Trump’s decisions: ਟਰੰਪ ਦਾ ਇਕ ਹੋਰ ਫ਼ਰਮਾਨ...ਅਮਰੀਕਾ ’ਚ ਸੰਘੀ ਸਿੱਖਿਆ ਵਿਭਾਗ ਬੰਦ
ਵਾਸ਼ਿੰਗਟਨ, 21 ਮਾਰਚ
Trump’s decisions: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਘੀ ਸਿੱਖਿਆ ਵਿਭਾਗ ਨੂੰ ਖ਼ਤਮ ਕਰਨ ਸਬੰਧੀ ਇਕ ਹੁਕਮ ’ਤੇ ਸਹੀ ਪਾਈ ਹੈ। ਟਰੰਪ ਦੀ ਇਹ ਪੇਸ਼ਕਦਮੀ ਰਿਪਬਲਿਕਨ ਸਮਰਥਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਜੋਂ ਦੇਖੀ ਜਾ ਰਹੀ ਹੈ। ਟਰੰਪ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਇਕ ਸਮਾਗਮ ਦੌਰਾਨ ਕਿਹਾ, ‘‘ਅਸੀਂ ਸਿੱਖਿਆ ਨੂੰ ਮੁੜ ਰਾਜਾਂ ਦੇ ਹੱਥਾਂ ਵਿਚ ਸੌਂਪ ਰਹੇ ਹਾਂ, ਜਿੱਥੇ ਇਸ ਨੂੰ ਅਸਲ ਵਿਚ ਹੋਣਾ ਚਾਹੀਦਾ ਹੈ।’’ ਇਸ ਮੌਕੇ ਅਮਰੀਕੀ ਸਦਰ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਇਕ ਸਮੂਹ ਮੌਜੂਦ ਸੀ।
ਟਰੰਪ ਨੇ ਜਿਨ੍ਹਾਂ ਸਰਕਾਰੀ ਹੁਕਮਾਂ ’ਤੇ ਸਹੀ ਪਾਈ ਹੈ, ਉਸ ਦਾ ਮੁੱਖ ਮੰਤਵ ਸਿੱਖਿਆ ਨੀਤੀ ਨੂੰ ਲਗਪਗ ਪੂਰੀ ਤਰ੍ਹਾਂ ਨਾਲ ਰਾਜਾਂ ਤੇ ਸਥਾਨਕ ਸਕੂਲ ਬੋਰਡਾਂ ਦੇ ਹਵਾਲੇ ਕਰਨਾ ਹੈ। ਹਾਲਾਂਕਿ ਇਸ ਫੈਸਲੇ ਨਾਲ ਡੈਮੋਕਰੈਟਾਂ ਤੇ ਸਿੱਖਿਆ ਕਾਰਕੁਨਾਂ ਦੇ ਫਿਕਰ ਵਧ ਗਏ ਹਨ। ਇਸ ਫੈਸਲੇ ਤਹਿਤ ਸਿੱਖਿਆ ਵਿਭਾਗ ਦੀ ਭੂਮਿਕਾ ਨੂੰ ਸੀਮਤ ਕਰਨ ਲਈ ਇਸ ਦੇ ਮੁਲਾਜ਼ਮਾਂ ਦੀ ਗਿਣਤੀ ਵਿਚ ਕਟੌਤੀ ਕੀਤੀ ਗਈ ਹੈ। ਪਿਛਲੇ ਹਫ਼ਤੇ ਹੀ ਵਿਭਾਗ ਨੇ ਆਪਣੇ ਕਰੀਬ ਅੱਧੇ ਮੁਲਾਜ਼ਮਾਂ ਦੀ ਨਫ਼ਰੀ ’ਚ ਕਟੌਤੀ ਦਾ ਐਲਾਨ ਕੀਤਾ ਸੀ, ਜੋ ਟਰੰਪ ਦੀ ਸੰਘੀ ਸਰਕਾਰ ਨੂੰ ਛੋਟਾ ਤੇ ਵਧੇਰੇ ਕਾਰਗਰ ਬਣਾਉਣ ਦੀਆਂ ਵਿਆਪਕ ਕੋਸ਼ਿਸ਼ਾਂ ਦਾ ਹਿੱਸਾ ਸੀ।
ਟਰੰਪ ਪ੍ਰਸ਼ਾਸਨ ਦਾ ਤਰਕ ਹੈ ਕਿ ਸਿੱਖਿਆ ਵਿਭਾਗ ਲਈ ਵੱਡਾ ਬਜਟ ਰੱਖਣ ਦੇ ਬਾਵਜੂਦ ਇਹ ਦੇਸ਼ ਵਿਚ ਵਿਦਿਆਰਥੀ ਸਿੱਖਿਆ ਪੱਧਰ ਨੂੰ ਬਿਹਤਰ ਬਣਾਉਣ ਵਿਚ ਨਾਕਾਮ ਰਿਹਾ ਹੈ। ਸਰਕਾਰ ਮੁਤਾਬਕ ਅਮਰੀਕੀ ਵਿਦਿਆਰਥੀਆਂ ਦੇ ਔਸਤ ਪ੍ਰੀਖਿਆ ਨਤੀਜੇ, ਸਾਖਰਤਾ ਦਰ ਤੇ ਗਣਿਤ ਕੌਸ਼ਲ ਗੈਰਤਸੱਲੀਬਖ਼ਸ਼ ਰਹੇ ਹਨ।
ਉਂਝ ਟਰੰਪ ਦੀ ਇਸ ਪੇਸ਼ਕਦਮੀ ਮਗਰੋਂ ਸਿੱਖਿਆ ਵਿਭਾਗ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਕਾਂਗਰਸ (ਅਮਰੀਕੀ ਸੰਸਦ) ਦੀ ਮਨਜ਼ੂਰੀ ਦੀ ਲੋੜ ਹੋਵੇਗੀ ਤੇ ਟਰੰਪ ਕੋਲ ਇਸ ਫੈਸਲੇ ਨੂੰ ਪਾਸ ਕਰਨ ਲਈ ਲੋੜੀਂਦੇ ਵੋਟ ਨਹੀਂ ਹਨ। ਹਾਲਾਂਕਿ ਟਰੰਪ ਨੇ ਇਸ਼ਾਰਾ ਕੀਤਾ ਹੈ ਕਿ ਉਹ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਣਗੇ।
ਡੈਮੋਕਰੈਟਿਕ ਸੈਨੇਟਰ ਪੈਟੀ ਮਰੇ ਨੇ ਕਿਹਾ, ‘‘ਡੋਨਲਡ ਟਰੰਪ ਨੂੰ ਪਤਾ ਹੈ ਕਿ ਉਹ ਕਾਂਗਰਸ ਦੀ ਮਨਜ਼ੂਰੀ ਤੋਂ ਬਗੈਰ ਸਿੱਖਿਆ ਵਿਭਾਗ ਨੂੰ ਖ਼ਤਮ ਨਹੀਂ ਕਰ ਸਕਦੇ। ਪਰ ਉਹ ਮੁਲਾਜ਼ਮਾਂ ਤੇ ਬਜਟ ਵਿਚ ਕਟੌਤੀ ਕਰਕੇ ਵਿਭਾਗ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’’ ਮੌਜੂਦਾ ਸਮੇਂ ਸਿੱਖਿਆ ਵਿਭਾਗ ਕਰੀਬ 1,00,000 ਸਰਕਾਰੀ ਤੇ 34,000 ਨਿੱਜੀ ਸਕੂਲਾਂ ਦੀ ਨਿਗਰਾਨੀ ਕਰਦਾ ਹੈ। -ਪੀਟੀਆਈ