For the best experience, open
https://m.punjabitribuneonline.com
on your mobile browser.
Advertisement

ਸ਼ੰਭੂ ਬਾਰਡਰ ਖੁੱਲ੍ਹਵਾਉਣ ਲਈ ਸੈਣੀ ਨੂੰ ਮਿਲਿਆ ਭਾਜਪਾ ਦਾ ਵਫ਼ਦ

08:36 AM Nov 25, 2024 IST
ਸ਼ੰਭੂ ਬਾਰਡਰ ਖੁੱਲ੍ਹਵਾਉਣ ਲਈ ਸੈਣੀ ਨੂੰ ਮਿਲਿਆ ਭਾਜਪਾ ਦਾ ਵਫ਼ਦ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਸਨਮਾਨ ਕਰਦੇ ਹੋਏ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਹਰਪਾਲਪੁਰ ਤੇ ਸਾਥੀ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਨਵੰਬਰ
ਕਿਸਾਨਾਂ ਦੇ ਧਰਨੇ ਕਾਰਨ ਦਸ ਮਹੀਨਿਆਂ ਤੋਂ ਬੰਦ ਪਏ ਅੰਮ੍ਰਿਤਸਰ-ਦਿੱਲੀ ਕੌਮੀ ਮਾਰਗ ’ਤੇ ਸਥਿਤ ਪੰਜਾਬ ਅਤੇ ਹਰਿਆਣਾ ਦਾ ਸ਼ੰਭੂ ਬਾਰਡਰ ਖੁੱਲ੍ਹਵਾਉਣ ਦੀ ਮੰਗ ਸਬੰਧੀ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਭਾਜਪਾ ਆਗੂਆਂ, ਸਰਪੰਚਾਂ, ਪੰਚਾਂ ਅਤੇ ਵਪਾਰੀਆਂ ਦੇ ਨੁਮਾਇੰਦਿਆਂ ’ਤੇ ਆਧਾਰਿਤ ਇੱਕ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਾਲ ਮੁਲਾਕਾਤ ਕੀਤੀ।
ਵਫ਼ਦ ਨੇ ਦੱਸਿਆ ਕਿ ਸ਼ੰਭੂ ਬਾਰਡਰ ਬੰਦ ਹੋਣ ਕਾਰਨ ਦੋਵਾਂ ਰਾਜਾਂ ਦੇ ਅਨੇਕਾਂ ਵਰਗਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋਵਾਂ ਇਲਾਕਿਆਂ ਦੇ ਅਨੇਕਾਂ ਲੋਕ ਇੱਕ-ਦੂਜੇ ਰਾਜ ਦੇ ਸ਼ਹਿਰਾਂ ਵਿੱਚੋਂ ਖਰੀਦੋ-ਫਰੋਖਤ ਕਰਦੇ ਹਨ ਪਰ ਹੁਣ ਉਨ੍ਹਾਂ ਨੂੰ ਲੰਬਾ ਪੈਂਡਾ ਤੈਅ ਕਰਨਾ ਪੈਂਦਾ ਹੈ। ਦੋਵਾਂ ਰਾਜਾਂ ਦੇ ਵਪਾਰੀਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਦੀ ਅਗਵਾਈ ਹੇਠਲੇ ਇਸ ਵਫ਼ਦ ’ਚ ਸਰਪੰਚ ਬਲਜਿੰਦਰ ਬੱਖੂ, ਬਿਕਰਮ ਸੈਣੀ, ਹਰਮਨ ਭੰਗੂ ਅਤੇ ਹੈਪੀ ਮਾੜੂ ਸ਼ਾਮਲ ਸਨ।
ਮੁਲਾਕਾਤ ਮਗਰੋਂ ਹਰਪਾਲਪੁਰ ਨੇ ਦੱਸਿਆ ਕਿ ਬਾਰਡਰ ਬੰਦ ਹੋਣ ਦੇ ਕਾਰਨ ਭਾਵੇਂ ਕੁਝ ਵੀ ਹੋਣ ਪਰ ਅਜਿਹੇ ਹਾਲਾਤਾਂ ਦੌਰਾਨ ਦੋਵਾਂ ਰਾਜਾਂ ਦੇ ਲੋਕ ਦਸ ਮਹੀਨਿਆਂ ਤੋਂ ਮੁਸ਼ਕਲਾਂ ਸਹਿਣ ਲਈ ਮਜਬੂਰ ਹਨ। ਭਾਰੀ ਵਾਹਨ ਪਿੰਡਾਂ ਵਿੱਚੋਂ ਲੰਘਣ ਕਰਕੇ ਸੜਕਾਂ ਦੀ ਹਾਲਤ ਬਦਤਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ ਹੈ। ਵਫ਼ਦ ਨੇ ਮੁੱਖ ਮੰਤਰੀ ਨੂੰ ਕਿਰਪਾਨ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਆ। ਜ਼ਿਕਰਯੋਗ ਹੈ ਕਿ ਹਰਵਿੰਦਰ ਹਰਪਾਲਪੁਰ ਉਹੀ ਭਾਜਪਾ ਆਗੂ ਹੈ ਜਿਸ ਖ਼ਿਲਾਫ਼ ਲੋਕ ਸਭਾ ਚੋਣਾ ਦੌਰਾਨ ਪ੍ਰਦਰਸ਼ਨ ਕਰਦੇ ਸਮੇਂ ਕਿਸਾਨ ਆਗੂ ਸੁਰਿੰਦਰਪਾਲ ਆਕੜੀ ਦੀ ਹੋਈ ਮੌਤ ਸਬੰਧੀ ਕੇਸ ਦਰਜ ਹੋਇਆ ਸੀ। ਹਰਪਾਲਪੁਰ ਨੇ ਕਿਹਾ ਕਿ ਉਹ ਵੀ ਕਿਸਾਨ ਪਰਿਵਾਰ ਵਿੱਚੋਂ ਹੈ, ਜਿਸ ਕਰਕੇ ਕਿਸਾਨਾਂ ਦਾ ਮਾੜਾ ਨਹੀਂ ਸੋਚ ਸਕਦੇ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਪਰਨੀਤ ਕੌਰ ਦੇ ਯਤਨਾਂ ਸਦਕਾ ਸੰਭਵ ਹੋਈ ਹੈ।

Advertisement

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬੈਰੀਕੇਡ ਲਾਏ

ਜ਼ਿਕਰਯੋਗ ਹੈ ਕਿ ਰਹਿੰਦਿਆਂ ਕਿਸਾਨ ਮੰਗਾਂ ਦੀ ਪੂਰਤੀ ਲਈ ਜਦੋਂ ਹਜ਼ਾਰਾਂ ਕਿਸਾਨ ਮੈਂਬਰ 13 ਫਰਵਰੀ ਨੂੰ ਦਿੱਲੀ ਵੱਲ ਨੂੰ ਜਾ ਰਹੇ ਸਨ ਤਾਂ ਹਰਿਆਣਾ ਸਰਕਾਰ ਵੱੱਲੋਂ ਸ਼ੰਭੂ ਬਾਰਡਰ ’ਤੇ ਰੋਕਾਂ ਲਗਾ ਦਿੱਤੀਆਂ ਸਨ। ਝੜੱਪਾਂ ਵੀ ਹੋਈਆਂ ਤੇ ਕਿਸਾਨਾ ਦੇ ਵਾਹਨਾ ਦਾ ਭਾਰੀ ਨੁਕਸਾਨ ਹੋਇਆ ਤੇ ਢਾਬੀ ਗੁੱਜਰਾਂ ਬਾਰਡਰ ’ਤੇ ਤਾਂ ਇੱਕ ਕਿਸਾਨ ਦੀ ਗੋਲੀ ਲੱਗਣ ਕਾਰਨ ਮੌਤ ਵੀ ਹੋ ਗਈ ਸੀ। ਅਖੀਰ ਕਿਸਾਨਾਂ ਨੇ ਐਲਾਨ ਕੀਤਾ ਕਿ ਹੁਣ ਉਹ ਉਦੋਂ ਹੀ ਦਿੱਲੀ ਵੱਲ ਨੂੰ ਕੂਚ ਕਰਨਗੇ ਜਦੋਂ ਸਰਕਾਰ ਖੁਦ ਰੋਕਾਂ ਹਟਾਵੇਗੀ। ਇਸ ਤਰ੍ਹਾਂ ਦਸ ਮਹੀਨਿਆਂ ਤੋਂ ਬਾਰਡਰਾਂ ’ਤੇ ਮੋਰਚੇ ਜਾਰੀ ਹਨ। ਇਸ ਕਿਸਾਨ ਮੋਰਚੇ ਦੀ ਅਗਵਾਈ ਸਰਵਣ ਪੰਧੇਰ, ਜਗਜੀਤ ਡੱਲੇਵਾਲ, ਸੁਰਜੀਤ ਫੂਲ, ਜਸਵਿੰਦਰ ਲੋਂਗੋਵਾਲ, ਮਨਜੀਤ ਨਿਆਲ, ਮਨਜੀਤ ਘੁਮਾਣਾ, ਜੰਗ ਸਿੰਘ ਭਟੇੜੀ, ਗੁਰਧਿਆਨ ਸਿਓਣਾ, ਮਨਜੀਤ ਰਾਏ ਤੇ ਅਮਰਜੀਤ ਮੌੜ੍ਹੀ ਕਰ ਰਹੇ ਹਨ।

Advertisement

Advertisement
Author Image

Advertisement