ਪੌਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਾਉਣ ਦੇ ਮਾਮਲੇ ਵਿੱਚ ਟਰੰਪ ਖ਼ਿਲਾਫ਼ ਸਜ਼ਾ ਦਾ ਐਲਾਨ 10 ਨੂੰ
ਨਿਊਯਾਰਕ, 4 ਜਨਵਰੀ
ਪੌਰਨ ਸਟਾਰ ਨੂੰ ਪੈਸੇ ਦੇ ਕੇ ਚੁੱਪ ਕਰਾਉਣ (ਹਸ਼ ਮਨੀ) ਦੇ ਦੋਸ਼ਾਂ ਹੇਠ ਘਿਰੇ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਜੱਜ ਨੇ ਸਜ਼ਾ ਸੁਣਾਉਣ ਲਈ 10 ਜਨਵਰੀ ਦੀ ਤਰੀਕ ਤੈਅ ਕਰ ਦਿੱਤੀ ਹੈ। ਇਸ ਨਾਲ ਟਰੰਪ ਅਮਰੀਕਾ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜੋ ਅਪਰਾਧੀ ਹੋਣਗੇ। ਟਰੰਪ ਵੱਲੋਂ ਮੁਲਕ ਦੇ ਦੂਜੀ ਵਾਰ ਰਾਸ਼ਟਰਪਤੀ ਵਜੋਂ ਹਲਫ਼ ਲਏ ਜਾਣ ਦੇ 10 ਦਿਨ ਪਹਿਲਾਂ ਆਉਣ ਵਾਲੇ ਨਾਟਕੀ ਫ਼ੈਸਲੇ ’ਤੇ ਸਾਰਿਆਂ ਦੀਆਂ ਨਜ਼ਰਾਂ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੋਈ ਸਜ਼ਾ ਸੁਣਾਏ ਬਿਨਾਂ ਕੇਸ ਬੰਦ ਕੀਤਾ ਜਾ ਸਕਦਾ ਹੈ। ਮੈਨਹਟਨ ਦੇ ਜੱਜ ਜੁਆਨ ਮਰਚੇਨ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤੇ ਕਿ ਟਰੰਪ ਨੂੰ ਜੇਲ੍ਹ ਨਹੀਂ ਭੇਜਿਆ ਜਾਵੇਗਾ। ਫ਼ੈਸਲਾ ਜੋ ਮਰਜ਼ੀ ਆਵੇ ਪਰ ਇੰਨਾ ਤੈਅ ਹੈ ਕਿ ਟਰੰਪ ਇਕ ਅਪਰਾਧੀ ਵਜੋਂ ਵ੍ਹਾਈਟ ਹਾਊਸ ਅੰਦਰ ਦਾਖ਼ਲ ਹੋਣਗੇ। ਉਨ੍ਹਾਂ ਨੂੰ ਜੁਰਮਾਨੇ ਤੋਂ ਲੈ ਕੇ ਚਾਰ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। -ਏਪੀ
ਪੌਰਨ ਸਟਾਰ ਨੂੰ 1.30 ਲੱਖ ਡਾਲਰ ਦੇਣ ਦੇ ਦੋਸ਼
ਡੋਨਲਡ ਟਰੰਪ ਨੂੰ ਮਈ ’ਚ ਆਪਣੇ ਕਾਰੋਬਾਰ ਦੇ ਰਿਕਾਰਡ ’ਚ ਹੇਰਾਫੇਰੀ ਕਰਨ ਦੇ 34 ਗੰਭੀਰ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ ਸੀ। ਪੌਰਨ ਸਟਾਰ ਸਟੌਰਮੀ ਡੈਨੀਅਲਸ ਨਾਲ ਇਕ ਦਹਾਕੇ ਪਹਿਲਾਂ ਸਰੀਰਕ ਸਬੰਧ ਕਾਇਮ ਕਰਨ ਸਬੰਧੀ ਖ਼ੁਲਾਸੇ ਨੂੰ ਰੋਕਣ ਲਈ 2016 ’ਚ ਉਨ੍ਹਾਂ ਸਾਬਕਾ ਨਿੱਜੀ ਵਕੀਲ ਰਾਹੀਂ 130,000 ਅਮਰੀਕੀ ਡਾਲਰ ਦਾ ਭੁਗਤਾਨ ਕੀਤਾ ਸੀ।। -ਏਪੀ