Agreement implementation : ਭਾਰਤ-ਚੀਨ ਸਮਝੌਤਾ ਵਿਆਪਕ ਪੱਧਰ ’ਤੇ ਲਾਗੂ ਕੀਤਾ ਜਾ ਰਿਹੈ: ਚੀਨ
ਪੇਈਚਿੰਗ, 26 ਦਸੰਬਰ
ਚੀਨੀ ਰੱਖਿਆ ਮੰਤਰਾਲੇ ਨੇ ਅੱਜ ਕਿਹਾ ਕਿ ਪੂਰਬੀ ਲੱਦਾਖ ਵਿੱਚ ਟਕਰਾਅ ਖ਼ਤਮ ਕਰਨ ਲਈ ਭਾਰਤ ਅਤੇ ਚੀਨੀ ਫੌਜ ਵੱਲੋਂ ਸਮਝੌਤੇ ਨੂੰ ਵਿਆਪਕ ਪੱਧਰ ’ਤੇ ਅਤੇ ਢੁੱਕਵੇਂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਚੀਨੀ ਰੱਖਿਆ ਮੰਤਰਾਲੇ ਦੇ ਤਰਜਮਾਨ ਸੀਨੀਅਰ ਕਰਨਲ ਜ਼ੈਂਗ ਸ਼ਿਆਓਗਾਂਗ ਨੇ 18 ਦਸੰਬਰ ਨੂੰ ਹੋਈ ਵਿਸ਼ੇਸ਼ ਪ੍ਰਤੀਨਿਧ ਵਾਰਤਾ ਬਾਰੇ ਮੀਡੀਆ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਇਹ ਟਿੱਪਣੀ ਕੀਤੀ।
ਉਨ੍ਹਾਂ ਕਿਹਾ ਕਿ ਸਮਝੌਤਾ ਲਾਗੂ ਕਰਨ ’ਚ ਲਗਾਤਾਰ ਪ੍ਰਗਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਆਗੂਆਂ ਵਿਚਕਾਰ ਗੱਲਬਾਤ ਮਗਰੋਂ ਬਣੀ ਸਹਿਮਤੀ ਦੇ ਆਧਾਰ ’ਤੇ ਭਾਰਤ ਅਤੇ ਚੀਨ ਨੇ ਡਿਪਲੋਮੈਟਿਕ ਅਤੇ ਫੌਜੀ ਪੱਧਰ ਦੀ ਵਾਰਤਾ ਰਾਹੀਂ ਸਰਹੱਦ ’ਤੇ ਹਾਲਾਤ ਸੁਖਾਵੇਂ ਬਣਾਉਣ ’ਚ ਯੋਗਦਾਨ ਪਾਇਆ।
ਕਰਨਲ ਜ਼ੈਂਗ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਸਬੰਧਾਂ ਨੂੰ ਲੀਹ ’ਤੇ ਲਿਆਉਣਾ ਦੋਵੇਂ ਮੁਲਕਾਂ ਅਤੇ ਉਨ੍ਹਾਂ ਦੇ ਲੋਕਾਂ ਦੇ ਹਿੱਤ ’ਚ ਹੈ। ਉਨ੍ਹਾਂ ਕਿਹਾ ਕਿ ਚੀਨੀ ਫੌਜ ਸਰਹੱਦੀ ਇਲਾਕਿਆਂ ’ਚ ਸਥਾਈ ਸ਼ਾਂਤੀ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਵਾਸਤੇ ਤਿਆਰ ਹੈ। -ਪੀਟੀਆਈ