ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਨੁੱਖਤਾ ’ਤੇ ਇਤਬਾਰ

08:11 AM Apr 20, 2024 IST

ਲੁਧਿਆਣਾ ’ਚ ਕਰੀਬ ਢਾਈ ਸਾਲ ਪਹਿਲਾਂ ਮਾਸੂਮ ਬੱਚੀ ਦਾ ਕਤਲ ਕਰਨ ਵਾਲੀ ਔਰਤ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਕੇ ਇਨਸਾਫ਼ ਦਾ ਤਕਾਜ਼ਾ ਪੂਰਾ ਕਰਦਿਆਂ ਉਹ ਇਤਬਾਰ ਬਹਾਲ ਕਰਨ ਦਾ ਯਤਨ ਵੀ ਕੀਤਾ ਹੈ ਜੋ ਇਸ ਘਟਨਾ ਤੋਂ ਬਾਅਦ ਮਨੁੱਖਤਾ ਤੋਂ ਉੱਠਦਾ ਨਜ਼ਰ ਆਉਂਦਾ ਸੀ। ਦੋ ਸਾਲ 9 ਮਹੀਨਿਆਂ ਦੀ ਇਸ ਬੱਚੀ ਨੂੰ ਉਸ ਦੀ ਗੁਆਂਢਣ ਨੇ ਹੀ ਜਿਊਂਦਿਆਂ ਦਫ਼ਨ ਕਰ ਦਿੱਤਾ ਸੀ। ਉਸ ਮਾਸੂਮ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸ ਨੂੰ ਕਿਸ ਕਸੂਰ ਦੀ ਸਜ਼ਾ ਦਿੱਤੀ ਗਈ। ਉਹ ਤਾਂ ਅਜੇ ਜਿ਼ੰਦਗੀ ਦੇ ਅਰਥ ਵੀ ਸਮਝਣ ਜੋਗੀ ਨਹੀਂ ਸੀ ਕਿ ਉਸ ਨੂੰ ਅੰਤਹੀਣ ਹਨੇਰੇ ਵਿੱਚ ਧੱਕ ਦਿੱਤਾ ਗਿਆ। ਅਦਾਲਤ ਨੇ ਆਪਣੇ ਫ਼ੈਸਲੇ ’ਚ ਕਿਹਾ ਹੈ ਕਿ ਮੁਜਰਮਾ ਨੇ ਵਹਿਸ਼ੀਪਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਮਾਸੂਮ ਨੂੰ ਬੇਹੱਦ ਜ਼ਾਲਮਾਨਾ ਢੰਗ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਕਿਸੇ ਮਾਸੂਮ ਬਾਲੜੀ ਨੂੰ ਜਿਊਂਦੇ ਜੀਅ ਦਫ਼ਨ ਕਰ ਦੇਣ ਤੋਂ ਵੱਡਾ ਗੁਨਾਹ ਕੋਈ ਹੋਰ ਨਹੀਂ ਹੋ ਸਕਦਾ; ਉਸ ਮਾਸੂਮ ਨੂੰ ਤਾਂ ਇਹ ਸਮਝ ਵੀ ਨਹੀਂ ਸੀ ਕਿ ਉਸ ਨਾਲ ਕੀ ਭਾਣਾ ਵਾਪਰ ਰਿਹਾ ਹੈ। ਇਹ ਘਟਨਾ ਮਨੁੱਖਤਾ ਦੇ ਮੱਥੇ ’ਤੇ ਕਲੰਕ ਹੈ ਅਤੇ ਇਸ ਨੇ ਮਨੁੱਖਤਾ ’ਤੇ ਭਰੋਸੇ ਨੂੰ ਠੇਸ ਲਗਾਈ ਹੈ।
ਲੁਧਿਆਣਾ ਦੇ ਸ਼ਿਮਲਾਪੁਰੀ ’ਚ ਵਾਪਰੀ ਇਸ ਘਟਨਾ ਦਾ ਪਿਛੋਕੜ ਇਹ ਹੈ ਕਿ ਮਾਸੂਮ ਬਾਲੜੀ ਦਾ ਪਿਤਾ ਪੁਲੀਸ ਮੁਲਾਜ਼ਮ ਹੈ ਤੇ ਮੁਜਰਮਾ ਉਸ ’ਤੇ ਇਸ ਗੱਲੋਂ ਖ਼ਫਾ ਸੀ ਕਿ ਉਹ ਉਸ ਦੇ ਬੱਚਿਆਂ ਨੂੰ ਗਲੀ ’ਚ ਖੇਡਣ ਤੋਂ ਰੋਕਦਾ ਹੈ। ਇਹ ਨਾਰਾਜ਼ਗੀ ਉਸ ’ਤੇ ਐਨੀ ਹਾਵੀ ਹੋ ਗਈ ਕਿ ਉਸ ਨੇ ਇਸ ਦਾ ਬਦਲਾ ਲੈਣ ਲਈ ਪੁਲੀਸ ਮੁਲਾਜ਼ਮ ਦੀ ਮਾਸੂਮ ਧੀ ਦੀ ਜਾਨ ਲੈ ਲਈ। ਮੁਜਰਮਾ ਆਪ ਵੀ ਦੋ ਬੱਚਿਆਂ ਦੀ ਮਾਂ ਹੈ, ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਖ਼ੁਦ ਮਾਂ ਹੋਣ ਦੇ ਬਾਵਜੂਦ ਉਹ ਈਰਖਾ, ਗੁੱਸੇ ਤੇ ਸਾੜੇ ਵਿੱਚ ਇਸ ਤਰ੍ਹਾਂ ਅੰਨ੍ਹੀ ਹੋ ਗਈ ਕਿ ਉਸ ਨੇ ਕਿਸੇ ਹੋਰ ਮਾਂ ਦੀ ਗੋਦ ਉਜਾੜਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਉਸ ਦੇ ਦਿਲ ’ਚ ਇੱਕ ਵਾਰ ਵੀ ਇਹ ਖਿਆਲ ਨਹੀਂ ਆਇਆ ਕਿ ਮਾਸੂਮ ਜਾਨ ਨੂੰ ਉਹ ਕਿਸ ਗੁਨਾਹ ਦੀ ਸਜ਼ਾ ਦੇਣ ਜਾ ਰਹੀ ਹੈ। ਉਸ ਨੂੰ ਜਦੋਂ ਉਹ ਜਿਊਂਦੇ ਜੀਅ ਕਬਰ ਦੇ ਹਨੇਰੇ ’ਚ ਦਫ਼ਨਾ ਦੇਵੇਗੀ ਤਾਂ ਉਸ ਦੀ ਮੌਤ ਕਿੰਨੀ ਦਰਦਨਾਕ ਹੋਵੇਗੀ। ਕਬਰ ਦੀ ਮਿੱਟੀ ਉਸ ਦੇ ਮਾਸੂਮ ਸਾਹਾਂ ਨੂੰ ਬੇਵਸ ਕਰ ਦੇਵੇਗੀ ਅਤੇ ਅੰਤ ਉਸ ਦੇ ਸਾਹਾਂ ਦੀ ਡੋਰ ਟੁੱਟ ਜਾਵੇਗੀ। ਅਜਿਹੀਆਂ ਵਹਿਸ਼ੀਆਨਾ ਕਾਰਵਾਈਆਂ ਕਰਨ ਵਾਲੇ ਸਚਮੁੱਚ ਸਾਡੇ ਸਮਾਜ ਦਾ ਹਿੱਸਾ ਨਹੀਂ ਹੋ ਸਕਦੇ।
ਮਨੋਵਿਗਿਆਨੀ ਮੰਨਦੇ ਹਨ ਕਿ ਨਿਆਸਰਾ, ਬੇਵਸ ਤੇ ਨਿਰਾਸ਼ ਹੋਇਆ ਮਨੁੱਖ ਕਿਸੇ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਉਹ ਖ਼ੁਦ ਲਈ ਅਤੇ ਦੂਸਰਿਆਂ ਵਾਸਤੇ ਵੀ ਘਾਤਕ ਹੋ ਸਕਦਾ ਹੈ। ਇਹ ਸਥਿਤੀ ਕਿਸੇ ਵਿਅਕਤੀ ਵਿਸ਼ੇਸ਼ ਲਈ ਵੱਖਰੀ ਹੋ ਸਕਦੀ ਹੈ ਪਰ ਆਮ ਤੌਰ ’ਤੇ ਭਾਈਚਾਰਕ ਸਾਂਝ ਤੇ ਰਿਸ਼ਤਿਆਂ-ਨਾਤਿਆਂ ਦੇ ਮੋਹ ਦੀਆਂ ਤੰਦਾਂ ਟੁੱਟਣ ਕਾਰਨ ਅਜਿਹਾ ਸੰਭਵ ਹੈ। ਸਮੇਂ ਨਾਲ ਸਮਾਜ ’ਚ ਆਈਆਂ ਤਬਦੀਲੀਆਂ ਨੇ ਮਨੁੱਖ ਨੂੰ ਆਪਣੇ ਆਪ ਤਕ ਹੀ ਸੀਮਤ ਕਰ ਦਿੱਤਾ ਹੈ। ਸਵਾਰਥ ਦੀ ਇਹੋ ਸੋਚ ਉਸ ਨੂੰ ਹੋਰਾਂ ਨਾਲ ਘੁਲਣ-ਮਿਲਣ ਨਹੀਂ ਦਿੰਦੀ ਅਤੇ ਕਿਸੇ ਨਿੱਜ ਦੇ ਵੱਸ ਪੈ ਕੇ ਉਹ ਹੋਰਾਂ ਲਈ ਕਬਰ ਪੁੱਟਣ ਦੇ ਰਾਹ ਤੁਰ ਪੈਂਦਾ ਹੈ ਪਰ ਇਹ ਨਹੀਂ ਸੋਚਦਾ ਕਿ ਕਿਸੇ ਹੋਰ ਦੀ ਕਬਰ ਪੁੱਟਣ ਲਈ ਉਹ ਆਪਣਾ ਪੈਰ ਵੀ ਮੌਤ ਦੇ ਰਾਹ ’ਤੇ ਧਰਦਾ ਹੈ। ਅਜਿਹੀਆਂ ਘਟਨਾਵਾਂ ਮਨੁੱਖਤਾ ਤੋਂ ਇਤਬਾਰ ਤੋੜਨ ਵਾਲੀਆਂ ਹੁੰਦੀਆਂ ਹਨ ਪਰ ਅਜਿਹੀ ਮਿਸਾਲੀ ਸਜ਼ਾ ਇਤਬਾਰ ਬਹਾਲੀ ਦਾ ਯਤਨ ਜਾਪਦੀ ਹੈ।

Advertisement

Advertisement