ਟਰੱਸਟ ਅਲ-ਮੁਸਤਫ਼ਾ ’ਵਰਸਿਟੀ ਦੀ ਭਾਰਤੀ ਸ਼ਾਖਾ ਦੇ ਨਵੇਂ ਮੁਖੀ ਦਾ ਸਨਮਾਨ
ਕੁਲਦੀਪ ਸਿੰਘ਼
ਨਵੀਂ ਦਿੱਲੀ, 9 ਜਨਵਰੀ
ਅਲ-ਮੁਸਤਫਾ ਇੰਟਰਨੈਸ਼ਨਲ ਯੂਨੀਵਰਸਿਟੀ, ਇਰਾਨ ਦੀ ਭਾਰਤੀ ਸ਼ਾਖਾ ਦੇ ਮੁੱਖ ਨੁਮਾਇੰਦੇ ਡਾਕਟਰ ਰਜ਼ਾ ਸੇਕਰੀ ਦੀ ਭਾਰਤ ਤੋਂ ਵਿਦਾਇਗੀ ਅਤੇ ਨਵੇਂ ਮੁੱਖ ਪ੍ਰਤੀਨਿਧੀ ਅਯਾਤੁੱਲਾ ਸਈਅਦ ਕਮਾਲ ਹੁਸੈਨੀ ਦੀ ਨਿਯੁਕਤੀ ਮੌਕੇ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸ਼ਿਰਕਤ ਕਰਦਿਆਂ ਵਿਰਾਸਤ ਸਿੱਖਇਜ਼ਮ ਟਰੱਸਟ ਦੇ ਚੇਅਰਮੈਨ ਰਾਜਿੰਦਰ ਸਿੰਘ ਨੇ ਡਾ. ਰਜ਼ਾ ਸੇਕਰੀ ਅਤੇ ਨਵੇਂ ਮੁਖੀ ਦਾ ਸਨਮਾਨ ਕੀਤਾ। ਇਸ ਮੌਕੇ ਰਾਜਿੰਦਰ ਸਿੰਘ ਨੇ ਕਿਹਾ ਕਿ ਡਾ. ਸੇਕਰੀ ਨੇ ਆਪਣੇ ਕਾਰਜਕਾਲ ਵਿੱਚ ਹਰ ਧਰਮ ਦੇ ਲੋਕਾਂ ਨੂੰ ਬਰਾਬਰ ਸਤਿਕਾਰ ਦਿੱਤਾ ਅਤੇ ਹਮੇਸ਼ਾ ਹੀ ਸਿੱਖ ਧਰਮ ਦੀਆਂ ਸਿਖਿਆਵਾਂ, ਇਤਿਹਾਸ ਨੂੰ ਜਾਣਨ ਵਿੱਚ ਵਿਸ਼ੇਸ਼ ਰੁਚੀ ਦਿਖਾਈ। ਉਨ੍ਹਾਂ ਕਿਹਾ ਕਿ ਪੰਜਾਬੀ ਵਿਦਵਾਨਾਂ ਨੂੰ ਫ਼ਾਰਸੀ ਬੋਲੀ ਨਾਲ ਰੂਬਰੂ ਕਰਵਾਉਣ ਲਈ, ਪੰਜਾਬੀ ਮਾਂ ਬੋਲੀ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਡਾ. ਸੇਕਰੀ ਦੇ ਕੀਤੇ ਗਏ ਸਹਿਯੋਗ ਕਾਰਜਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਨਵੇਂ ਮੁੱਖੀ ਅਯਾਤੁੱਲਾ ਸਈਅਦ ਕਮਾਲ ਹੁਸੈਨੀ ਨੂੰ ਵਧਾਈ ਦਿੰਦਿਆਂ ਰਾਜਿੰਦਰ ਸਿੰਘ ਨੇ ਕਿਹਾ ਕਿ ਡਾ. ਹੁਸੈਨੀ ਕੋਲੋਂ ਅਸੀਂ ਆਸ ਕਰਦੇ ਹਾਂ ਕਿ ਪੰਜਾਬੀ ਅਤੇ ਫ਼ਾਰਸੀ ਦੀ ਸਾਂਝ ਨੂੰ ਲੈ ਕੇ ਉਹ ਨਿਵੇਕਲੇ ਕਾਰਜਾਂ ਲਈ ਯਤਨਸ਼ੀਲ ਰਹਿਣਗੇ ਅਤੇ ਫ਼ਾਰਸੀ ਵਿੱਚ ਸਿੱਖ ਇਤਿਹਾਸ ਨੂੰ ਪੰਜਾਬੀ ਅਨੁਵਾਦ ਲਈ ਟਰੱਸਟ ਦੇ ਨਾਲ ਜੁੜੇ ਵਿਦਵਾਨਾਂ ਦੀ ਟੀਮ ਨਾਲ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਟਰੱਸਟ ਵੱਲੋਂ ਹਰਮਿੰਦਰ ਸਿੰਘ, ਵਿਨੀਤ ਕੁਮਾਰ ਅਤੇ ਪ੍ਰਮੋਦ ਤ੍ਰਿਪਾਠੀ ਨੇ ਵੀ ਸ਼ਿਰਕਤ ਕੀਤੀ।