਂ ਨਾਲ ਬਣੀਆਂ ਹੋਈਆਂ ਸਨ। ਟਰੈਕ ਇਨ੍ਹਾਂ ਘਰਾਂ ਦੇ ਵਿਚਕਾਰ ਦੀ ਹੋ ਕੇ ਗੁਜ਼ਰਦਾ ਸੀ।
ਦੁਕਾਨ ਵਾਲੇ ਦੀ ਦੱਸੀ ਨਿਸ਼ਾਨੀ ਮੁਤਾਬਿਕ ਅਸੀਂ ਇਨ੍ਹਾਂ ਘਰਾਂ ਤੱਕ ਤਾਂ ਆਰਾਮ ਨਾਲ ਪਹੁੰਚ ਗਏ ਪਰ ਇਸ ਤੋਂ ਅੱਗੇ ਸੰਘਣਾ ਜੰਗਲ ਸ਼ੁਰੂ ਹੋ ਚੁੱਕਾ ਸੀ। ਜੋ ਰਸਤਾ ਪਿੱਛੋਂ ਆ ਰਿਹਾ ਸੀ ਉਹ ਜੰਗਲ ’ਚ ਆ ਕੇ ਇਕਦਮ ਖ਼ਤਮ ਹੋ ਗਿਆ ਸੀ ਜਿਸ ਕਾਰਨ ਸਾਨੂੰ ਅੱਗੇ ਰਸਤਾ ਲੱਭਣ ’ਚ ਮੁਸ਼ਕਿਲ ਆ ਰਹੀ ਸੀ। ਅਸੀਂ ਉੱਥੇ ਰੁਕ ਕੇ ਕਿਸੇ ਹੋਰ ਸੈਲਾਨੀ ਦੀ ਉਡੀਕ ਕਰਨ ਲੱਗੇ ਤਾਂ ਕਿ ਸਾਨੂੰ ਰਸਤਾ ਪਤਾ ਲੱਗ ਜਾਵੇ। ਅਸੀਂ ਕਿੰਨਾ ਹੀ ਸਮਾਂ ਉਡੀਕਦੇ ਰਹੇ ਪਰ ਕੋਈ ਵੀ ਸੈਲਾਨੀ ਸਾਡੇ ਵੱਲ ਆਉਂਦਾ ਨਾ ਮਿਲਿਆ। ਸਾਨੂੰ ਇਹ ਲੱਗਣ ਲੱਗਾ ਕਿ ਅਸੀਂ ਗ਼ਲਤ ਦਿਸ਼ਾ ਵੱਲ ਜਾ ਰਹੇ ਹਾਂ। ਅਸੀਂ ਮੁੜਨ ਹੀ ਲੱਗੇ ਸੀ ਕਿ ਸਾਨੂੰ ਜ਼ਮੀਨ ’ਤੇ ਘੋੜਿਆਂ ਦੀਆਂ ਪੈੜਾਂ ਅਤੇ ਸੱਜਰੀ ਲਿੱਦ ਪਈ ਦਿਸੀ। ਅਸੀਂ ਸਮਝ ਗਏ ਕਿ ਇਹ ਪੈੜਾਂ ਸਾਨੂੰ ਟਰੈਕ ਵੱਲ ਲਿਜਾ ਸਕਦੀਆਂ ਹਨ। ਅਸੀਂ ਤਾਜ਼ੀ ਲਿੱਦ ਅਤੇ ਘੋੜਿਆਂ ਦੀਆਂ ਪੈੜਾਂ ਦੇ ਮਗਰ ਮਗਰ ਤੁਰਨ ਲੱਗੇ। ਥੋੜ੍ਹੀ ਦੂਰ ਜਾ ਕੇ ਸਾਨੂੰ ਇੱਕ ਪਗਡੰਡੀ ਮਿਲ ਗਈ। ਇਸ ’ਤੇ ਪਈਆਂ ਸੱਜਰੀਆਂ ਪੈੜਾਂ ਇਹ ਦੱਸਦੀਆਂ ਸਨ ਕਿ ਇਹ ਰਸਤਾ ਚੱਲ ਰਿਹਾ ਹੈ। ਹੁਣ ਅਸੀਂ ਹੌਸਲੇ ਵਿੱਚ ਸੀ ਕਿ ਸਾਨੂੰ ਇਸ ਸੰਘਣੇ ਜੰਗਲ ਵਿੱਚ ਤੁਲੀਅਨ ਝੀਲ ਤੱਕ ਜਾਣ ਦਾ ਰਸਤਾ ਮਿਲ ਗਿਆ ਹੈ। ਦਿਓਦਾਰ ਦੇ ਉੱਚੇ ਦਰੱਖ਼ਤ ਅੰਬਰ ਛੂੰਹਦੇ ਜਾਪਦੇ ਸਨ ਤੇ ਕਿਤੇ ਇਹ ਰੁੱਖ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਅਧਰੰਗ ਦੇ ਕਿਸੇ ਰੋਗੀ ਵਾਂਗ ਖੜਸੁੱਕ ਹੋਏ ਜ਼ਮੀਨ ’ਤੇ ਲੰਮੇ ਪਏ ਸਨ।
ਜੰਗਲ ’ਚ ਦਾਖ਼ਲ ਹੁੰਦਿਆਂ ਹੀ ਇਕਦਮ ਤਿੱਖੀ ਚੜ੍ਹਾਈ ਨੇ ਸਾਡਾ ਸਵਾਗਤ ਕੀਤਾ। ਅਸੀਂ ਜਿਉਂ ਜਿਉਂ ਅੱਗੇ ਜਾ ਰਹੇ ਸੀ ਜੰਗਲ ਸੰਘਣਾ ਹੋ ਰਿਹਾ ਸੀ। ਜੰਗਲ ਵਿੱਚ ਦੂਰ ਦੂਰ ਤੋਂ ਪੰਛੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸਾਡੇ ਦੋਵਾਂ ਕੋਲ ਇੱਕ ਹੀ ਪਿੱਠੂ ਬੈਗ ਸੀ ਜੋ ਅਸੀਂ ਦੋਵੇਂ ਜਣੇ ਵਾਰੀ ਵਾਰੀ ਚੁੱਕ ਰਹੇ ਸੀ। ਬੈਗ ’ਚ ਭਾਰ ਵੀ ਜ਼ਿਆਦਾ ਸੀ ਅਤੇ ਚੜ੍ਹਾਈ ਵੀ ਬਿਲਕੁਲ ਤਿੱਖੀ ਸੀ ਜਿਸ ਨਾਲ ਸਾਡਾ ਸਾਹ ਚੜ੍ਹ ਰਿਹਾ ਸੀ। ਸੰਘਣੇ ਜੰਗਲ ਦੇ ਵਿਚਦੀ ਕਿਤੇ ਕਿਤੇ ਧੁੱਪ ਧਰਤੀ ’ਤੇ ਪੈ ਰਹੀ ਸੀ।
ਦੁਪਹਿਰ ਢਾਈ ਤਿੰਨ ਵਜੇ ਦਾ ਸਮਾਂ ਹੋ ਚੁੱਕਾ ਸੀ। ਸਾਡੇ ਕੋਲ ਪਾਣੀ ਬਿਲਕੁਲ ਖ਼ਤਮ ਹੋ ਚੁੱਕਾ ਸੀ। ਜਿਸ ਦੁਕਾਨ ਵਾਲੇ ਤੋਂ ਅਸੀਂ ਰਸਤਾ ਪਤਾ ਕੀਤਾ ਸੀ ਉਸ ਨੇ ਸਾਨੂੰ ਰਸਤੇ ’ਚ ਪਾਣੀ ਮਿਲਣ ਦਾ ਹੌਸਲਾ ਦਿੱਤਾ ਸੀ ਜਿਸ ਕਾਰਨ ਅਸੀਂ ਆਪਣੇ ਨਾਲ ਵਾਧੂ ਪਾਣੀ ਨਹੀਂ ਚੁੱਕਿਆ ਸੀ ਪਰ ਸਾਰੇ ਰਸਤੇ ’ਚ ਕਿਤੇ ਵੀ ਸਾਨੂੰ ਪਾਣੀ ਨਾ ਮਿਲਿਆ।
ਟਰੈਕ ’ਤੇ ਇੱਕ ਪਗਡੰਡੀ ਸੀ, ਚੁਫ਼ੇਰੇ ਦਿਓਦਾਰ ਦਾ ਸੰਘਣਾ ਜੰਗਲ ਅਤੇ ਪੈਰਾਂ ਥੱਲੇ ਦਿਓਦਾਰ ਦੇ ਸੁੱਕੇ ਪੱਤੇ ਅਤੇ ਟਾਹਣੀਆਂ। ਇਹ ਜੰਗਲ ਕਈ ਥਾਵਾਂ ਤੋਂ ਅੱਗ ਦੀ ਲਪੇਟ ਵਿੱਚ ਵੀ ਆਇਆ ਹੋਇਆ ਸੀ। ਸਾਨੂੰ ਸਵੇਰ ਦੇ ਚੱਲਿਆਂ ਨੂੰ ਸਿਰਫ਼ ਦੋ ਵਾਰ ਹੋਰ ਯਾਤਰੀ ਮਿਲੇ ਸਨ, ਉਹ ਵੀ ਘੋੜਿਆਂ ਦੇ ਉੱਪਰ ਸਨ ਜੋ ਬਹੁਤ ਜਲਦੀ ਸਾਡੇ ਤੋਂ ਅੱਗੇ ਲੰਘ ਜਾਂਦੇ ਸਨ।
ਸੰਘਣੇ ਜੰਗਲ ’ਚ ਤੁਰਦਿਆਂ ਸਾਨੂੰ ਇਹ ਅਹਿਸਾਸ ਹੋਇਆ ਕਿ ਜੰਗਲ ਵੀ ਬੋਲਦੇ ਹਨ। ਹਵਾ ਦੀ ਸਾਂ-ਸਾਂ ’ਚ ਰਲ ਕੇ ਆਉਂਦੀਆਂ ਪੰਛੀਆਂ ਦੀਆਂ ਆਵਾਜ਼ਾਂ ਸੰਘਣੇ ਜੰਗਲ ਨੂੰ ਹੋਰ ਗਹਿਰਾ ਕਰਦੀਆਂ ਸਨ। ਇਸ ਤੋਂ ਪਹਿਲਾਂ ਅਸੀਂ ਜੰਗਲ ਵਿਚਲੇ ਸੜਕੀ ਰਸਤਿਆਂ ’ਤੇ ਸਾਈਕਲ ਰਾਹੀਂ ਕਈ ਵਾਰ ਸਫ਼ਰ ਕਰ ਚੁੱਕੇ ਸੀ, ਪਰ ਪੈਦਲ ਸਫ਼ਰ ਦਾ ਪਹਿਲਾ ਤਜਰਬਾ ਸੀ। ਅਸੀਂ ਜੰਗਲ ਨੂੰ ਪਹਿਲੀ ਵਾਰ ਏਨਾ ਨੇੜੇ ਤੋਂ ਦੇਖ ਰਹੇ ਸੀ। ਇਹ ਸਫ਼ਰ ਜਿੰਨਾ ਔਖਾ ਸੀ ਓਨਾ ਹੀ ਰੋਮਾਂਚ ਭਰਿਆ ਸੀ। ਜੰਗਲ ’ਚ ਤੁਰਦਿਆਂ ਮੈਨੂੰ ਫਿਲਮ ‘ਰੋਜਾ’ ਯਾਦ ਆ ਗਈ ਕਿਉਂਕਿ ਮੇਰੇ ਅੰਦਰ ਜੰਗਲ ਨੂੰ ਦੇਖਣ ਦੀ ਤਲਬ ਪਹਿਲੀ ਵਾਰ ਇਹ ਫਿਲਮ ਦੇਖ ਕੇ ਹੀ ਪੈਦਾ ਹੋਈ ਸੀ।
ਦਿਨ ਢਲਣ ਲੱਗਿਆ ਸੀ ਪਰ ਸੂਰਜ ਅਜੇ ਆਪਣੇ ਜੋਬਨ ’ਤੇ ਸੀ। ਅਸੀਂ ਦੇਖਿਆ ਕਿ ਸੰਘਣੇ ਜੰਗਲ ’ਚ ਇਕਦਮ ਰੌਸ਼ਨੀ ਵਧਣ ਲੱਗੀ ਜਿਸ ਨੇ ਜੰਗਲ ਦੇ ਗਹਿਰੇਪਣ ਨੂੰ ਕੁਝ ਪੇਤਲਾ ਪਾ ਦਿੱਤਾ। ਸਾਨੂੰ ਪਾਣੀ ਦੇ ਵਗਣ ਦੀ ਆਵਾਜ਼ ਵੀ ਸੁਣਨ ਲੱਗੀ। ਅਸੀਂ ਅੰਦਾਜ਼ਾ ਲਾਇਆ ਕਿ ਇਸ ਸੰਘਣੇ ਜੰਗਲ ’ਚੋਂ ਬਾਹਰ ਨਿਕਲਣ ਵਾਲੇ ਹਾਂ। ਅਸੀਂ ਥੋੜ੍ਹਾ ਹੋਰ ਅੱਗੇ ਗਏ ਤਾਂ ਧੁੱਪ ਨੇ ਸਾਡਾ ਸਵਾਗਤ ਕੀਤਾ। ਦਿਓਦਾਰਾਂ ਦੀ ਛਾਂ ਸਾਡੇ ਹੱਡਾਂ ਨੂੰ ਠਾਰ ਰਹੀ ਸੀ, ਇਸ ਧੁੱਪ ਨੇ ਉਨ੍ਹਾਂ ਨੂੰ ਨਿੱਘ ਦਿੱਤਾ। ਮੈਂ ਸੂਰਜ ਵੱਲ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਮੇਰੀਆਂ ਅੱਖਾਂ ਚੁੰਧਿਆ ਦਿੱਤੀਆਂ।
ਜੰਗਲ ਬਿਲਕੁਲ ਖ਼ਤਮ ਹੋ ਚੁੱਕਾ ਸੀ। ਅਸੀਂ ਜਿਸ ਪਹਾੜ ’ਤੇ ਚੜ੍ਹ ਰਹੇ ਸੀ ਇਹ ਉਸ ਦਾ ਸਿਖਰ ਸੀ। ਸਾਡੇ ਸਾਹਮਣੇ ਖੁੱਲ੍ਹਾ ਮੈਦਾਨ ਸੀ।
ਅਸੀਂ ਜਿੰਨੀ ਤਿੱਖੀ ਚੜ੍ਹਾਈ ਚੜ੍ਹ ਕੇ ਆਏ ਸੀ ਸਾਡੇ ਸਾਹਮਣੇ ਓਨੀ ਹੀ ਤਿੱਖੀ ਉਤਰਾਈ ਸੀ ਮਤਲਬ ਕਿ ਅਸੀਂ ਦੋ ਉਤਰਾਈਆਂ ਵਿਚਾਲੇ ਬਣੇ ਹੋਏ ਪੱਧਰੇ ਰਸਤੇ ’ਤੇ ਤੁਰਨਾ ਸ਼ੁਰੂ ਕਰ ਦਿੱਤਾ। ਇਹ ਰਸਤਾ ਬਿਲਕੁਲ ਸਮਤਲ ਸੀ। ਸਾਡੇ ਸੱਜੇ ਅਤੇ ਖੱਬੇ ਹੱਥ ਸੰਘਣਾ ਜੰਗਲ ਸੀ। ਸਾਨੂੰ ਪਾਣੀ ਦੀ ਆਵਾਜ਼ ਸੁਣ ਰਹੀ ਸੀ। ਅਸੀਂ ਉਸ ਝਰਨੇ ਦੇ ਨਾਲ ਨਾਲ ਤੁਰ ਰਹੇ ਸੀ। ਝਰਨੇ ਤੋਂ ਅੰਦਾਜ਼ਾ ਲਾਇਆ ਕਿ ਤੁਲੀਅਨ ਝੀਲ ਨੇੜੇ ਤੇੜੇ ਹੀ ਹੋਵੇਗੀ ਅਤੇ ਇਹ ਵਗ ਰਿਹਾ ਪਾਣੀ ਉਸੇ ਝੀਲ ਦਾ ਹੋਵੇਗਾ।
ਹੁਣ ਅਸੀਂ ਬੱਕਰਵਾਲ ਦਾ ਉਹ ਘਰ ਲੱਭਣਾ ਸ਼ੁਰੂ ਕਰ ਦਿੱਤਾ ਜਿਸ ਦੀ ਜਾਣਕਾਰੀ ਸਾਨੂੰ ਥੱਲੇ ਦੁਕਾਨਦਾਰ ਨੇ ਦਿੱਤੀ ਸੀ। ਉਸ ਦੀਆਂ ਦੱਸੀਆਂ ਨਿਸ਼ਾਨੀਆਂ ਮੁਤਾਬਿਕ ਅਸੀਂ ਉਸ ਘਰ ਦੇ ਨਜ਼ਦੀਕ ਪਹੁੰਚ ਗਏ ਸੀ।
ਥੋੜ੍ਹੀ ਦੂਰ ਸਾਨੂੰ ਇੱਕ ਡਰਨਾ ਗੱਡਿਆ ਹੋਇਆ ਮਿਲਿਆ ਜੋ ਦੂਰੋਂ ਇਨਸਾਨ ਦਾ ਭੁਲੇਖਾ ਪਾਉਂਦਾ ਸੀ। ਅਸੀਂ ਥੋੜ੍ਹਾ ਹੋਰ ਅੱਗੇ ਗਏ ਤਾਂ ਸਾਨੂੰ ਉੱਥੇ ਕੁਝ ਕੁੱਕੜ ਤੁਰੇ ਫਿਰਦੇ ਦਿਸੇ ਜਿਸ ਤੋਂ ਸਾਨੂੰ ਅੰਦਾਜ਼ਾ ਹੋ ਗਿਆ ਕਿ ਅਸੀਂ ਕਿਸੇ ਰਿਹਾਇਸ਼ ਦੇ ਨੇੜੇ ਪਹੁੰਚ ਗਏ ਹਾਂ।
ਥੋੜ੍ਹਾ ਹੋਰ ਅੱਗੇ ਗਏ ਤਾਂ ਪਹਿਲਾਂ ਇੱਕ ਝੌਂਪੜੀ ਦਿਸੀ। ਫਿਰ ਤਿੰਨ ਚਾਰ ਆਦਮੀ ਦਿਸੇ। ਅਸੀਂ ਬੱਕਰਵਾਲਾਂ ਦੇ ਘਰ ਕੋਲ ਪਹੁੰਚ ਗਏ ਸੀ। ਝੌਂਪੜੀ ਦੇ ਬਿਲਕੁਲ ਉਲਟ ਦਿਸ਼ਾ ਵਿੱਚ ਸ਼ਤੀਰਾਂ ਨਾਲ ਬਣਿਆ ਹੋਇਆ ਬੱਕਰਵਾਲਾਂ ਦਾ ਘਰ ਸੀ ਜਿਸ ਦੀ ਛੱਤ ਪੌਲੀਥੀਨ ਦੇ ਲਿਫ਼ਾਫ਼ੇ ਨਾਲ ਪਾਈ ਹੋਈ ਸੀ। ਸਾਨੂੰ ਇਸ ਘਰ ਦੇ ਬੂਹੇ ’ਤੇ ਫਿਰਨ (ਕਸ਼ਮੀਰੀ ਲੋਕ ਜੋ ਲੰਮਾ ਚੋਲਾ ਪਹਿਨਦੇ ਹਨ) ਪਾਈ ਖੜ੍ਹਾ ਇੱਕ ਬੱਕਰਵਾਲ ਮਿਲਿਆ। ਉਸ ਨਾਲ ਥੋੜ੍ਹੀ ਜਾਣ-ਪਛਾਣ ਕਰਨ ਮਗਰੋਂ ਮੈਂ ਉਸ ਨੂੰ ਚਾਹ ਅਤੇ ਰੋਟੀ ਬਾਰੇ ਪੁੱਛਿਆ। ਇਹ ਬੱਕਰਵਾਲ ਬਹੁਤ ਪਿਆਰਾ ਆਦਮੀ ਸੀ। ਇਸ ਨੇ ਸਾਨੂੰ ਮੁਫ਼ਤ ਵਿੱਚ ਚਾਹ ਪੀਣ ਲਈ ਪੇਸ਼ਕਸ਼ ਕੀਤੀ ਜੋ ਅਸੀਂ ਸਵੀਕਾਰ ਕਰ ਲਈ।
ਅਸੀਂ ਬੱਕਰਵਾਲਾਂ ਦੇ ਘਰ ਅੰਦਰ ਗਏ ਤਾਂ ਅੰਦਰ ਪੂਰੀ ਛੱਤ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਪਾਸੇ ਬੱਕਰੀਆਂ ਅਤੇ ਭੇਡਾਂ ਲਈ ਜਗ੍ਹਾ ਬਣੀ ਹੋਈ ਸੀ ਅਤੇ ਦੂਜੇ ਪਾਸੇ ਬੱਕਰਵਾਲ ਦਾ ਪਰਿਵਾਰ ਰਹਿ ਰਿਹਾ ਸੀ। ਸਟੀਲ ਦੇ ਭਾਂਡੇ ਬਹੁਤ ਸਲੀਕੇ ਨਾਲ ਚਿਣੇ ਹੋਏ ਸਨ, ਪਰ ਕੁਝ ਪਤੀਲਿਆਂ ਉੱਤੇ ਕਾਲਖ ਜੰਮੀ ਹੋਈ ਸੀ। ਬੂਹੇ ਦੇ ਬਿਲਕੁਲ ਨਾਲ ਹੀ ਮਿੱਟੀ ਦਾ ਚੁੱਲ੍ਹਾ ਅਤੇ ਚਿਮਨੀ ਬਣੀ ਹੋਈ ਸੀ। ਸਾਨੂੰ ਦੇਖ ਬੱਕਰਵਾਲ ਦਾ ਸਾਰਾ ਪਰਿਵਾਰ (ਦੋ ਭਰਾ, ਉਨ੍ਹਾਂ ਦੀਆਂ ਪਤਨੀਆਂ ਅਤੇ ਬੱਚੇ) ਚੁੱਲ੍ਹੇ ਦੁਆਲੇ ਆ ਕੇ ਬੈਠ ਗਿਆ। ਉਨ੍ਹਾਂ ਨੇ ਸਾਨੂੰ ਬੱਕਰੀ ਦੇ ਦੁੱਧ ਤੋਂ ਬਣੀ ਚਾਹ ਪੀਣ ਲਈ ਦਿੱਤੀ ਅਤੇ ਨਾਲ ਹੀ ਇੱਕ ਇੱਕ ਕਸ਼ਮੀਰੀ ਰੋਟੀ ਵੀ ਖਾਣ ਨੂੰ ਦਿੱਤੀ। ਅਸੀਂ ਕਸ਼ਮੀਰੀ ਰੋਟੀਆਂ ’ਤੇ ਲੂਣ ਲਾਇਆ ਅਤੇ ਚਾਹ ’ਚ ਡੁਬੋ ਕੇ ਮਜ਼ੇ ਨਾਲ ਰੋਟੀ ਖਾਧੀ।
ਬੱਕਰਵਾਲ ਦਾ ਇਹ ਘਰ ਘਾਹ ਦੇ ਹਰੇ ਮੈਦਾਨ ’ਚ ਬਹੁਤ ਰਮਣੀਕ ਜਗ੍ਹਾ ’ਤੇ ਬਣਿਆ ਹੋਇਆ ਸੀ। ਮੈਦਾਨ ਕਾਫ਼ੀ ਖੁੱਲ੍ਹਾ ਸੀ। ਦੋਵੇਂ ਪਾਸੇ ਸੰਘਣਾ ਜੰਗਲ ਅਤੇ ਉੱਚੇ ਪਹਾੜ ਸਨ। ਮੈਦਾਨ ਦੇ ਨਾਲ ਹੀ ਸਾਫ਼ ਪਾਣੀ ਦਾ ਨਾਲਾ ਵਗ ਰਿਹਾ ਸੀ। ਮੈਦਾਨ ’ਚ ਬੱਕਰੀਆਂ ਚਰ ਰਹੀਆਂ ਸਨ ਅਤੇ ਇੱਕ ਪਹਾੜੀ ਮੁੰਡਾ ਬੱਕਰੀਆਂ ਚਾਰਦਾ ਹੋਇਆ ਕਸ਼ਮੀਰੀ ਗੀਤ ਗਾ ਰਿਹਾ ਸੀ। ਦ੍ਰਿਸ਼ ਬਹੁਤ ਸੋਹਣਾ ਸੀ। ਇਸ ਜਗ੍ਹਾ ਨੂੰ ਤੁਲੀਅਨ ਵੈਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਸ਼ਾਮ ਦੇ ਛੇ ਵੱਜ ਚੁੱਕੇ ਸਨ। ਠੰਢ ਉਤਰਨੀ ਸ਼ੁਰੂ ਹੋ ਗਈ ਸੀ। ਅਸੀਂ ਕੁਝ ਸਮਾਂ ਬਾਹਰ ਘੁੰਮਣ ਮਗਰੋਂ ਬੱਕਰਵਾਲਾਂ ਦੇ ਘਰ ਅੰਦਰ ਹੀ ਬੈਠ ਗਏ। ਚੁੱਲ੍ਹਾ ਬਲ ਰਿਹਾ ਸੀ ਜੋ ਸਾਰੇ ਘਰ ਨੂੰ ਨਿੱਘ ਦੇ ਰਿਹਾ ਸੀ। ਹੁਣ ਸਾਨੂੰ ਬੱਕਰਵਾਲ ਪਰਿਵਾਰ ਨੇ ਹਲਕੇ ਗੁਲਾਬੀ ਰੰਗ ਦੀ ਕਸ਼ਮੀਰੀ ਚਾਹ ਅਤੇ ਸੱਤੂ ਦਿੱਤੇ। ਚਾਹ ਵਰਤਾਉਣ ਵੇਲੇ ਇੱਕ ਵੱਡੇ ਭਾਂਡੇ ’ਚ ਪਾ ਕੇ ਸੱਤੂ ਚੁੱਲ੍ਹੇ ਦੇ ਨੇੜੇ ਰੱਖੇ ਜਾਂਦੇ ਹਨ ਅਤੇ ਫਿਰ ਜ਼ਰੂਰਤ ਮੁਤਾਬਿਕ ਸਾਰੇ ਜਣੇ ਆਪੋ ਆਪਣੀ ਚਾਹ ਵਿੱਚ ਸੱਤੂ ਘੋਲ ਲੈਂਦੇ ਹਨ। ਇਸ ਨਾਲ ਚਾਹ ਸੰਘਣੀ ਹੋ ਜਾਂਦੀ ਹੈ ਅਤੇ ਚਾਹ ’ਚ ਜੌਂਆਂ ਦਾ ਸੁਆਦ ਆ ਜਾਂਦਾ ਹੈ। ਕਸ਼ਮੀਰੀ ਚਾਹ ਪੀਣ ਵੇਲੇ ਹਰ ਵਾਰ ਏਦਾਂ ਹੀ ਕਰਦੇ ਹਨ।
ਇਹ ਲੋਕ ਦਿਨ ’ਚ ਦੋ ਵਾਰ ਹੀ ਚਾਹ ਬਣਾਉਂਦੇ ਹਨ। ਸਵੇਰੇ ਚਾਹ ਬਣਾ ਕੇ ਥਰਮਸ ਵਿੱਚ ਭਰ ਲੈਂਦੇ ਹਨ ਜੋ ਦੁਪਹਿਰ ਤੱਕ ਪੀਂਦੇ ਹਨ ਅਤੇ ਫਿਰ ਦੁਪਹਿਰ ਵੇਲੇ ਬਣਾਈ ਚਾਹ ਸ਼ਾਮ ਤੱਕ ਵਰਤਦੇ ਹਨ। ਰੋਟੀ ਵੀ ਸਵੇਰੇ ਹੀ ਬਣਾਈ ਜਾਂਦੀ ਹੈ ਜਿਸ ਨੂੰ ਸ਼ਾਮ ਤੱਕ ਵਰਤਿਆ ਜਾਂਦਾ ਹੈ। ਚਾਹ ਵਿੱਚ ਦੁੱਧ ਤੇ ਖੰਡ ਦੇ ਨਾਲ ਲੂਣ ਅਤੇ ਸੋਡਾ ਵੀ ਪਾਇਆ ਜਾਂਦਾ ਹੈ। ਸੋਡੇ ਕਰਕੇ ਹੀ ਚਾਹ ਦਾ ਰੰਗ ਹਲਕਾ ਗੁਲਾਬੀ ਹੋ ਜਾਂਦਾ ਹੈ।
ਅਸੀਂ ਇਨ੍ਹਾਂ ਨਾਲ ਸ਼ਾਮ ਦੀ ਰੋਟੀ ਦੀ ਗੱਲ ਕਰਕੇ ਆਪਣਾ ਟੈਂਟ ਲਾਉਣ ਲੱਗੇ। ਅਸੀਂ ਟੈਂਟ ਲਾ ਕੇ ਆਪਣਾ ਬੈਗ ਟੈਂਟ ’ਚ ਰੱਖਿਆ ਹੀ ਸੀ ਕਿ ਸਾਡੇ ਮਗਰ ਕੇਰਲਾ ਦੇ ਤਿੰਨ ਮੁੰਡੇ ਹੋਰ ਆ ਗਏ। ਅਸੀਂ ਉਨ੍ਹਾਂ ਨਾਲ ਕੁਝ ਹਿੰਦੀ ਤੇ ਟਾਈਮ ਪਾਸ ਜੋਗੀ ਅੰਗਰੇਜ਼ੀ ’ਚ ਕੁਝ ਗੱਲਾਂ ਕੀਤੀਆਂ। ਥੋੜ੍ਹੇ ਹੀ ਸਮੇਂ ’ਚ ਉਨ੍ਹਾਂ ਨਾਲ ਦੋਸਤੀ ਹੋ ਗਈ ਤੇ ਉਨ੍ਹਾਂ ਨੇ ਵੀ ਸਾਡੇ ਨਾਲ ਹੀ ਆਪਣਾ ਟੈਂਟ ਲਾ ਲਿਆ।ਅਸੀਂ ਆਪਣੇ ਟੈਂਟਾਂ ਕੋਲ ਬੈਠੇ ਗੱਲਾਂ ਕਰ ਰਹੇ ਸੀ ਕਿ ਏਨੇ ਨੂੰ ਇੱਕ ਹੋਰ ਰਾਜਸਥਾਨ ਦਾ ਯਾਤਰੀ ਵੀ ਸਾਡੇ ਕੋਲ ਆ ਗਿਆ। ਹੁਣ ਅਸੀਂ ਤਿੰਨ ਸੂਬਿਆਂ ਦੇ ਛੇ ਜਣੇ ਇੱਕੋ ਜਗ੍ਹਾ ਇਕੱਠੇ ਸੀ। ਸਾਡੇ ਟੈਂਟ ਸਾਡੇ ਘਰ ਸਨ ਤੇ ਅਸੀਂ ਇੱਕ ਦੂਜੇ ਦੇ ਗੁਆਂਢੀ।
ਅਸੀਂ ਕੁਝ ਸਮਾਂ ਬੈਠ ਕੇ ਗੱਲਾਂ ਕੀਤੀਆਂ ਤੇ ਫਿਰ ਸ਼ਾਮ ਨੂੰ ਅੱਗ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਲੱਗੇ। ਅਸੀਂ ਕੁਝ ਹੀ ਸਮੇਂ ਵਿੱਚ ਦਿਉਦਾਰ ਦੀਆਂ ਸੁੱਕੀਆਂ ਲੱਕੜਾਂ ਇਕੱਠੀਆਂ ਕਰ ਲਈਆਂ ਅਤੇ ਅੱਗ ਬਾਲ ਲਈ। ਦਿਨ ਛਿਪ ਚੁੱਕਾ ਸੀ। ਠੰਢ ਹੋਰ ਵਧ ਗਈ ਸੀ। ਅਸੀਂ ਸਾਰਿਆਂ ਨੇ ਚਾਹ ਬਣਾਉਣ ਦਾ ਮਨ ਬਣਾਇਆ। ਸਾਡੇ ਸਾਰਿਆਂ ਕੋਲ ਹੀ ਚਾਹ ਦਾ ਸਾਮਾਨ ਸੀ। ਅਸੀਂ ਸੋਚਿਆ ਕਿ ਸਾਂਝੀ ਚਾਹ ਬਣਾਈ ਜਾਵੇ ਜਿਸ ’ਚ ਦੁੱਧ ਕਸ਼ਮੀਰ ਦਾ ਸੀ, ਚਾਹ ਪੱਤੀ ਕੇਰਲਾ ਦੀ, ਗੁੜ ਪ ੰਜਾਬ ਦਾ ਅਤੇ ਇਲਾਚੀ ਲੌਂਗ ਤੇ ਹੋਰ ਸਾਮਾਨ ਰਾਜਸਥਾਨ ਦਾ।
ਸਾਡੇ ਚਾਹ ਪੀਂਦੇ ਪੀਂਦੇ ਬੱਕਰਵਾਲ ਨੇ ਸਾਨੂੰ ਸ਼ਾਮ ਦੇ ਖਾਣੇ ਲਈ ਆਵਾਜ਼ ਦੇ ਦਿੱਤੀ। ਅਸੀਂ ਖਾਣਾ ਖਾਣ ਲਈ ਟੈਂਟ ਤੋਂ ਚੱਲ ਕੇ ਬੱਕਰਵਾਲਾਂ ਕੋਲ ਜਾਣ ਲੱਗੇ ਤਾਂ ਅਸੀਂ ਦੇਖਿਆ ਕਿ ਸਾਡੇ ਤੋਂ ਥੋੜ੍ਹੀ ਦੂਰੀ ’ਤੇ ਅਲੱਗ ਅਲੱਗ ਥਾਵਾਂ ’ਤੇ ਅੱਗ ਬਲ ਰਹੀ ਸੀ। ਪੁੱਛਣ ’ਤੇ ਪਤਾ ਲੱਗਾ ਕਿ ਇਹ ਅੱਗ ਜਾਣਬੁੱਝ ਕੇ ਬਾਲੀ ਜਾਂਦੀ ਹੈ ਤਾਂ ਕਿ ਅੱਗ ਤੋਂ ਡਰਦੇ ਜੰਗਲੀ ਜਾਨਵਰ ਰਾਤ ਨੂੰ ਭੇਡਾਂ ਬੱਕਰੀਆਂ ’ਤੇ ਹਮਲਾ ਨਾ ਕਰਨ। ਖਾਣਾ ਖਾਣ ਮਗਰੋਂ ਅਸੀਂ ਆਪੋ ਆਪਣੇ ਟੈਂਟਾਂ ’ਚ ਵੜ ਕੇ ਸੌਂ ਗਏ।
ਅਗਲੇ ਦਿਨ ਸਵੇਰੇ ਉੱਠ ਕੇ ਅਸੀਂ ਆਪਣੇ ਟੈਂਟ ਅਤੇ ਹੋਰ ਸਾਰਾ ਸਾਮਾਨ ਉੱਥੇ ਹੀ ਛੱਡ ਕੇ ਸਵੇਰੇ ਅੱਠ ਵਜੇ ਤੁਲੀਅਨ ਝੀਲ ਵੱਲ ਤੁਰ ਪਏ। ਅੱਜ ਸਾਰਾ ਵਾਤਾਵਰਨ ਬਦਲਿਆ ਹੋਇਆ ਸੀ। ਕੱਲ੍ਹ ਦਾ ਸਾਰਾ ਸਫ਼ਰ ਸੰਘਣੇ ਜੰਗਲ ਵਿਚਦੀ ਸੀ ਪਰ ਅੱਜ ਰਸਤਾ ਬਿਲਕੁਲ ਪੱਧਰਾ ਸੀ, ਪਰ ਸਾਰੇ ਰਾਹ ’ਚ ਵੱਡੇ ਛੋਟੇ ਪੱਥਰ ਸਨ। ਜੋ ਨਾਲਾ ਸਾਡੇ ਟੈਂਟ ਦੇ ਨਾਲ ਦੀ ਵਗ ਰਿਹਾ ਸੀ ਅਸੀਂ ਉਸ ਦੇ ਨਾਲ ਨਾਲ ਤੁਰਨਾ ਸ਼ੁਰੂ ਕੀਤਾ ਕਿਉਂਕਿ ਇਹ ਨਾਲਾ ਤੁਲੀਅਨ ਝੀਲ ਵਿੱਚੋਂ ਹੀ ਨਿਕਲਦਾ ਹੈ। ਸਾਡੇ ਸਾਹਮਣੇ ਉੱਚੇ ਪਹਾੜ ਸਨ ਜਿਨ੍ਹਾਂ ਦੇ ਮਗਰਲੇ ਪਾਸੇ ਉਹ ਝੀਲ ਲੁਕੀ ਹੋਈ ਸੀ ਜਿਸ ਨੂੰ ਦੇਖਣ ਲਈ ਦੂਰ ਦੂਰ ਤੋਂ ਯਾਤਰੀ ਆਉਂਦੇ ਹਨ। ਅਸੀਂ ਨਾਲੇ ਦੇ ਨਾਲ ਨਾਲ ਦੋ ਉੱਚੇ ਪਹਾੜਾਂ ਦੇ ਵਿਚਕਾਰ ਤੁਰ ਰਹੇ ਸੀ। ਅਸੀਂ ਜਿਉਂ ਜਿਉਂ ਝੀਲ ਵੱਲ ਵਧ ਰਹੇ ਸੀ ਨਾਲਾ ਵੱਡਾ ਹੁੰਦਾ ਜਾ ਰਿਹਾ ਸੀ। ਪਾਣੀ ਦੀ ਆਵਾਜ਼ ਹੋਰ ਉੱਚੀ ਹੋ ਰਹੀ ਸੀ। ਹੁਣ ਜ਼ਮੀਨ ਬਿਲਕੁਲ ਖ਼ਤਮ ਹੋ ਚੁੱਕੀ ਸੀ। ਚਾਰੇ ਪਾਸੇ ਉੱਚੇ ਪਹਾੜ ਸਨ ਅਤੇ ਪੈਰਾਂ ਥੱਲੇ ਵੱਡੇ ਵੱਡੇ ਪੱਥਰ। ਪੱਥਰਾਂ ਦੇ ਵਿਚਦੀ ਪਾਣੀ ਵਗ ਰਿਹਾ ਸੀ। ਸਵੇਰ ਦੇ ਗਿਆਰਾਂ ਵਜੇ ਤੱਕ ਅਸੀਂ ਤੁਲੀਅਨ ਝੀਲ ਦੇ ਇੱਕ ਕਿਨਾਰੇ ’ਤੇ ਪਹੁੰਚ ਚੁੱਕੇ ਸੀ, ਪਰ ਏਧਰੋਂ ਝੀਲ ਬਿਲਕੁਲ ਸੁੱਕ ਚੁੱਕੀ ਸੀ। ਅਸੀਂ ਥੋੜ੍ਹਾ ਹੋਰ ਅੱਗੇ ਗਏ ਤਾਂ ਸਾਨੂੰ ਬਹੁਤ ਥੋੜ੍ਹਾ ਪਾਣੀ ਦਿਸਿਆ। ਅਸੀਂ ਧਿਆਨ ਨਾਲ ਦੇਖਿਆ ਤਾਂ ਇਹ ਪਾਣੀ ਵਗ ਰਿਹਾ ਸੀ। ਇਹ ਪਾਣੀ ਪਹਾੜਾਂ ਦੇ ਥੱਲੋਂ ਦੀ ਆ ਰਿਹਾ ਸੀ ਅਤੇ ਅੱਗੇ ਜਾਣ ਲਈ ਵੀ ਪਾਣੀ ਨੇ ਪਹਾੜ ਦੇ ਥੱਲੋਂ ਦੀ ਰਸਤਾ ਬਣਾਇਆ ਹੋਇਆ ਸੀ। ਸਾਨੂੰ ਜਿਹੜਾ ਥੋੜ੍ਹਾ ਜਿਹਾ ਖੜ੍ਹਾ ਪਾਣੀ ਦਿਸਿਆ ਸੀ ਉਹ ਵਗ ਰਹੇ ਨਾਲੇ ਦਾ ਮੁੱਢ ਸੀ। ਅਸੀਂ ਉੱਥੇ ਥੋੜ੍ਹਾ ਸਮਾਂ ਖੜ੍ਹੇ ਤਾਂ ਸਾਰੀ ਗੱਲ ਸਮਝ ਆ ਗਈ। ਇਹ ਪਾਣੀ ਪਿੱਛੋਂ ਤੁਲੀਅਨ ਝੀਲ ਵਿੱਚੋਂ ਆ ਰਿਹਾ ਸੀ। ਅਸੀਂ ਥੋੜ੍ਹਾ ਹੋਰ ਅੱਗੇ ਗਏ ਤਾਂ ਨੀਲੇ ਪਾਣੀ ਦੀ ਵਿਸ਼ਾਲ ਝੀਲ ਸਾਡੇ ਮੱਥੇ ਲੱਗੀ। ਉੱਚੇ ਪਹਾੜਾਂ ’ਚ ਘਿਰੀ ਇਸ ਝੀਲ ਦੀ ਖ਼ੂਬਸੂਰਤੀ ਲਿਖ ਕੇ ਬਿਆਨ ਨਹੀਂ ਹੋ ਸਕਦੀ, ਸਿਰਫ਼ ਉਸ ਦੀ ਖ਼ੂਬਸੂਰਤੀ ਨਾਲ ਥੋੜ੍ਹੀ ਜਿਹੀ ਜਾਣ-ਪਛਾਣ ਹੋ ਸਕਦੀ ਹੈ। ਨੀਲੇ ਰੰਗ ਦੇ ਪਾਣੀ ਵਿੱਚ ਤੈਰਦੀਆਂ ਮੱਛੀਆਂ ਅਤੇ ਥੱਲੇ ਪਿਆ ਇਕੱਲਾ ਇਕੱਲਾ ਪੱਥਰ ਦਿਸ ਰਿਹਾ ਸੀ। ਝੀਲ ’ਤੇ ਬਣਦੀਆਂ ਪਾਣੀ ਦੀਆਂ ਲਹਿਰਾਂ ਇਸ ਦੇ ਸੁਹੱਪਣ ਨੂੰ ਹੋਰ ਵਧਾ ਰਹੀਆਂ ਸਨ।
ਅਸੀਂ ਅੱਧਾ ਘੰਟਾ ਇਸ ਝੀਲ ’ਤੇ ਰੁਕੇ ਅਤੇ ਦੁਪਹਿਰ ਦੇ ਬਾਰਾਂ ਵਜੇ ਝੀਲ ਤੋਂ ਵਾਪਸ ਆਪਣੇ ਟੈਂਟਾਂ ਵੱਲ ਤੁਰ ਪਏ। ਜਿਸ ਰਸਤੇ ਅਸੀਂ ਗਏ ਸੀ ਵਾਪਸੀ ਵੇਲੇ ਅਸੀਂ ਹੋਰ ਰਾਹ ਚੁਣ ਲਿਆ। ਇਸ ਰਾਹ ’ਤੇ ਵਾਟ ਥੋੜ੍ਹੀ ਜ਼ਿਆਦਾ ਸੀ ਪਰ ਅਸੀਂ ਪਹਾੜਾਂ ਦੇ ਹੋਰ ਖ਼ੂਬਸੂਰਤ ਦ੍ਰਿਸ਼ ਦੇਖਣਾ ਚਾਹੁੰਦੇ ਸੀ। ਅਸੀਂ ਦੁਪਹਿਰ ਦੋ ਵਜੇ ਤੱਕ ਆਪਣੇ ਟੈਂਟ ਕੋਲ ਪਹੁੰਚ ਗਏ। ਜਿਸ ਬੱਕਰਵਾਲ ਕੋਲ ਅਸੀਂ ਰੁਕੇ ਸੀ ਉਸ ਨੇ ਸਾਡੇ ਲਈ ਆਲੂਆਂ ਦੀ ਸਬਜ਼ੀ ਅਤੇ ਰੋਟੀ ਸਾਡੇ ਆਉਣ ਤੱਕ ਬਣਾ ਕੇ ਤਿਆਰ ਕਰ ਲਈ ਸੀ। ਅਸੀਂ ਰੋਟੀ ਖਾਧੀ ਅਤੇ ਉਸ ਨੂੰ ਬਣਦੇ ਪੈਸੇ ਦੇ ਕੇ ਵਾਪਸੀ ਦੇ ਰਸਤੇ ’ਤੇ ਤੁਰਨਾ ਸ਼ੁਰੂ ਕਰ ਦਿੱਤਾ। ਕੇਰਲਾ ਅਤੇ ਰਾਜਸਥਾਨ ਵਾਲੇ ਮੁੰਡੇ ਝੀਲ ਤੱਕ ਸਾਡੇ ਨਾਲ ਸਨ ਪਰ ਵਾਪਸੀ ਵੇਲੇ ਅਸੀਂ ਅਲੱਗ ਹੋ ਗਏ ਸੀ। ਉਹ ਸਾਡੇ ਤੋਂ ਕਾਫ਼ੀ ਪਿੱਛੇ ਰਹਿ ਗਏ ਸਨ।
ਮੈਂ ਅਤੇ ਮੇਰਾ ਦੋਸਤ ਜੰਗਲ ਤੱਕ ਬਿਲਕੁਲ ਸਹੀ ਰਸਤੇ ’ਤੇ ਆਏ ਪਰ ਜੰਗਲ ’ਚ ਵੜਨ ਤੋਂ ਪਹਿਲਾਂ ਅਸੀਂ ਇੱਕ ਗ਼ਲਤੀ ਕਰ ਬੈਠੇ। ਜਿਸ ਪਗਡੰਡੀ ਤੋਂ ਅਸੀਂ ਥੱਲੇ ਉਤਰਨਾ ਸੀ ਉਸ ਤੋਂ ਅੱਗੇ ਲੰਘ ਗਏ। ਜਦ ਤੱਕ ਸਾਨੂੰ ਰਸਤਾ ਭੁੱਲ ਜਾਣ ਦਾ ਅਹਿਸਾਸ ਹੋਇਆ ਅਸੀਂ ਸੰਘਣੇ ਜੰਗਲ ਵਿੱਚ ਪਹੁੰਚ ਚੁੱਕੇ ਸੀ। ਹੁਣ ਸਾਡੇ ਕੋਲ ਰਸਤਾ ਲੱਭਣ ਦਾ ਇੱਕ ਹੀ ਤਰੀਕਾ ਸੀ ਕਿ ਸਾਨੂੰ ਇਹ ਪਤਾ ਸੀ ਕਿ ਅਸੀਂ ਇਸ ਪਹਾੜ ਤੋਂ ਉਤਰਾਈ ਵੱਲ ਜਾਣਾ ਹੈ।
ਅਸੀਂ ਬਿਨਾਂ ਕਿਸੇ ਰਾਹ ਤੋਂ ਦੇਵਦਾਰ ਦੇ ਰੁੱਖਾਂ ਵਿਚਦੀ ਸਿੱਧਾ ਥੱਲੇ ਉਤਰਨਾ ਸ਼ੁਰੂ ਕਰ ਦਿੱਤਾ। ਲਗਭਗ ਇੱਕ ਘੰਟੇ ਬਾਅਦ ਸਾਨੂੰ ਕੁਝ ਦੂਰੀ ’ਤੇ ਘੋੜੇ ਆਉਂਦੇ ਦਿਸੇ। ਸਾਨੂੰ ਗੁਆਚੀ ਹੋਈ ਪਗਡੰਡੀ ਮਿਲ ਗਈ ਸੀ। ਅਸੀਂ ਇਸ ਪਗਡੰਡੀ ’ਤੇ ਥੋੜ੍ਹਾ ਹੀ ਤੁਰੇ ਸੀ ਕਿ ਸਾਨੂੰ ਬਾਇਸਰਨ ਦਾ ਮੈਦਾਨ ਦਿਸਣ ਲੱਗਿਆ। ਅਸੀਂ ਬਿਨਾਂ ਰਸਤੇ ਤੋਂ ਹੀ ਏਨਾ ਕੁ ਸਫ਼ਰ ਕਰ ਲਿਆ ਸੀ ਕਿ ਸਾਰਾ ਜੰਗਲ ਪਾਰ ਹੋ ਗਿਆ ਸੀ। ਸ਼ਾਮ ਦੇ ਛੇ ਵਜੇ ਤੱਕ ਅਸੀਂ ਬਾਇਸਰਨ ਪਹੁੰਚ ਗਏ ਸੀ। ਫਿਰ ਪਹਿਲਗਾਮ ਵੱਲ ਤੁਰਨਾ ਸ਼ੁਰੂ ਕਰ ਦਿੱਤਾ।
ਸੰਪਰਕ: 94134-00053