ਟਿਊਸ਼ਨ ਅਧਿਆਪਕ ਵੱਲੋਂ ਨਾਬਾਲਗ ਵਿਦਿਆਰਥਣ ਨਾਲ ਜਬਰ-ਜਨਾਹ
ਪੱਤਰ ਪ੍ਰੇਰਕ
ਜਲੰਧਰ, 3 ਅਗਸਤ
ਟਿਊਸ਼ਨ ਅਧਿਆਪਕ ਵਲੋਂ ਰੇਲਵੇ ਕਲੋਨੀ ਵਿੱਚ ਸਥਿਤ ਆਪਣੀ ਰਿਹਾਇਸ਼ ਵਿੱਚ ਇੱਕ 17 ਸਾਲਾ ਨਾਬਾਲਗ ਵਿਦਿਆਰਥਣ ਨਾਲ ਜਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਦੀ ਪਛਾਣ ਰਵਿੰਦਰ ਕਸ਼ਯਪ ਵਜੋਂ ਹੋਈ ਹੈ। ਇਸ ਘਟਨਾ ਦਾ ਖੁਲਾਸਾ ਮੰਗਲਵਾਰ ਸ਼ਾਮ ਨੂੰ ਹੋਇਆ, ਜਦੋਂ ਪੀੜਤਾ ਦੇ ਮਾਤਾ-ਪਿਤਾ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਤਿੰਨ ਮਹੀਨੇ ਦੀ ਗਰਭਵਤੀ ਹੈ। ਪਰਿਵਾਰ ਨੇ ਪੁਲੀਸ ਨੂੰ ਆਪਣੇ ਬਿਆਨ ਵਿੱਚ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ ਉਨ੍ਹਾਂ ਦੀ ਲੜਕੀ ਤਬੀਅਤ ਵਿਗੜ ਗਈ ਅਤੇ ਜਦੋਂ ਉਹ ਉਸ ਨੂੰ ਨੇੜਲੇ ਹਸਪਤਾਲ ਲੈ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਉਹ ਗਰਭਵਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਉਨ੍ਹਾਂ ਦੀ ਲੜਕੀ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ ਅਤੇ ਉਸ ਨੂੰ ਕੁਝ ਨਾ ਦੱਸਣ ਦੀ ਧਮਕੀ ਵੀ ਦਿੱਤੀ। ਪੁਲੀਸ ਮੁਤਾਬਕ ਮੁਲਜ਼ਮ ਰਵਿੰਦਰ ਜੋ ਰੇਲਵੇ ਵਿਚ ਗੇਟਮੈਨ ਦੀ ਨੌਕਰੀ ਕਰਦਾ ਹੈ ਤੇ ਵਿਆਹਿਆ ਹੋਇਆ ਹੈ ਅਤੇ ਉਸ ਦਾ ਪਰਿਵਾਰ ਉੱਤਰ ਪ੍ਰਦੇਸ਼ ’ਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਹ ਪਾਰਟ ਟਾਇਮ ਟਿਊਸ਼ਨ ਦਾ ਕੰਮ ਕਰਦਾ ਸੀ ਤੇ ਪੀੜਤਾ ਦੇ ਪਿਤਾ ਦਾ ਦੋਸਤ ਸੀ। ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੀੜਤਾ ਦਾ ਮੈਡੀਕਲ ਕਰਵਾ ਲਿਆ ਹੈ ਅਤੇ ਉਸ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਮੁਲਜ਼ਮ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ।