ਸੱਚ ਕਦੇ ਦਬਾਇਆ ਨਹੀਂ ਜਾ ਸਕਦੈ: ਡਾ. ਬਲਬੀਰ
ਸਰਬਜੀਤ ਸਿੰਘ ਭੰਗੂ
ਪਟਿਆਲਾ 15 ਸਤੰਬਰ
ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੇ ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਇੱਥੇ ਪੰਚਾਇਤ ਭਵਨ ਵਿੱਚ ਦਰਬਾਰ ਲਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਲਾਂ ਸੁਣੀਆਂ। ਇਨ੍ਹਾਂ ਵਿੱਚੋਂ ਬਹੁਤੀਆਂ ਸ਼ਿਕਾਇਤਾਂ ਦਾ ਮੌਕੇ ’ਤੇ ਹੀ ਨਿਬੇੜਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ‘ਆਪ’ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਵਚਨਬੱਧ ਹੈ।
ਉਨ੍ਹਾਂ ਪਾਰਟੀ ਸੁਪਰੀਮੋ ਅਰਵਿੰਦਰ ਕੇਜਰੀਵਾਲ ਦੀ ਜ਼ਮਾਨਤ ’ਤੇ ਤਸੱਲੀ ਜ਼ਾਹਿਰ ਕਰਦਿਆਂ ਆਖਿਆ ਕਿ ਕਾਨੂੰਨ ਤੋਂ ਵੱਡਾ ਕੋਈ ਵੀ ਨਹੀਂ ਤੇ ਦੇਸ਼ ਕਾਨੂੰਨ ਕਿਸੇ ਬੇਕਸੂਰ ਨਾਲ ਬੇਇਨਸਾਫੀ ਨਹੀ ਹੋਣ ਦਿੰਦਾ। ਸੁਪਰੀਮ ਕੋਰਟ ਵੱਲੋਂ ਦਿੱਤੀ ਜ਼ਮਾਨਤ ਨੇ ਸਿੱਧ ਕਰ ਦਿੱਤਾ ਹੈ ਕਿ ਸੱਚ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਹੈ। ਕੇਂਦਰ ਸਰਕਾਰ ਨੇ ਅਰਵਿੰਦ ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਕੇਸ ਵਿੱਚ ਫਸਾ ਕੇ ਜੇਲ੍ਹ ਭੇਜ ਦਿੱਤਾ ਸੀ, ਤਾਂ ਜੋ ਉਹ ਪ੍ਰਚਾਰ ਨਾ ਕਰ ਸਕਣ ਪਰ ਹੁਣ ਜ਼ਮਾਨਤ ਮਿਲਣ ’ਤੇ ਉਹ ਹਰਿਆਣਾ ਚੋਣਾਂ ਵਿੱਚ ਖੁੱਲ੍ਹਾ ਪ੍ਰਚਾਰ ਕਰ ਸਕਣਗੇ, ਜਿਸ ਨਾਲ ਪਾਰਟੀ ਨੂੰ ਮਜ਼ਬੂਤੀ ਅਤੇ ਹੋਰ ਸੇਧ ਮਿਲੇਗੀ। ਇਸ ਮੌਕੇ ਮੀਡੀਆ ਸਲਾਹਕਾਰ ਗੱਜਣ ਸਿੰਘ, ਓਐੱਸਡੀ ਕਰਨਲ ਜੇ.ਵੀ ਸਿੰਘ, ਆਫਿਸ ਇੰਚਾਰਜ ਜਸਬੀਰ ਸਿੰਘ ਗਾਂਧੀ ਸਮੇਤ ਜੈ ਸ਼ੰਕਰ ਸ਼ਰਮਾ, ਇੰਜੀਨੀਅਰ ਦੇਸ਼ ਦੀਪਕ, ਸੁਰੇਸ਼ ਰਾਏ, ਕੁਮਾਰ, ਜਨਕ ਰਾਜ, ਪਵਨ ਕੁਮਾਰ, ਲਾਲ ਸਿੰਘ ਆਰ..ਐਸ ਸੰਧੂ, ਪ੍ਰਦੀਪ ਸ਼ਰਮਾ, ਭੁਪਿੰਦਰ ਸਿੰਘ ਨੰਬਰਦਾਰ ਤੇ ਜੀ.ਐਸ ਭੰਗੂ ਮੌਜੂਦ ਸਨ।