ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਰੰਪ ਦੀ ਤਾਨ ਤੇ ਵਿਰਾਟ ਦੀ ਧੁਨ

04:58 AM Mar 10, 2025 IST
featuredImage featuredImage

ਜਯੋਤੀ ਮਲਹੋਤਰਾ

ਕਰੀਬ ਹਫ਼ਤਾ ਪਹਿਲਾਂ ਡੋਨਲਡ ਟਰੰਪ ਅਤੇ ਵੋਲੋਦੀਮੀਰ ਜ਼ੇਲੈਂਸਕੀ ਵਿਚਕਾਰ ਹੋਈ ਤੂ-ਤਡਿ਼ੱਕ ਪੁਰਾਣੀ ਹੋ ਗਈ ਹੈ। ਓਵਲ ਆਫਿਸ ਦੀ ਉਸ ਸਵੇਰ ਦੁਨੀਆ ਬਦਲ ਗਈ ਤੇ ਦੁਨੀਆ ਨੇ ਤਾਕਤ ਦਾ ਅ-ਪ੍ਰੌੜ ਇਸਤੇਮਾਲ ਦੇਖਿਆ। ਜੇ ਯੂਰੋਪ ਅਤੇ ਯੂਕਰੇਨੀਆਂ ਨੂੰ ਤਾਕਤ ਦੇ ਉਸ ਇਸਤੇਮਾਲ ਵਿੱਚੋਂ ਨਫਾਸਤ ਅਤੇ ਸ਼ਿਸ਼ਟਾਚਾਰ ਦੀ ਕਮੀ ਰੜਕੀ ਸੀ ਤਾਂ ਸ਼ਾਇਦ ਉਹ ਠੀਕ ਸਨ ਪਰ ਉਹ ਇਹ ਵੀ ਜਾਣਦੇ ਹਨ ਕਿ ਆਂਡਿਆਂ ਨੂੰ ਤੋੜੇ ਬਗ਼ੈਰ ਆਮਲੇਟ ਬਣਾਉਣਾ ਸੌਖਾ ਨਹੀਂ ਹੁੰਦਾ। ਅਜੀਬ ਗੱਲ ਇਹ ਰਹੀ ਕਿ ਯੂਰੋਪੀਅਨ ਅਤੇ ਬਰਤਾਨਵੀ ਇਸ ਤੋਂ ਹੈਰਤ ਵਿੱਚ ਦਿਖਾਈ ਦਿੱਤੇ। ਬਰਤਾਨੀਆ ਅਤੇ ਫਰਾਂਸ, ਦੋਵੇਂ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਵੀਟੋ ਸ਼ਕਤੀਯਾਫ਼ਤਾ ਸਥਾਈ ਮੈਂਬਰ ਹਨ ਅਤੇ ਮਹਾਦੀਪ ਦੇ ਕਈ ਹੋਰ ਦੇਸ਼ ਵੀ ਦੁਨੀਆ ਦੇ ਮੰਜ਼ਰ ’ਤੇ ਆਪਣੀ ਛਾਪ ਛੱਡਣ ਲਈ ਤਰਲੋਮੱਛੀ ਹੋ ਰਹੇ ਹਨ ਜਦੋਂਕਿ ਦੂਜੀ ਆਲਮੀ ਜੰਗ ਤੋਂ ਲੈ ਕੇ ਉਹ ਅਮਰੀਕੀਆਂ ਦੇ ਪਿਛਲੱਗ ਬਣੇ ਰਹੇ ਹਨ ਅਤੇ ਅਮਰੀਕੀ ਡਾਲਰ ਦੇ ਸਿਰ ’ਤੇ ਕੁਦਾੜੀਆਂ ਮਾਰਦੇ ਰਹੇ ਹਨ।
Advertisement

ਯੂਰੋਪੀਅਨਾਂ ਦੇ ਅਮਰੀਕੀ ਡਾਲਰ ਨਾਲ ਤਿਹੁ ਨੂੰ ਜੇ ਪਾਸੇ ਰੱਖ ਦਿੱਤਾ ਜਾਵੇ ਤਾਂ ਉਨ੍ਹਾਂ ਦਾ ਸਭ ਤੋਂ ਗੁੱਝਾ ਭੇਤ ਇਹ ਹੈ ਕਿ ਉਨ੍ਹਾਂ ਦੇ ਮਨਾਂ ਵਿੱਚ ਅਮਰੀਕੀਆਂ ਪ੍ਰਤੀ ਗਹਿਰੀ ਹਿਕਾਰਤ ਭਰੀ ਹੋਈ ਹੈ। ਸੁਏਜ਼ ਨਹਿਰ ਦੇ ਪਰਲੇ ਪਾਸੇ ਸਭ ਤੋਂ ਮਹਿੰਗੇ ਬਗੈੱਟ (ਫ੍ਰੈਂਚ ਡਬਲ ਰੋਟੀ) ਫਰਾਂਸੀਸੀਆਂ ਵੱਲੋਂ ਹੀ ਬਣਾਏ ਜਾਂਦੇ ਹਨ ਜਦੋਂ ਗਰਮੀਆਂ ਦੀ ਰੁੱਤ ਵਿੱਚ ਪੈਰਿਸ ਖਾਲੀ ਹੋ ਜਾਂਦਾ ਹੈ ਅਤੇ ਅਮਰੀਕੀ ਸੈਲਾਨੀਆਂ ਦੀਆਂ ਧਾੜਾਂ ਫਰਾਂਸੀਸੀ ਰਾਜਧਾਨੀ ਆਉਂਦੀਆਂ ਹਨ ਤੇ ਉਹ ਸਾਰੇ ‘ਲਾ ਹੈਮਿੰਗਵੇ’ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਦਾਅਵਤ ਦੀ ਭਾਲ ਵਿੱਚ ਹੁੰਦੇ ਹਨ।

ਗੱਲ ਇਹ ਹੈ ਕਿ ਉੱਘੇ ਪੱਤਰਕਾਰ ਸ਼ੇਖਰ ਗੁਪਤਾ ਦੇ ਸ਼ਬਦਾਂ ਵਿੱਚ ਟਰੰਪ ਐੱਡ ਕੰਪਨੀ- ਜੇਡੀ ਵੈਂਸ, ਐਲਨ ਮਸਕ ਜਿਹੇ ਬਹੁਤ ਸਾਰੇ, ਕੋਲ ‘ਤਾਨਪੁਰਾ ਸੁਰਬੰਦੀ’ ਲਈ ਕੋਈ ਸਮਾਂ ਨਹੀਂ ਹੈ; ਮਤਲਬ ਇਹ ਕਿ ਯੂਰੋਪ ਨੂੰ ਸਜ-ਧਜ ਅਤੇ ਦਿਖਾਵਾ ਬਹੁਤ ਪਸੰਦ ਹੈ ਤੇ ਜੋ ‘ਸਮਤਾ, ਸੁਤੰਤਰਤਾ ਅਤੇ ਭਾਈਚਾਰੇ’ ਜਿਹੇ ਸ਼ਬਦਾਂ ਵਿੱਚ ਪਰੋਇਆ ਹੁੰਦਾ ਹੈ, ਪਰ ਪਿਆਰੇ ਪਾਠਕੋ, ਉੱਤਰੀ ਅਫਰੀਕਾ ਖ਼ਾਸਕਰ ਅਲਜੀਰੀਆ ਵਿੱਚ ਫਰਾਂਸ ਦੇ ਰਿਕਾਰਡ ਵੱਲ ਝਾਤ ਮਾਰੋ ਜੋ ਬਹੁਤਾ ਪੁਰਾਣਾ ਨਹੀਂ ਹੈ ਜਿੱਥੇ ਗੋਰੇ ਫਰਾਂਸੀਸੀਆਂ ਨੂੰ ਵੀ ‘ਕਾਲੇ ਪੈਰਾਂ’ ਦੀ ਨਿਆਈਂ ਗਿਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਚਮੜੀ ਫਰਾਂਸੀਸੀ ਪੈਮਾਨੇ ਜਿੰਨੀ ਗੋਰਾ ਨਹੀਂ ਹੁੰਦੀ- ਉਨ੍ਹਾਂ ਲਈ ਇਹ ਕਿੰਨਾ ਆਤਮਾ ਨੂੰ ਝੰਜੋੜਨ ਵਾਲਾ ਹੁੰਦਾ ਹੈ ਕਿਉਂਕਿ ਅੰਤ ਉਹ ਜਾਣਦੇ ਹਨ ਕਿ ਸਭ ਦਾ ਖਰਚਾ ਪਾਣੀ ਅਮਰੀਕੀਆਂ ਨੇ ਹੀ ਚੁੱਕਣਾ ਹੁੰਦਾ ਹੈ।

Advertisement

ਟਰੰਪ ਅਤੇ ਵੈਂਸ ਨੇ ਹੁਣੇ-ਹੁਣੇ ਐਲਾਨ ਕੀਤਾ ਹੈ ਕਿ ਹੁਣ ‘ਤਾਨਪੁਰਾ ਸੁਰਬੰਦੀ’ ਲਈ ਕੋਈ ਸਮਾਂ ਨਹੀਂ ਬਚਿਆ; ਜਾਂ ਫਿਰ ਇਹ ਕਿ, ਤੁਸੀਂ ਆਪਣਾ ਤਾਨਪੁਰਾ ਸੁਰ ਕਰਦੇ ਰਹੋ ਪਰ ਸਾਡੇ ਕੋਲ ਇਸ ਲਈ ਨਾ ਸਮਾਂ ਹੈ ਤੇ ਨਾ ਹੀ ਖਰਚਾ ਪਾਣੀ। ਯੂਕਰੇਨ ਜੀਅ ਸਦਕੇ ਅਖ਼ੀਰ ਤੱਕ ਲੜ ਸਕਦਾ ਹੈ ਪਰ ਅਮਰੀਕਾ ਪੈਸਾ ਨਹੀਂ ਦੇਵੇਗਾ। ਘੱਟੋ-ਘੱਟ ਅਫ਼ਗਾਨਿਸਤਾਨ ਨੇ ਅਮਰੀਕਾ ਅਤੇ ਯੂਰੋਪ ਨੂੰ ਇਹ ਤਾਂ ਸਿਖਾ ਹੀ ਦਿੱਤਾ ਹੈ ਕਿ ਕਿਸੇ ਹੋਰ ਦੀ ਜੰਗ ਲੜਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਮੁੰਡੇ ਇਸ ਲਈ ਮਰ ਖ਼ਪ ਜਾਣ। ਸ਼ਾਇਦ, ਇਸੇ ਕਰ ਕੇ ਉਨ੍ਹਾਂ ਆਪਣਾ ਅਪਰਾਧ ਬੋਧ ਹਲਕਾ ਕਰਨ ਲਈ ਆਪਣੇ ਪਰਸ ਦੀਆਂ ਤਣੀਆਂ ਢਿੱਲੀਆਂ ਕਰ ਦਿੱਤੀਆਂ ਸਨ।

ਟਰੰਪ ਨੇ ਓਵਲ ਆਫਿਸ ਵਿੱਚ ਉਸ ਸਵੇਰ ਯੂਰੋਪ ਦੇ ਦੰਭ ਨੂੰ ਨੰਗਾ ਕੀਤਾ ਸੀ। ਪਿਛਲੇ ਤਿੰਨ ਸਾਲਾਂ ਤੋਂ ਯੂਰੋਪ ਅਤੇ ਕੈਨੇਡਾ ਜ਼ੇਲੈਂਸਕੀ ਨੂੰ ਵਲਾਦੀਮੀਰ ਪੂਤਿਨ ਨਾਲ ਲੜਨ ਲਈ ਹੱਲਾਸ਼ੇਰੀ ਦੇ ਰਹੇ ਸਨ, ਸਿਵਾਇ ਇਸ ਗੱਲ ਦੇ ਕਿ ਅਫ਼ਗਾਨਿਸਤਾਨ ਤੋਂ ਉਲਟ ਉਹ ਆਪਣੀ ਬੋਲਾਂ ਨੂੰ ਪੁਗਾਉਣ ਲਈ ਤਿਆਰ ਦਿਖਾਈ ਨਹੀਂ ਦੇ ਰਹੇ। ਦੁਨੀਆ ਨੂੰ ਲੀਹ ’ਤੇ ਆਉਣ ਵਿਚ ਹਫ਼ਤੇ ਤੋਂ ਵੀ ਘੱਟ ਸਮਾਂ ਲੱਗਿਆ ਹੈ; ਨਾ ਕੇਵਲ ਜ਼ੇਲੈਂਸਕੀ ਸਗੋਂ ਹਰ ਕੋਈ ਟਰੰਪ ਦੀ ਅਗਵਾਈ ਹੇਠ ਨਵੀਂ ਦੁਨੀਆ ਨਾਲ ਜੁੜਨ ਲਈ ਤਿਆਰੀਆਂ ਕਰ ਰਿਹਾ ਹੈ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ।

ਇਸ ਸਮੇਂ ਜੋ ਕੋਈ ਟਰੰਪ ਸਾਹਮਣੇ ਖੜ੍ਹਾ ਨਜ਼ਰ ਆ ਰਿਹਾ ਹੈ ਤਾਂ ਉਹ ਸਿਰਫ਼ ਚੀਨ ਹੈ। ਤੁਹਾਨੂੰ ਪਤਾ ਹੈ ਕਿ ਇਸ ਦਾ ਕੀ ਮਤਲਬ ਹੈ; ਇਹ ਕਿ ਟਰੰਪ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਦਾ ਅਸਲ ਵਿਰੋਧੀ ਪੂਤਿਨ ਨਹੀਂ ਸਗੋਂ ਸ਼ੀ ਜਿਨਪਿੰਗ ਹੈ; ਇਹ ਕਿ ਚੀਨ ਤੋਂ ਇਲਾਵਾ ਅਮਰੀਕੀਆਂ ਨਾਲ ਪੰਗਾ ਲੈਣ ਦਾ ਕਿਸੇ ਕੋਲ ਦਮਖ਼ਮ ਨਹੀਂ ਹੈ। ਸ਼ਾਇਦ ਇਸੇ ਲਈ ਟਰੰਪ ਰੂਸੀ ਰਿੱਛ ਨੂੰ ਜੱਫੀ ਪਾਉਣ ਲਈ ਉਤਾਵਲਾ ਹੈ ਤਾਂ ਕਿ ਉਸ ਨੂੰ ਚੀਨੀ ਆਗੂ ਦੇ ਡ੍ਰੈਗਨ ਨੁਮਾ ਕੁੰਡਲੀ ਤੋਂ ਮੁਕਤ ਕਰਾਇਆ ਜਾ ਸਕੇ। ਕਮਾਲ ਦੀ ਗੱਲ ਇਹ ਹੈ ਕਿ ਟਰੰਪ ਨੇ ਇਹ ਮੂਲ ਸਚਾਈ ਐਨੀ ਛੇਤੀ ਜਾਣ ਲਈ ਹੈ ਜਦੋਂਕਿ ਬਾਕੀ ਦਾ ਵਾਸ਼ਿੰਗਟਨ ਡੀਸੀ ਐਨੇ ਸਾਲਾਂ ਤੋਂ ਅੱਕੀ ਪਲਾਹੀਂ ਹੱਥ ਮਾਰ ਰਿਹਾ ਸੀ।

ਫਿਰ ਹੁਣ ਟਰੰਪ ਦੇ ਯੁੱਗ ਵਿੱਚ ਭਾਰਤ ਦੀ ਵਿਦੇਸ਼ ਨੀਤੀ ਨੂੰ ਕਿਵੇਂ ਸਮਝਿਆ ਜਾਣਾ ਚਾਹੀਦਾ ਹੈ? ਸਾਫ਼ ਜ਼ਾਹਿਰ ਹੈ ਕਿ ਮੋਦੀ ਸਰਕਾਰ ਨੇ ਟਰੰਪ ਨਾਲ ਝਬਦੇ ਮੁਲਾਕਾਤ ਕਰ ਕੇ ਵਧੀਆ ਕੰਮ ਕੀਤਾ ਹੈ, ਹਾਲਾਂਕਿ ਜਦੋਂ ਇਹ ਮਿਲਣੀ ਹੋ ਰਹੀ ਸੀ ਤਾਂ ਉਸੇ ਵਕਤ ਅਮਰੀਕੀ ਰਾਸ਼ਟਰਪਤੀ ਵੱਲੋਂ ਭਾਰਤੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਪਹਿਨਾ ਕੇ ਬੇਦਖ਼ਲ ਕੀਤਾ ਜਾ ਰਿਹਾ ਸੀ। ਇਸ ਲਈ ਮੋਦੀ ਨੇ ਝੱਟ ਇਹ ਕੌੜੀ ਗੋਲ਼ੀ ਨਿਗਲ ਲਈ ਅਤੇ ਕਿਉਂਕਿ ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਬੜੀ ਫੁਰਤੀ ਨਾਲ ਅੱਗੇ ਵਧ ਕੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਣਾ ਪਵੇਗਾ ਤੇ ਬਣਦੇ ਦੋ ਸ਼ਬਦ ਆਖਣੇ ਪੈਣੇ ਹਨ।

ਵਾਸ਼ਿੰਗਟਨ ਡੀਸੀ ਵਿੱਚ ਮੋਦੀ ਦੀ ਮੌਜੂਦਗੀ ਉਨ੍ਹਾਂ ਵੱਲੋਂ ਦਿੱਤੇ ਗਏ ਪੁਰਾਣੇ ਨਾਅਰੇ ‘ਅਬਕੀ ਬਾਰ ਟਰੰਪ ਸਰਕਾਰ’ ਦੀ ਵੀ ਯਾਦ ਦਿਵਾ ਰਹੀ ਸੀ ਜਦੋਂਕਿ ਇਸ ਦਾ ਐਨ ਉਲਟ ਜ਼ੇਲੈਂਸਕੀ ਵਲੋਂ ਬਾਇਡਨ ਨੂੰ ਦਿੱਤੀ ਹਮਾਇਤ ਸੀ। ਬਾਕੀ ਦਾ ਕੰਮ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ ਜੈਸ਼ੰਕਰ ਵੱਲੋਂ ਬੜੀ ਸਫ਼ਾਈ ਨਾਲ ਕੀਤਾ ਜਾ ਰਿਹਾ ਸੀ। ਇਸੇ ਲਈ ਉਨ੍ਹਾਂ ਇਹ ਐਲਾਨ ਕੀਤਾ ਸੀ ਕਿ ਭਾਰਤ ਡਾਲਰ ਨੂੰ ਕਮਜ਼ੋਰ ਕਰਨ ਦੀ ਮੁਹਿੰਮ ਦੇ ਹੱਕ ਵਿੱਚ ਬਿਲਕੁਲ ਨਹੀਂ ਹੈ, ਹਾਲਾਂਕਿ ਰੂਸ ਦੇ ਕਜ਼ਾਨ ਸ਼ਹਿਰ ਵਿੱਚ ਚੀਨ ਦੀ ਅਗਵਾਈ ਹੇਠ ਹੋਏ ਬਰਿਕਸ ਸੰਮੇਲਨ ਵਿੱਚ ਭਾਰਤ ਨੇ ਜਿਸ ਚੀਜ਼ ’ਤੇ ਸਹੀ ਪਾਈ ਸੀ, ਉਹ ਇਹੀ ਤਾਂ ਸੀ; ਬਜਟ ਤੋਂ ਪਹਿਲਾਂ ਹੀ ਲਗਜ਼ਰੀ ਮੋਟਰਸਾਈਕਲਾਂ ’ਤੇ ਟੈਕਸ ਘਟਾ ਦਿੱਤਾ ਗਿਆ ਕਿਉਂਕਿ ਟਰੰਪ ਨੇ ਆਪਣੀ ਪਿਛਲੀ ਸਰਕਾਰ ਵੇਲੇ ਇਸ ਲਈ ਕਾਫ਼ੀ ਜ਼ੋਰ ਲਾਇਆ ਸੀ।

ਮੁੱਕਦੀ ਗੱਲ ਇਹ ਹੈ ਕਿ ਟਰੰਪ ਦੇ ਲੇਲੇ-ਪੇਪੇ ਕਰਦੇ ਰਹੋ ਜਾਂ ਘੱਟੋ-ਘੱਟ ਉਸ ਦਾ ਠੰਢ-ਠੰਢੋਲਾ ਕਰਦੇ ਰਹੋ, ਉਸ ਨੂੰ ਇਹ ਦਿਖਾਉਂਦੇ ਰਹੋ ਕਿ ਤੁਹਾਥੋਂ ਉਸ ਨੂੰ ਕੋਈ ਖ਼ਤਰਾ ਨਹੀਂ ਹੈ। ਜਿਵੇਂ ਤੁਸੀਂ ਜਾਣਦੇ ਹੀ ਹੋ, ਉਸ ਦਾ ਕੋਈ ਪਤਾ ਨਹੀਂ ਕਿ ਉਹ ਕੀ ਕੱਢ ਮਾਰੇ- ਮੈਕਸਿਕੋ ਅਤੇ ਕੈਨੇਡਾ ’ਤੇ ਉਸ ਵੱਲੋਂ ਲਾਏ ਗਏ ਟੈਰਿਫ਼ ਵਾਪਸ ਲੈ ਲਏ ਗਏ ਹਨ- ਇਸ ਕਰ ਕੇ ਉਸ ਦੇ ਅਗਾੜੀ-ਪਿਛਾੜੀ ਕਦੇ ਨਾ ਆਓ। ਤੁਸੀਂ ਇਹ ਦਿਖਾਵਾ ਨਹੀਂ ਕਰ ਸਕਦੇ ਕਿ ਤੁਸੀਂ ਨਿਰਲੇਪ ਹੋ ਕਿਉਂਕਿ ਤੁਸੀਂ ਹੁੰਦੇ ਨਹੀਂ; ਨਾ ਹੀ ਉਸ ਨਾਲ ਦੋਸਤੀ ਦੀਆਂ ਫੜ੍ਹਾਂ ਮਾਰਦੇ ਰਹੋ ਜਿਵੇਂ ਅਸੁਰੱਖਿਅਤ ਸੰਗੀਆਂ ਦੀ ਆਦਤ ਹੁੰਦੀ ਹੈ।

ਜਿੱਥੋਂ ਤੱਕ ਆਉਣ ਵਾਲੇ ਅਮਰੀਕਾ-ਰੂਸ ਸਿਖ਼ਰ ਸੰਮੇਲਨ ਦੀ ਗੱਲ ਹੈ, ਭਾਰਤ ਲਈ ਪਾਸਾ ਸੁੱਟਣ ਦੀ ਦੇਰ ਹੈ ਕਿ ਇਸ ਦੀ ਜਿੱਤ ਪੱਕੀ ਹੈ। ਜੇ ਮੋਦੀ ਨੇ ਇਹ ਬਾਜ਼ੀ ਚੰਗੀ ਤਰ੍ਹਾਂ ਖੇਡ ਲਈ ਤਾਂ ਉਹ ਪੱਛਮ ਤੇ ਪੂਰਬ, ਦੋਵੇਂ ਥਾਈਂ ਭਾਰਤ ਦੀ ਹੈਸੀਅਤ ਨੂੰ ਵਧਾ ਸਕਦੇ ਹਨ। ਟਰੰਪ-ਪੂਤਿਨ-ਮੋਦੀ ਸਿਖਰ ਸੰਮੇਲਨ ਦੀ ਸੰਭਾਵਨਾ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਇਸ ਬਾਬਤ ਮੋਦੀ ਸਰਕਾਰ ਨੂੰ ਤਾਕਤ ਦੇ ਇਸਤੇਮਾਲ ਬਾਰੇ ਕੁਝ ਸੇਧਾਂ ਲੈਣ ਦੀ ਲੋੜ ਹੈ। ਮਸਲਨ, ਤੁਹਾਡੇ ਦੋਸਤਾਂ ਨਾਲੋਂ ਤੁਹਾਡੇ ਦੁਸ਼ਮਣਾਂ ਨੂੰ ਦੋਸਤ ਬਣਾਉਣਾ ਕਿਤੇ ਵੱਧ ਅਹਿਮ ਹੁੰਦਾ ਹੈ। ਜੇ ਮੋਦੀ ਭਾਰਤ ਨੂੰ ਖੇਤਰੀ ਸ਼ਕਤੀ ਬਣਾਉਣਾ ਚਾਹੁੰਦੇ ਹਨ ਤਾਂ ਉਹ ਪਾਕਿਸਤਾਨ ਪ੍ਰਤੀ ਆਪਣੇ ਤੁਅੱਸਬਾਂ ਨੂੰ ਇਸ ਦੇ ਰਾਹ ਵਿਚ ਨਹੀਂ ਆਉਣ ਦੇ ਸਕਦੇ। ਇਹ ਲੋਕਾਂ ਦਰਮਿਆਨ ਆਪਸੀ ਸੰਪਰਕ ਦੀ ਚਾਹਤ ਤੋਂ ਵੀ ਵਡੇਰੀ ਗੱਲ ਹੈ ਹਾਲਾਂਕਿ ਜੇ ਪਾਕਿਸਤਾਨ ਤੋਂ ਆਪਣੇ ਦੋਸਤਾਂ ਨੂੰ ਦਿੱਲੀ ਵਿੱਚ ਵਿਆਹ ਜਿਹੇ ਜਸ਼ਨਾਂ ਵਿੱਚ ਆਉਣ ਦੀ ਖੁੱਲ੍ਹ ਦੇ ਦਿੱਤੀ ਜਾਵੇ ਤਾਂ ਇਹ ਹੋਰ ਵੀ ਚੰਗਾ ਹੋਵੇਗਾ ਜੋ ਪ੍ਰਧਾਨ ਮੰਤਰੀ ਦੇ ਵਿਸ਼ਵ ਨਜ਼ਰੀਏ ਵਿੱਚ ਬੁਨਿਆਦੀ ਰਣਨੀਤਕ ਤਬਦੀਲੀ ਦਾ ਮੁੱਢ ਹੋਵੇਗਾ।

ਜੇ ਭਾਰਤ ਨੂੰ ਕਿਸੇ ਵੀ ਬੰਨ੍ਹੇ ਚੀਨ-ਪਾਕਿਸਤਾਨ ਧੁਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਕਦੇ ਵੀ ਮਜ਼ਬੂਤ ਨਹੀਂ ਹੋ ਸਕਦਾ। ਕਿਉਂ ਨਾ ਇਸ ਦੀ ਕਮਜ਼ੋਰ ਕੜੀ ਤੇ ਪੱਛਮ ਵੱਲ ਪੈਂਦੇ ਆਪਣੇ ਗੁਆਂਢੀ ਨਾਲ ਦੋਸਤੀ ਗੰਢ ਕੇ ਦੋਵਾਂ ਦੀ ਨੇੜਤਾ ਤੋੜੀ ਜਾਵੇ ਜਿਸ ਨਾਲ ਤੁਹਾਡੀ ਐਨੀ ਜ਼ਿਆਦਾ ਸਾਂਝ ਵੀ ਹੈ? ਪਰ ਇਸ ਦੀ ਬਜਾਇ ਭਾਰਤ ਨੇ ਚੀਨ ਨਾਲ ਆਪਣੇ ਰਿਸ਼ਤੇ ਸੁਧਾਰਨ ਅਤੇ ਪਾਕਿਸਤਾਨ ਨੂੰ ਕਾਲੀ ਸੂਚੀ ਵਿੱਚ ਪਾ ਕੇ ਰੱਖਣ ਦਾ ਰਾਹ ਚੁਣਿਆ ਹੈ। ਪ੍ਰਧਾਨ ਮੰਤਰੀ ਅਕਸਰ ਵਿਰਾਟ ਕੋਹਲੀ ਦੀ ਬਹੁਤ ਤਾਰੀਫ਼ ਕਰਦੇ ਰਹਿੰਦੇ ਹਨ ਤੇ ਕੁਝ ਦਿਨ ਪਹਿਲਾਂ ਉਸ ਨੇ ਮੈਚ ਦੌਰਾਨ ਇਕ ਪਾਕਿਸਤਾਨੀ ਬੱਲੇਬਾਜ਼ ਦੇ ਬੂਟ ਦਾ ਤਸਮਾ ਬੰਨ੍ਹਿਆ- ਇਹ ਉਸ ਦੀ ਖ਼ੁਦ ਉਤੇ, ਆਪਣੀ ਖੇਡ ਉੱਤੇ ਅਤੇ ਦੁਨੀਆ ਵਿੱਚ ਆਪਣੇ ਮੁਕਾਮ ਉੱਤੇ ਭਰੋਸੇ ਦੀ ਭਰਪੂਰ ਨੁਮਾਇਸ਼ ਸੀ। ਪ੍ਰਧਾਨ ਮੰਤਰੀ ਦੀ ਵਿਦੇਸ਼ੀ ਨੀਤੀ ’ਤੇ ਪਕੜ ਦੀ ਬਹੁਤ ਦਾਦ ਦਿੱਤੀ ਜਾਂਦੀ ਹੈ, ਪਰ ਕੀ ਉਹ ਵਿਰਾਟ ਦੇ ਨੁਸਖੇ ਤੋਂ ਕੋਈ ਸੇਧ ਲੈ ਸਕਦੇ ਹਨ?

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement