ਤੁਅੱਸਬ ਦਾ ਉੱਚਾ ਸੁਰ-ਸੰਗੀਤ
ਹਾਲੀਆ ਸਾਲਾਂ ਦੌਰਾਨ ਹਿੰਦੂਤਵ ਦੇ ਸਿਧਾਂਤ ਅਤੇ ਅਮਲ ਬਾਰੇ ਵਿਸ਼ਲੇਸ਼ਣ ਕਰਦੇ ਵੱਖ ਵੱਖ ਲੇਖਾਂ ਅਤੇ ਕਿਤਾਬਾਂ ਦੀ ਇਕ ਲੰਬੀ ਲੜੀ ਸਾਹਮਣੇ ਆਈ ਹੈ। ਇਨ੍ਹਾਂ ਰਾਹੀਂ ਭਾਜਪਾ ਅਤੇ ਆਰਐੱਸਐੱਸ ਦੇ ਵਧਦੇ ਪ੍ਰਭਾਵ ਨੂੰ ਬਦਲਵੇਂ ਢੰਗਾਂ ਨਾਲ ਸਮਝਾਉਣ, ਆਲੋਚਨਾ ਕਰਨ ਜਾਂ ਵਾਜਬ ਠਹਿਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਵਿਚ ਜਥੇਬੰਦਕ ਸਵਾਲਾਂ ਉੱਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ, ਜਿਵੇਂ ਜ਼ਮੀਨ ਉੱਤੇ ਸਮਾਜਿਕ ਤਾਣੇ-ਬਾਣੇ ਦੀ ਉਸਾਰੀ ਕਰਨਾ ਅਤੇ ਫਿਰ ਉਹ ਨੈੱਟਵਰਕ ਕਿਵੇਂ ਵੋਟਾਂ ਹਾਸਲ ਕਰਨ ਲਈ ਮਦਦ ਕਰ ਸਕਦੇ ਹਨ, ਆਦਿ ਸਬੰਧੀ ਸਵਾਲ। ਕੁਝ ਹੋਰਨਾਂ ਵਿਚ ਵਿਚਾਰਧਾਰਾ ਦੀ ਭੂਮਿਕਾ ਬਾਰੇ ਘੋਖ ਕੀਤੀ ਗਈ ਹੈ ਜਿਵੇਂ ਹਿੰਦੂ ਗੌਰਵ ’ਤੇ ਆਧਾਰਿਤ ਵਿਸ਼ਵਾਸ ਢਾਂਚੇ ਦਾ ਪ੍ਰਗਟਾਵਾ ਅਤੇ ਘੱਟਗਿਣਤੀਆਂ ਨੂੰ ਖ਼ਤਰਨਾਕ ਬਣਾ ਕੇ ਪੇਸ਼ ਕਰਨਾ ਤੇ ਬਦਨਾਮ ਕਰਨਾ। ਇਸੇ ਤਰ੍ਹਾਂ ਕੁਝ ਹੋਰ ਕਿਤਾਬਾਂ ਤੇ ਲੇਖਾਂ ਵਿਚ ਜੀਵਨੀ ਲਿਖਣ ਵਾਲੀ ਪਹੁੰਚ ਅਪਣਾਈ ਗਈ ਹੈ ਜਿੱਥੇ ਗੋਲਵਾਲਕਰ, ਸਾਵਰਕਰ, ਵਾਜਪਾਈ, ਅਡਵਾਨੀ ਅਤੇ ਮੋਦੀ ਆਦਿ ਵਰਗੇ ਵਿਅਕਤੀਆਂ ਵੱਲੋਂ ਹਿੰਦੂਤਵ ਦੇ ਉਭਾਰ ਵਿਚ ਨਿਭਾਈ ਗਈ ਭੂਮਿਕਾ ਆਦਿ ਬਾਰੇ ਲਿਖਿਆ ਗਿਆ ਹੈ।
ਹਿੰਦੂਤਵ ਉੱਤੇ ਲਿਖਿਆ ਗਿਆ ਇਹ ਸਾਹਿਤ ਹੁਣ ਕਾਫ਼ੀ ਭਰਪੂਰ ਮਾਤਰਾ ਵਿਚ ਹੈ ਅਤੇ ਇਸ ਦੀ ਇਕ ਚੰਗੇ ਆਕਾਰ ਦੀ ਲਾਇਬਰੇਰੀ ਬਣ ਸਕਦੀ ਹੈ। ਇਸ ਦਾ ਆਕਾਰ ਬਣਾਉਣ ਵਾਲੇ ਲੇਖ ਅਤੇ ਕਿਤਾਬਾਂ ਬਹੁਤ ਹੀ ਵੱਖੋ-ਵੱਖਰੇ ਮਿਆਰ ਵਾਲੇ ਹਨ। ਫਿਰ ਵੀ ਇਸ ਸੰਘਣੇ ਅਤੇ ਭੀੜ-ਭੜੱਕੇ ਵਾਲੇ ਖੇਤਰ ਵਿਚ ਵੀ ਨਵੀਨਤਾ ਅਤੇ ਪ੍ਰਤਿਭਾ ਲਈ ਥਾਂ ਮੌਜੂਦ ਹੈ। ਇਹ ਦੋਵੇਂ ਖ਼ੂਬੀਆਂ ਨਵੰਬਰ ਦੇ ਆਖ਼ਰੀ ਦਿਨਾਂ ਦੌਰਾਨ ਰਿਲੀਜ਼ ਕੀਤੀ ਗਈ ਇਕ ਕਿਤਾਬ ਵਿਚ ਉੱਭਰ ਕੇ ਸਾਹਮਣੇ ਆਈਆਂ ਹਨ। ਇਸ ਕਿਤਾਬ ਦਾ ਸਿਰਲੇਖ ਹੈ ‘ਐਚ-ਪੌਪ: ਦਿ ਸੀਕਰੇਟਿਵ ਵਰਲਡ ਆਫ਼ ਹਿੰਦੂਤਵਾ ਪੌਪ ਸਟਾਰਜ਼’ (ਐਚ-ਪੌਪ: ਹਿੰਦੂਤਵ ਦੇ ਪੌਪ ਸਟਾਰਾਂ ਦੀ ਖ਼ੁਫ਼ੀਆ ਦੁਨੀਆਂ) ਜਿਸ ਨੂੰ ਮੁੰਬਈ ਆਧਾਰਿਤ ਨੌਜਵਾਨ ਲੇਖਕ ਕੁਣਾਲ ਪੁਰੋਹਿਤ ਨੇ ਲਿਖਿਆ ਹੈ ਜਿਸ ਨੂੰ ਮੈਂ ਨਾ ਕਦੇ ਮਿਲਿਆ ਹਾਂ ਅਤੇ ਨਾ ਹੀ ਇਸ ਕ੍ਰਿਤ ਦਾ ਇਕ ਪਰੂਫ਼ ਮੈਨੂੰ ਮਿਲਣ ਤੋਂ ਪਹਿਲਾਂ ਜਾਣਦਾ ਸਾਂ।
ਜਿੱਥੋਂ ਤੱਕ ਮੈਂ ਜਾਣਦਾ ਹਾਂ, ‘ਐਚ-ਪੌਪ’ ਅਜਿਹੀ ਪਹਿਲੀ ਕਿਤਾਬ ਹੈ ਜਿਹੜੀ ਹਿੰਦੂ ਸੱਜੇਪੱਖੀਆਂ ਵੱਲੋਂ ਇਸ ਲੋਕਪ੍ਰਿਅ ਸੱਭਿਆਚਾਰ ਦੀ ਵਰਤੋਂ ਦੀ ਬੜੀ ਬਾਰੀਕੀ ਨਾਲ ਘੋਖ-ਪੜਤਾਲ ਕਰਦੀ ਹੈ। ਇਸ ਵਿਚ ਪੇਸ਼ ਕੀਤੇ ਗਏ ਕਿਰਦਾਰਾਂ ਦੇ ਰੇਖਾਚਿੱਤਰ ਬਹੁਤ ਧਿਆਨ ਨਾਲ ਬਣਾਏ ਗਏ ਹਨ। ਕਿਤਾਬ ਦੇ ਸਭ ਤੋਂ ਮਜ਼ਬੂਤ ਸੈਕਸ਼ਨਾਂ ਵਿਚੋਂ ਇਕ ਹੈ ਸੰਗੀਤਕਾਰਾਂ ਬਾਰੇ, ਜਿਨ੍ਹਾਂ ਵਿਚ ਉਨ੍ਹਾਂ ਦੇ ਗੀਤਾਂ ਦੇ ਸ਼ਬਦਾਂ ਅਤੇ ਭਾਵਨਾਵਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ ਅਤੇ ਇਸ ਬਾਰੇ ਕਿ ਉਨ੍ਹਾਂ ਰਾਹੀਂ ਮੁਸਲਮਾਨਾਂ ਨੂੰ ਕਿਵੇਂ ਵਹਿਸ਼ੀ/ਖ਼ਤਰਨਾਕ ਬਣਾਇਆ ਜਾਂਦਾ ਹੈ। ਉਂਝ ਇਸ ਵਿਚ ਸੰਗੀਤ ਤੋਂ ਇਲਾਵਾ ਹਿੰਦੂਤਵ ਤੋਂ ਪ੍ਰਭਾਵਿਤ ਹੋਰ ਕਵਿਤਾਵਾਂ ਅਤੇ ਕਿਤਾਬਾਂ ਬਾਰੇ ਵੀ ਚਰਚਾ ਕੀਤੀ ਗਈ ਹੈ।
ਕੁਣਾਲ ਪੁਰੋਹਿਤ ਦੀ ਕਿਤਾਬ ਦੀਆਂ ਖ਼ੂਬੀਆਂ ਵਿਚ ਉਸ ਦੀ ਤੁਲਨਾਤਮਕ ਪਹੁੰਚ ਵੀ ਸ਼ਾਮਲ ਹੈ। ਲੇਖਕ ਸੱਜੇ ਪੱਖੀ ਪੌਪ ਸੱਭਿਆਚਾਰ ਨਾਲ ਸਬੰਧਿਤ ਆਲਮੀ ਰੁਝਾਨਾਂ ਬਾਰੇ ਚੌਕਸ ਅਤੇ ਜਾਣੂੰ ਹੈ। ਇਸ ਤਰ੍ਹਾਂ ਕਿਤਾਬ ਵਿਚ ਉਨ੍ਹਾਂ ਪ੍ਰਚਾਰਕ ਕਵਿਤਾਵਾਂ/ਗੀਤਾਂ ਬਾਰੇ ਵੀ ਚਰਚਾ ਕੀਤੀ ਗਈ ਹੈ ਜਿਨ੍ਹਾਂ ਨੂੰ ਨਾਜ਼ੀਆਂ, ਇਟਲੀ ਦੇ ਫ਼ਾਸ਼ੀਵਾਦੀਆਂ, ਅਲ-ਕਾਇਦਾ ਵੱਲੋਂ ਅਤੇ ਨਾਲ ਹੀ ਰਵਾਂਡਾ ਵਿਚ ਕੀਤੀ ਗਈ ਨਸਲਕੁਸ਼ੀ ਅਤੇ ਸਮਕਾਲੀ ਯੂਰਪ ਤੇ ਅਮਰੀਕਾ ਵਿਚ ਗੋਰੇਵਾਦੀਆਂ (white supremacists) ਨੇ ਹੱਲਾਸ਼ੇਰੀ ਦਿੱਤੀ ਸੀ।
ਮੈਨੂੰ ਨਹੀਂ ਪਤਾ ਕਿ ਪੁਰੋਹਿਤ ਖ਼ੁਦ ਗੀਤ ਲਿਖਦਾ ਜਾਂ ਗਾਉਂਦਾ ਹੈ ਜਾਂ ਨਹੀਂ, ਪਰ ਯਕੀਨਨ ਉਹ ਉਨ੍ਹਾਂ ਵਿਚ ਬੜੀ ਡੂੰਘੀ ਦਿਲਚਸਪੀ ਰੱਖਦਾ ਹੈ। ਉਸ ਦੀ ਕਿਤਾਬ ਉਨ੍ਹਾਂ ਗੀਤਾਂ ਦੀ ਰਚਨਾ ਉੱਤੇ ਨਜ਼ਰ ਰੱਖਦੀ ਹੈ ਜਿਹੜੇ ਐਚ-ਪੌਪ ਦੀ ਦੁਨੀਆ ਸਿਰਜਦੇ ਹਨ ਅਤੇ ਨਾਲ ਹੀ ਇਸ ਗੱਲ ਉੱਤੇ ਕਿ ਉਨ੍ਹਾਂ ਦੀ ਕਲਪਨਾ ਕਿਵੇਂ ਕੀਤੀ ਜਾਂਦੀ ਤੇ ਕਿਵੇਂ ਰਿਕਾਰਡ ਕੀਤਾ ਜਾਂਦਾ ਹੈ। ਉਹ ਪਾਠਕ ਨੂੰ ਦੱਸਦਾ ਹੈ ਕਿ ਕਿਵੇਂ ਇਹ ਗੀਤ ਅਕਸਰ ਆਪਣਾ ਕਾਫ਼ੀ ਵੱਡਾ ਅਤੇ ਬਹੁਤ ਹੀ ਦਿਲਚਸਪੀ ਲੈਣ ਵਾਲਾ ਸਰੋਤਾ ਵਰਗ ਲੱਭ ਲੈਂਦੇ ਹਨ। ਅਸੀਂ ਇਨ੍ਹਾਂ ਕਵਿਤਾਵਾਂ ਤੇ ਗੀਤਾਂ ਅਤੇ ਉਨ੍ਹਾਂ ਦੇ ਨਫ਼ਰਤ ਦੇ ਸੁਨੇਹੇ ਨੂੰ ਫੈਲਾਉਣ ਵਿਚ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਭੂਮਿਕਾ ਬਾਰੇ ਜਾਣਦੇ ਹਾਂ। (ਹਿੰਦੂਤਵਵਾਦੀਆਂ ਦੇ ਉਲਟ ਹਿਟਲਰ ਤੇ ਮੁਸੋਲਿਨੀ ਵਰਗਿਆਂ ਦੀ ਇਨ੍ਹਾਂ ਅਤਿ-ਆਧੁਨਿਕ ਤਕਨਾਲੋਜੀਆਂ ਤੱਕ ਪਹੁੰਚ ਨਹੀਂ ਸੀ, ਭਾਵੇਂ ਕਿ ਨਵੇਂ (ਨੀਓ)-ਨਾਜ਼ੀਆਂ ਅਤੇ ਆਈਐੱਸਆਈਐੱਸ ਜਿਹੇ ਕੱਟੜਪੰਥੀਆਂ ਨੂੰ ਇਹ ਪਹੁੰਚ ਹਾਸਲ ਹੈ।)
ਪੁਰੋਹਿਤ ਵੱਲੋਂ ਪੜਤਾਲੇ ਗਏ ਗੀਤਾਂ ਦੇ ਬੋਲ ਉਨ੍ਹਾਂ ਖ਼ਤਰਨਾਕ ਦੁਸ਼ਮਣਾਂ ਦੀ ਗੱਲ ਕਰਦੇ ਹਨ ਜਿਨ੍ਹਾਂ ਦਾ ਬਹੁਗਿਣਤੀ ਭਾਈਚਾਰੇ ਨੂੰ ਕਥਿਤ ਤੌਰ ’ਤੇ ਅਤੀਤ ਵਿਚ ਸਾਹਮਣਾ ਕਰਨਾ ਪਿਆ ਜਾਂ ਵਰਤਮਾਨ ਵਿਚ ਕਰਨਾ ਪੈ ਰਿਹਾ ਹੈ। ਇਸ ਦੇ ਬਾਵਜੂਦ ਇਹ ਗੀਤ ਸਰੋਤਿਆਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਆਖ਼ਰ ਜਿੱਤ ਉਨ੍ਹਾਂ ਦੀ ਧਿਰ ਦੀ ਹੀ ਹੋਵੇਗੀ। ਇਹ ਉਸੇ ਕੁਝ ਨੂੰ ਜ਼ਾਹਰ ਕਰਦਾ ਹੈ ਜਿਸ ਨੂੰ ਮੈਂ ਹੋਰ ਕਿਸੇ ਥਾਈਂ ‘ਪਾਗਲ ਜਿੱਤਵਾਦ’ ਕਰਾਰ ਦਿੱਤਾ ਹੈ ਅਤੇ ਅੱਜ ਇਹੋ ਬਹੁਗਿਣਤੀਵਾਦੀ ਵਿਚਾਰਧਾਰਾ ਨੂੰ ਪ੍ਰੀਭਾਸ਼ਿਤ ਕਰਦਾ ਹੈ। ਇਸ ਸਬੰਧੀ ਇਕ ਹਰਿਆਣਵੀ ਗਾਇਕ ਵੱਲੋਂ ਗਾਏ ਇਕ ਮਕਬੂਲ ਗੀਤ ਦਾ ਇਕ ਬੰਦ ਦੇਖਣਯੋਗ ਹੈ। ਇਹ ਘੱਟਗਿਣਤੀ ਭਾਈਚਾਰੇ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਸੰਬੋਧਿਤ ਹੁੰਦਾ (ਜਾਂ ਕਹੋ ਖ਼ਬਰਦਾਰ ਕਰਦਾ) ਹੈ: ਵੰਦੇ ਮਾਤਰਮ ਗਾਨਾ ਹੋਵਾ/ ਵਰਨਾ ਯਹਾਂ ਸੇ ਜਾਨਾ ਹੋਗਾ/ ਨਹੀਂ ਗਾਏ ਤੋ ਜਬਰਨ ਤੁਝੇ ਭਗਾ ਦੇਂਗੇ/ ਹਮ ਤੁਝਕੋ ਤੇਰੀ ਔਕਾਤ ਬਤਾ ਦੇਂਗੇ।
ਹੋਰ ਗੀਤ ਤੈਮੂਰ ਵਰਗੇ ਹਮਲਾਵਰਾਂ ਦੇ ਵਹਿਸ਼ੀਪਣ ਨੂੰ ਉਭਾਰਦੇ ਹਨ। ਪੁਰੋਹਿਤ ਨੇ ਇਕ ਅਜਿਹੀ ਕਵਿਤਾ ਦਾ ਵੀ ਹਵਾਲਾ ਦਿੱਤਾ ਹੈ ਜਿਸ ਵਿਚ ਇਕ ਪੂਰੀ ਤਰ੍ਹਾਂ ਕਾਲਪਨਿਕ ਯੋਧੇ ਦੀ ਮਹਿਮਾ ਗਾਈ ਗਈ ਹੈ, ਜਿਸ ਬਾਰੇ ਦਾਅਵਾ ਕੀਤਾ ਗਿਆ ਹੈ ਕਿ ਉਸ ਨੇ ਤੈਮੂਰ ਦੀ ਫ਼ੌਜ ਨੂੰ ਹਰਾ ਦਿੱਤਾ ਸੀ ਅਤੇ ਉਸ ਨੂੰ ਹਰਿਦੁਆਰ ਦੇ ਦਾਖ਼ਲੇ ਉੱਤੇ ਰੋਕ ਲਿਆ ਸੀ। ਇਸ ਮਨਘੜਤ ਕਹਾਣੀ ਸਬੰਧੀ ਪੜ੍ਹੀ ਜਾ ਰਹੀ ਇਸ ਕਵਿਤਾ ਉੱਤੇ ਆਧਾਰਿਤ ਵੀਡੀਓ ਨੂੰ ਇਕ ਫਿਲਮੀ ਅਦਾਕਾਰਾ ਨੇ ਉੱਤਰ ਪ੍ਰਦੇਸ਼ ਦੀਆਂ 2022 ਦੀਆਂ ਚੋਣਾਂ ਤੋਂ ਐਨ ਪਹਿਲਾਂ ਆਪਣੇ ਫੇਸਬੁੱਕ ਪੇਜ ਉੱਤੇ ਨਸ਼ਰ ਕੀਤਾ ਸੀ ਜਿਸ ਨਾਲ ਉਸ ਦੇ ਫੇਸਬੁੱਕ ਪੈਰੋਕਾਰਾਂ ਨੂੰ ਇਹ ਸੁਨੇਹਾ ਦਿੱਤਾ ਗਿਆ ਸੀ: ‘ਪੋਲਿੰਗ ਵਾਲੇ ਦਿਨ ਯਕੀਨੀ ਬਣਾਉ ਕਿ ਤੁਹਾਡੀ ਵੋਟ ਰਾਸ਼ਟਰ ਦੀ ਸੁਰੱਖਿਆ ਲਈ ਪਵੇ।’
ਐਚ-ਪੌਪ ਦੀ ਦੁਨੀਆ ਸਿਰਜਣ ਵਾਲੀਆਂ ਕਵਿਤਾਵਾਂ ਅਤੇ ਗੀਤਾਂ ਦਾ ਮਕਸਦ ਅਤੀਤ ਨੂੰ ਮੁੜ ਤੋਂ ਲਿਖਣਾ ਹੈ ਤਾਂ ਕਿ ਇਕ ਭਾਈਚਾਰੇ ਦਾ ਚਿੱਤਰਣ ਦਗ਼ੇਬਾਜ਼ਾਂ ਅਤੇ ਦੂਜੇ ਭਾਈਚਾਰੇ ਦਾ ਚਿੱਤਰਣ ਸ੍ਰੇਸ਼ਠ ਤੇ ਬਹਾਦਰਾਂ ਵਜੋਂ ਕੀਤਾ ਜਾ ਸਕੇ। ਇਹ ਗੀਤ ‘ਸਰੋਤਿਆਂ ਨੂੰ ਤਰਕ ਤੇ ਸਮਝਦਾਰੀ ਨੂੰ ਲਾਂਭੇ ਰੱਖ ਦੇਣ ਅਤੇ ਇਸ ਦੀ ਥਾਂ ਭਾਵਨਾ ਨੂੰ ਹੀ ਮੰਨਣ ਲਈ ਪ੍ਰੇਰਿਤ ਕਰਦੇ ਹਨ।’ ਜਿਵੇਂ ਕਿ ਪੁਰੋਹਿਤ ਅਗਾਂਹ ਲਿਖਦੇ ਹਨ, ‘ਹਿੰਦੂਤਵ ਦੇ ਕਾਇਮ ਰਹਿਣ ਤੇ ਵਧਣ-ਫੁੱਲਣ ਲਈ ਇਸ ਨੂੰ ਦੁਸ਼ਮਣਾਂ ਦੀ ਲੋੜ ਹੈ - ਜਿਨ੍ਹਾਂ ਨੂੰ ਸਮਾਂ ਬੀਤਣ ਨਾਲ ਲਗਾਤਾਰ ਪੈਦਾ ਕੀਤਾ ਜਾਂਦਾ ਹੈ।’
ਬਹੁਤ ਸਾਰੇ ਗੀਤ ਤੇ ਕਵਿਤਾਵਾਂ ਘੱਟਗਿਣਤੀ ਭਾਈਚਾਰੇ ਦੇ ਆਪਣੀ ਆਬਾਦੀ ਵਧਾ ਕੇ ਹਾਵੀ ਹੋ ਜਾਣ ਦੇ ਫ਼ਜ਼ੂਲ ਡਰ ਨੂੰ ਉਭਾਰਦੇ ਹਨ। ਉਨ੍ਹਾਂ ਦੇ ਬੋਲ ਇਨ੍ਹਾਂ ਕੋਰੇ ਝੂਠ ਦਾਅਵਿਆਂ ਨੂੰ ਪ੍ਰਚਾਰਦੇ ਹਨ ਕਿ ਇਸ ਭਾਈਚਾਰੇ ਦੀ ਆਬਾਦੀ ਬੜੀ ਤੇਜ਼ੀ ਨਾਲ ਵਧ ਰਹੀ ਹੈ ਅਤੇ ਉਹ ਛੇਤੀ ਹੀ ਗਿਣਤੀ ਪੱਖੋਂ ਬਹੁਗਿਣਤੀ ਭਾਈਚਾਰੇ ਨੂੰ ਪਛਾੜ ਦੇਣਗੇ ਤੇ ਉਨ੍ਹਾਂ ਨੂੰ ਆਪਣੀ ਹੀ ਧਰਤੀ ਉੱਤੇ ਘੱਟਗਿਣਤੀ ਬਣਾ ਦੇਣਗੇ। ਇਸ ਸਬੰਧੀ ਇਕ ਬੰਦ ਨੂੰ ਦੇਖੋ: ‘ਕੁਛ ਲੋਗੋਂ ਕੀ ਤੋ ਸਾਜ਼ਿਸ਼ ਹੈ/ ਹਮ ਬੱਚੇ ਖ਼ੂਬ ਬਨਾਏਂਗੇ/ ਜਬ ਸੰਖਿਆ ਹੂਈ ਹਮਸੇ ਜ਼ਿਆਦਾ/ ਫਿਰ ਅਪਨੀ ਬਾਤ ਮਨਾਏਂਗੇ।’
ਮਹਾਤਮਾ ਗਾਂਧੀ ਦਾ ਜੀਵਨੀ ਲੇਖਕ ਹੋਣ ਦੇ ਨਾਤੇ ਮੈਂ ਪੁਰੋਹਿਤ ਵੱਲੋਂ ਉਸ ਕਵਿਤਾ ਦੇ ਕੀਤੇ ਗਏ ਜ਼ਿਕਰ ਤੋਂ ਖ਼ਾਸ ਤੌਰ ’ਤੇ ਪ੍ਰਭਾਵਿਤ ਹੋਇਆ ਜਿਸ ਵਿਚ ਗਾਂਧੀ ਉੱਤੇ ਹਮਲਾ ਕੀਤਾ ਗਿਆ ਹੈ ਤੇ ਨੱਥੂ ਰਾਮ ਗੌਡਸੇ ਨੂੰ ਸਲਾਹਿਆ ਗਿਆ ਹੈ। ਜਿਵੇਂ ਲੇਖਕ ਇਹ ਕਵਿਤਾ ਪੜ੍ਹੇ ਜਾਣ ਬਾਰੇ ਲਿਖਦਾ ਹੈ: ‘‘ਅਗਲੇ ਤੇਰਾਂ ਮਿੰਟਾਂ ਦੌਰਾਨ ਕਮਲ ਆਪਣੀ ਗਾਂਧੀ ਤੇ ਗੌਡਸੇ ਸਬੰਧੀ ਕਵਿਤਾ ਰਾਹੀਂ ਇਕ ਪਾਸੇ ਗਾਂਧੀ ਦੀ ਆਜ਼ਾਦੀ ਸੰਘਰਸ਼ ਵਿਚ ਭੂਮਿਕਾ ਉੱਤੇ ਗੰਭੀਰ ਇਲਜ਼ਾਮਤਰਾਸ਼ੀ ਕਰਦਾ ਹੈ ਅਤੇ ਨਾਲ ਹੀ ਗੌਡਸੇ ਦੀ ਕਾਰਵਾਈ ਨੂੰ ਵਾਜਬ ਠਹਿਰਾਉਂਦਾ ਅਤੇ ਉਸ ਦੇ ਸੋਹਲੇ ਵੀ ਗਾਉਂਦਾ ਹੈ। ਕਵਿਤਾ ਵਿਚ ਗਾਂਧੀ ਨੂੰ ਸਭ ਕੁਝ ਲਈ ਦੋਸ਼ੀ ਠਹਿਰਾਇਆ ਗਿਆ ਹੈ - ਤਿੰਨ ਇਨਕਲਾਬੀਆਂ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸਜ਼ਾ-ਏ-ਮੌਤ ਨੂੰ ਨਾ ਰੋਕ ਕੇ ਭਾਰਤ ਨਾਲ ‘ਧੋਖਾ’ ਕਰਨ ਤੋਂ ਲੈ ਕੇ ਆਜ਼ਾਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੋਰ ਆਗੂਆਂ ਦੀ ਥਾਂ ਨਹਿਰੂ ਦੀ ਹਮਾਇਤ ਕਰਨ ਤੱਕ ਲਈ। ਪਰ ਕਵਿਤਾ ਰਾਹੀਂ ਦਿੱਤਾ ਗਿਆ ਸੁਨੇਹਾ (subtext) ਸਾਫ਼ ਸੀ: ਗਾਂਧੀ ਦੀ ਹੱਤਿਆ ਸਹੀ ਵੀ ਸੀ ਤੇ ਜ਼ਰੂਰੀ ਵੀ।’
ਪੁਰੋਹਿਤ ਨੇ ਗਾਂਧੀ ਅਤੇ ਗੌਡਸੇ ਸਬੰਧੀ ਇਸ ਕਵਿਤਾ ਦੇ ਆਖ਼ਰੀ ਦਾ ਬੰਦ ਹਰਫ਼-ਬ-ਹਰਫ਼ ਹਵਾਲਾ ਦਿੱਤਾ ਹੈ: ‘‘ਅਗਰ ਗੌਡਸੇ ਕੀ ਗੋਲੀ ਉਤਰੀ ਨਾ ਹੋਤੀ ਸੀਨੇ ਮੇਂ/ ਤੋ ਹਰ ਹਿੰਦੂ ਪੜ੍ਹਤਾ ਨਮਾਜ਼, ਮੱਕਾ ਔਰ ਮਦੀਨੇ ਮੇਂ।/ ਮੂਕ ਅਹਿੰਸਾ ਕੇ ਕਾਰਣ ਭਾਰਤ ਕਾ ਆਂਚਲ ਫਟ ਜਾਤਾ,/ ਗਾਂਧੀ ਜੀਵਿਤ ਹੋਤੇ ਤੋ ਫਿਰ ਦੇਸ਼ ਦੋਬਾਰਾ ਬੰਟ ਜਾਤਾ।’’
ਪੁਰੋਹਿਤ ਦੀ ਕਿਤਾਬ ਇਹ ਜ਼ਾਹਰ ਕਰਦੀ ਹੈ ਕਿ ਕਿਵੇਂ ਲੋਕਪ੍ਰਿਅ ਸੱਭਿਆਚਾਰ ਦੇ ਇਸ ਹਥਿਆਰੀਕਰਨ ਨੇ ਭਾਜਪਾ ਦੇ ਸਿਆਸੀ ਉਭਾਰ ਵਿਚ ਮਦਦ ਕੀਤੀ ਹੈ। (ਇਹ ਵੀ ਦਿਲਚਸਪ ਗੱਲ ਹੈ ਕਿ ਅਜਿਹਾ ਜਾਪਦਾ ਹੈ ਕਿ ਸੱਭਿਆਚਾਰ ਦੇ ਇਨ੍ਹਾਂ ਜ਼ਹਿਰੀਲੇ ਰੂਪਾਂ ਨੂੰ ਪਸੰਦ ਕਰਨ ਵਾਲੇ ਦੱਖਣ ਨਾਲੋਂ ਉੱਤਰੀ ਭਾਰਤ ਦੇ ਸੂਬਿਆਂ ਵਿਚ ਜ਼ਿਆਦਾ ਹਨ) ਭਾਜਪਾ ਆਗੂਆਂ ਦੀ ਭਗਤੀ ਅਕਸਰ ਇਨ੍ਹਾਂ ਗੀਤਾਂ ਤੇ ਕਵਿਤਾਵਾਂ ਵਿਚ ਜਾਨ ਫੂਕ ਦਿੰਦੀ ਹੈ। ਪੁਰੋਹਿਤ ਇਕ ਅਜਿਹੇ ਮਾਮਲੇ ਦਾ ਹਵਾਲਾ ਦਿੰਦੇ ਹਨ ਜਦੋਂ ਇਕ ਸੱਜੇ-ਪੱਖੀ ਕਵੀ ਨੂੰ ਯੂਪੀ ਸਰਕਾਰ ਵੱਲੋਂ ਨਕਦ ਇਨਾਮ ਦਿੱਤਾ ਗਿਆ ਅਤੇ ਉਸ ਨੇ ਇਹ ਕਹਿੰਦਿਆਂ ਇਨਾਮੀ ਰਕਮ ਵਾਪਸ ਮੋੜ ਦਿੱਤੀ ਕਿ ਸਰਕਾਰ ਇਸ ਨਾਲ ਇਕ ਹੋਰ ਬੁਲਡੋਜ਼ਰ ਖ਼ਰੀਦ ਲਵੇ (ਸੰਭਵ ਤੌਰ ’ਤੇ ਘੱਟਗਿਣਤੀ ਲੋਕਾਂ ਦੇ ਘਰ ਢਾਹੁਣ ਲਈ)।
ਕੁਣਾਲ ਪੁਰੋਹਿਤ ਦੀ ਕਿਤਾਬ ਸੱਜੇਪੱਖੀ ਹਿੰਦੂਤਵ ਦੇ ਮਾਨਸਿਕ ਵਹਿਮਾਂ ਅਤੇ ਕਲਪਨਾਵਾਂ ਉੱਤੇ ਝਾਤ ਪਵਾਉਂਦੀ ਹੈ, ਭਾਵੇਂ ਕਿ ਇਹ ਦ੍ਰਿਸ਼ ਕਾਫ਼ੀ ਪ੍ਰੇਸ਼ਾਨ ਕਰਨ ਵਾਲਾ ਹੈ। ਲੇਖਕ ਇਸ ਦੇ ਸਾਰ ਤੱਤ ਵਜੋਂ ਲਿਖਦਾ ਹੈ, ‘‘ਪ੍ਰਚਾਰ ਨੂੰ ਲੋਕਪ੍ਰਿਅ ਸੱਭਿਆਚਾਰ ਵਿਚ ਪਿਰੋਣ ਦੀਆਂ ਕੋਸ਼ਿਸ਼ਾਂ ਹੋਰ ਬੇਸ਼ਰਮੀ ਵਾਲੀਆਂ ਹੋ ਗਈਆਂ ਹਨ, ਇਸ ਦੇ ਪ੍ਰਭਾਵ ਹੋਰ ਵਧੇਰੇ ਘਾਤਕ ਹੋ ਗਏ ਹਨ।’’ ਅੱਜ ਹਿੰਦੂਤਵ ਦੀ ਜੈਜੈਕਾਰ ਕਰਨ ਵਾਲਾ ਬਣਨਾ ‘ਆਰਥਿਕ ਪੱਖੋਂ ਕਾਫ਼ੀ ਦਿਲਕਸ਼ ਤੇ ਲਾਹੇਵੰਦਾ ਬਣ ਗਿਆ ਹੈ।’ ਇਹ ਵੀ ਦਿਲਚਸਪ ਗੱਲ ਹੈ ਕਿ ਕੋਈ ਵੀ ਪ੍ਰਮੁੱਖ ਭਾਜਪਾ ਆਗੂ ਨਾ ਤਾਂ ਇਨ੍ਹਾਂ ਪ੍ਰਚਾਰਕ ਕਵਿਤਾਵਾਂ, ਗੀਤਾਂ ਅਤੇ ਦੁਵਰਕੀਆਂ ਨਾਲ ਆਪਣੀ ਪਛਾਣ ਜੋੜਦਾ ਹੈ ਅਤੇ ਨਾ ਹੀ ਇਨ੍ਹਾਂ ਦੀ ਤਸਦੀਕ ਕਰਦਾ ਹੈ ਸਗੋਂ ਇਸ ਦੀ ਥਾਂ ‘ਆਮ ਲੋਕਾਂ ਨੂੰ ਭੜਕਾਉਣ ਅਤੇ ਹਿੰਸਾ ਨੂੰ ਅੰਜਾਮ ਦੇਣ’ ਦਾ ਕੰਮ ‘ਗ਼ੈਰ ਰਾਜਕੀ ਅਨਸਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਜਿਹੜੇ ਦੇਖਣ ਵਿਚ ਤਾਂ ਖ਼ੁਦਮੁਖ਼ਤਾਰ ਜਾਪਦੇ ਹਨ, ਪਰ ਅਸਲ ਵਿਚ ਇਹ ਕੱਟੜਤਾ ਦੇ ਇਕ ਅਦਿੱਖ ਨਾੜੂਏ ਨਾਲ ਆਪਸ ਵਿਚ ਜੁੜੇ ਹੋਏ ਹਨ।’
ਮੈਂ ਇਸ ਕਿਤਾਬ ਨੂੰ ਮੋਹ ਤੇ ਡਰ ਦੇ ਮਿਲੇ-ਜੁਲੇ ਭਾਵਾਂ ਨਾਲ ਪੜ੍ਹਿਆ ਹੈ। ਮੈਂ ਚਿਰਾਂ ਤੋਂ ਸੰਗੀਤ ਬਾਰੇ ਇਕ ਅਜਿਹੇ ਕਲਾ ਰੂਪ ਵਜੋਂ ਸੋਚਣ ਦਾ ਆਦੀ ਰਿਹਾ ਹਾਂ ਜਿਸ ਦਾ ਮੁੱਖ ਮੰਤਵ ਉਚਿਆਉਣਾ ਅਤੇ ਮਨ-ਪਰਚਾਉਣਾ ਹੈ। ਸੰਗੀਤ ਦੀਆਂ ਪੂਰਬੀ ਤੇ ਪੱਛਮੀ, ਲੋਕ ਤੇ ਸ਼ਾਸਤਰੀ ਅਤੇ ਸਾਜ਼ ਆਧਾਰਿਤ ਤੇ ਗਾਇਨ ਆਧਾਰਿਤ ਵੰਨਗੀਆਂ ਨੇ ਸਦੀਆਂ ਤੋਂ ਇਨਸਾਨੀਅਤ ਨੂੰ ਸਹਾਰਾ ਤੇ ਖ਼ੁਸ਼ੀ ਦਿੱਤੀ ਹੈ। ਮੈਂ ਸਾਰੀ ਉਮਰ ਭਰ ਭਾਰਤੀ ਸ਼ਾਸਤਰੀ ਸੰਗੀਤ ਨਾਲ ਹੀ ਜੁੜਿਆ ਅਤੇ ਅੱਗੇ ਵਧਦਾ ਰਿਹਾ ਹਾਂ। ਇਸ ਦੇ ਬਾਵਜੂਦ ਬਿਸਮਿੱਲ੍ਹਾ ਖ਼ਾਨ, ਐਮ.ਐੱਸ. ਸੁੱਬਾਲਕਸ਼ਮੀ, ਕਿਸ਼ੋਰੀ ਆਮੋਨਕਰ ਅਤੇ ਕਿਸ਼ੋਰ ਕੁਮਾਰ ਦੇ ਇਸ ਦੇਸ਼ ਵਿਚ ਹੁਣ ਸੰਗੀਤ ਸੱਜੇਪੱਖੀ ਪ੍ਰਚਾਰ ਦੀ ਕਲਾਕ੍ਰਿਤੀ ਅਤੇ ਬਦਲੇਖ਼ੋਰੀ ਤੇ ਹਿੰਸਾ ਦਾ ਵਾਹਕ ਬਣ ਗਿਆ ਹੈ।
ਈ-ਮੇਲ: ramachandraguha@yahoo.in