ਮਗਰਮੱਛ ਦਾ ਸਿਰ ਕੈਨੇਡਾ ਲਿਜਾਂਦਿਆਂ ਮੁਲਜ਼ਮ ਹਵਾਈ ਅੱਡੇ ਤੋਂ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜਨਵਰੀ
ਇੱਕ ਕੈਨੇਡੀਅਨ ਨਾਗਰਿਕ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (ਆਈਜੀਆਈ) ਹਵਾਈ ਅੱਡੇ ’ਤੇ ਮਗਰਮੱਛ ਦੇ ਸਿਰ ਨਾਲ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਕੈਨੇਡਾ ਦੇ ਟੋਰਾਂਟੋ ਲਈ ਏਅਰ ਕੈਨੇਡਾ ਦੀ ਉਡਾਣ ਵਿੱਚ ਸਵਾਰ ਹੋਣ ਲਈ ਜਾਂਚ ਕਰਵਾ ਰਿਹਾ ਸੀ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ’ਤੇ ਸ਼ੱਕ ਹੋਣ ’ਤੇ ਆਈਜੀਆਈ ਦੇ ਟਰਮੀਨਲ 3 ਉੱਤੇ ਉਸ ਦੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ। ਇਸ ਦੌਰਾਨ ਮਗਰਮੱਛ ਦਾ ਸਿਰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਗਰਮੱਛ ਦਾ ਸਿਰ, ਜਿਸ ਦਾ ਵਜ਼ਨ 777 ਗ੍ਰਾਮ ਸੀ, ਨੂੰ ਯਾਤਰੀ ਦੇ ਸਾਮਾਨ ਵਿਚ ਕਰੀਮ ਰੰਗ ਦੇ ਕੱਪੜੇ ਵਿਚ ਲਪੇਟਿਆ ਗਿਆ ਸੀ। ਦਿੱਲੀ ਦੇ ਜੰਗਲਾਤ ਵਿਭਾਗ ਦੀ ਟੀਮ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਸਿਰ ਇੱਕ ਮਗਰਮੱਛ ਦਾ ਸੀ, ਪਰ ਇਸ ਦੀ ਨਸਲ ਦੀ ਪੁਸ਼ਟੀ ਨਹੀਂ ਹੋਈ। ਸਿਰ ਨੂੰ ਅਗਲੇਰੀ ਜਾਂਚ ਲਈ ਦੇਹਰਾਦੂਨ ਦੇ ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ ਭੇਜਿਆ ਗਿਆ ਹੈ। ਬਰਾਮਦਗੀ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਕਸਟਮ ਐਕਟ ਦੀਆਂ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਸਤੰਬਰ 2023 ਵਿੱਚ ਚੇਨਈ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਥਾਈ ਏਅਰਲਾਈਨਜ਼ ਰਾਹੀਂ ਬੈਂਕਾਕ ਤੋਂ ਚੇਨਈ ਲਈ ਉਡਾਣ ਭਰਨ ਵਾਲੇ ਇੱਕ ਯਾਤਰੀ ਤੋਂ 16 ਵਿਦੇਸ਼ੀ ਜਾਨਵਰਾਂ ਨੂੰ ਜ਼ਬਤ ਕੀਤਾ ਸੀ।
35 ਸਾਲਾ ਯਾਤਰੀ ਦੋ ਸੂਟਕੇਸ ਲੈ ਕੇ ਜਾ ਰਿਹਾ ਸੀ। ਕਸਟਮ ਅਧਿਕਾਰੀਆਂ ਨੇ ਬੈਗਾਂ ਨੂੰ ਖੋਲ੍ਹਿਆ ਅਤੇ ਪਾਈਥਨ ਪਰਿਵਾਰ ਨਾਲ ਸਬੰਧਤ ਅਜਗਰ ਦੇ 15 ਬੱਚੇ ਅਤੇ ਅਫਰੀਕੀ ਮਹਾਂਦੀਪ ਤੋਂ ਇੱਕ ਦੁਰਲੱਭ ਗਲਹਿਰੀ ਮਿਲੀ।