ਬਾਇਡਨ ਦੇ ਚੋਣ ਮੈਦਾਨ ’ਚੋਂ ਹਟਣ ਦੀ ਟਰੰਪ ਵੱਲੋਂ ਆਲੋਚਨਾ
ਵਾਸ਼ਿੰਗਟਨ, 22 ਜੁਲਾਈ
ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਰਾਸ਼ਟਰਪਤੀ ਚੋਣ ਦੀ ਦੌੜ ’ਚੋਂ ਅਚਾਨਕ ਪਿੱਛੇ ਹਟਣ ਲਈ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਇਡਨ ਦੇ ਡਾਕਟਰਾਂ ਸਮੇਤ ਉਸ ਦੇ ਕਰੀਬੀ ਵਿਅਕਤੀ ਵੀ ਜਾਣਦੇ ਸਨ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲੜਨ ਜਾਂ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹਨ।
ਟਰੰਪ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਬਾਇਡਨ (81) ਨੇ ਐਤਵਾਰ ਨੂੰ ਇਹ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਪਿੱਛੇ ਹਟ ਰਹੇ ਹਨ ਅਤੇ ਉਨ੍ਹਾਂ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਭਾਰਤੀ-ਅਫ਼ਰੀਕੀ ਮੂਲ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਮ ਦੀ ਤਾਈਦ ਕੀਤੀ ਹੈ। ਟਰੰਪ ਨੇ ਬਾਇਡਨ ਦੇ ਕੋਵਿਡ-19 ਤੋਂ ਪੀੜਤ ਹੋਣ ਨੂੰ ਲੈ ਕੇ ਵੀ ਸ਼ੱਕ ਜਤਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ ਸੋਸ਼ਲ’ ’ਤੇ ਇਕ ਪੋਸਟ ’ਚ ਕਿਹਾ, ‘‘ਸਾਨੂੰ ਚਲਾਕ ਜੋਅ ਬਾਇਡਨ ਨਾਲ ਲੜਨ ਲਈ ਸਮਾਂ ਅਤੇ ਪੈਸਾ ਖ਼ਰਚ ਕਰਨ ਲਈ ਮਜਬੂਰ ਹੋਣਾ ਪਿਆ। ਬਹਿਸ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਮਗਰੋਂ ਉਹ ਚੋਣ ਮੈਦਾਨ ਤੋਂ ਪਿੱਛੇ ਹਟ ਗਏ। ਹੁਣ ਸਾਨੂੰ ਸਾਰਾ ਕੁਝ ਮੁੜ ਤੋਂ ਸ਼ੁਰੂ ਕਰਨਾ ਪਵੇਗਾ।’’ ਸਾਬਕਾ ਰਾਸ਼ਟਰਪਤੀ ਨੇ ਸਵਾਲ ਕੀਤਾ ਕਿ ਕੀ ਰਿਪਬਲਿਕਨ ਪਾਰਟੀ ਨੂੰ ਧੋਖਾਧੜੀ ਲਈ ਮੁਆਵਜ਼ਾ ਨਹੀਂ ਮਿਲਣਾ ਚਾਹੀਦਾ ਹੈ। ਉਨ੍ਹਾਂ ਬਾਇਡਨ ਨੂੰ ਅਮਰੀਕਾ ਦੇ ਇਤਿਹਾਸ ’ਚ ਸਭ ਤੋਂ ਖ਼ਰਾਬ ਰਾਸ਼ਟਰਪਤੀ ਦੱਸਿਆ। -ਪੀਟੀਆਈ
ਕਮਲਾ ਹੈਰਿਸ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਬਣਨ ਲਈ ਮੁੜ ਸਰਗਰਮ
ਵਾਸ਼ਿੰਗਟਨ: ਜੋਅ ਬਾਇਡਨ ਦੇ ਰਾਸ਼ਟਰਪਤੀ ਅਹੁਦੇ ਦੀ ਦੌੜ ਤੋਂ ਲਾਂਭੇ ਹੋਣ ਮਗਰੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਬਣਨ ਲਈ ਮੁੜ ਸਰਗਰਮ ਹੋ ਗਈ ਹੈ। ਡੈਮੋਕਰੈਟਿਕ ਪਾਰਟੀ ਦੇ ਕਈ ਆਗੂ ਅਤੇ ਸਿਆਸੀ ਜਥੇਬੰਦੀਆਂ ਕਮਲਾ ਦੇ ਪੱਖ ’ਚ ਆ ਗਏ ਹਨ। ਜੇ ਉਹ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਚੁਣੀ ਗਈ ਤਾਂ ਉਸ ਨੂੰ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਵੀ ਚੋਣ ਕਰਨੀ ਪਵੇਗੀ। ਬਾਇਡਨ ਦੀ ਪ੍ਰਚਾਰ ਟੀਮ ਨੇ ਤੁਰੰਤ ‘ਰਾਸ਼ਟਰਪਤੀ ਲਈ ਹੈਰਿਸ’ ਦੇ ਨਾਮ ’ਤੇ ਮੋਹਰ ਲਗਾ ਦਿੱਤੀ ਹੈ। ਹੈਰਿਸ ਨੇ ਐਤਵਾਰ ਨੂੰ ਪਰਿਵਾਰ ਅਤੇ ਅਮਲੇ ਨਾਲ ਮਿਲ ਕੇ 100 ਤੋਂ ਵੱਧ ਡੈਮੋਕਰੈਟਿਕ ਆਗੂਆਂ ਨੂੰ ਫੋਨ ਕਰਕੇ ਆਪਣੀ ਉਮੀਦਵਾਰੀ ਲਈ ਹਮਾਇਤ ਮੰਗੀ। ਪਾਰਟੀ ਆਗੂਆਂ ਨਾਲ ਗੱਲਬਾਤ ਕਰਦਿਆਂ ਹੈਰਿਸ ਨੇ ਬਾਇਡਨ ਦੀ ਹਮਾਇਤ ਲਈ ਉਨ੍ਹਾਂ ਨੂੰ ਧੰਨਵਾਦ ਦਿੱਤਾ। ਉਧਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਸਪੀਕਰ ਨੈਨਸੀ ਪੈਲੋਸੀ ਨੇ ਕਮਲਾ ਹੈਰਿਸ ਨੂੰ ਅਜੇ ਹਮਾਇਤ ਨਹੀਂ ਦਿੱਤੀ ਹੈ। ਉਂਜ ਤਿੰਨ ਭਾਰਤੀ ਸੰਸਦ ਮੈਂਬਰਾਂ ਰੋ ਖੰਨਾ, ਸ੍ਰੀ ਥਾਨੇਦਾਰ ਅਤੇ ਪ੍ਰਮਿਲਾ ਜਯਾਪਾਲ ਨੇ ਕਮਲਾ ਹੈਰਿਸ ਨੂੰ ਖੁੱਲ੍ਹ ਕੇ ਹਮਾਇਤ ਦੇ ਦਿੱਤੀ ਹੈ। -ਏਪੀ