ਸੱਚੀਂ ਮੁੱਚੀ ਐਵੇਂ ਮੁੱਚੀ
ਡਾ. ਹਰਜੀਤ ਸਿੰਘ
‘ਸੱਚੀਂ ਮੁੱਚੀ ਐਵੇਂ ਮੁੱਚੀ’ ਲੜੀਵਾਰ ਕਥਾ ਹੁਣ ਆਪਣੇ ਅੰਤਿਮ ਮੁਕਾਮ ’ਤੇ ਪਹੁੰਚ ਗਈ ਹੈ। ਇਹ ਕਹਾਣੀ ਬੱਚਿਆਂ ਦੀ ਦਿਲਚਸਪੀ ਨੂੰ ਮੁੱਖ ਰੱਖ ਕੇ ਲਿਖੀ ਗਈ ਜਿਸ ਵਿਚ ਪਾਤਰਾਂ ਦੀਆਂ ਅਲੌਕਿਕ ਸ਼ਕਤੀਆਂ ਦਾ ਟਕਰਾਅ ਮਨੁੱਖੀ ਜ਼ਿੰਦਗੀ ਵਿਚਲੀਆਂ ਹਕੀਕਤਾਂ ਦਾ ਚਿਤ੍ਰਣ ਕਰਦਾ ਹੋਇਆ ਸੁਖਦ ਅੰਤ ’ਤੇ ਪਹੁੰਚਿਆ।
ਕੁਦਰਤ ਨੇ ਇਕ ਵਾਰ ਫੇਰ ਆਪਣਾ ਕ੍ਰਿਸ਼ਮਾ ਵਿਖਾਇਆ। ਜੇ ਉਸ ਖ਼ਤਰਨਾਕ ਖ਼ਿਲਾਈ ਜਹਾਜ਼ ਨਾਲ ਵਿਸ਼ਾਲ ਤਾਰਾ ਪੁਲਾੜ ਵਿਚ ਹੀ ਨਾ ਟਕਰਾਉਂਦਾ ਤਾਂ ਧਰਤੀ ’ਤੇ ਬਹੁਤ ਤਬਾਹੀ ਹੋ ਜਾਣੀ ਸੀ। ਗੁਫ਼ਾਵਾਂ ਝੀਲਾਂ ਅਤੇ ਪਰਬਤ ਖ਼ਤਮ ਹੋ ਜਾਣੇ ਸਨ। ਏਸੇ ਵਿਸ਼ਾਲ ਤਾਰੇ ਦਾ ਇਕ ਬਲਦਾ ਹੋਇਆ ਟੁਕੜਾ ਨੀਲੀ ਝੀਲ ਦੇ ਟਾਪੂ ਨਾਲ ਆਣ ਟਕਰਾਇਆ ਸੀ। ਇਹ ਇਕ ਚਮਤਕਾਰ ਹੀ ਸੀ ਕਿ ਯੇਤੀ ਬਿਲਕੁਲ ਸਹੀ ਸਲਾਮਤ ਝੀਲ ਵਿਚੋਂ ਬਾਹਰ ਆ ਗਏ ਸਨ।
ਝੀਲ ਦੇ ਪਾਣੀ ਵਿਚ ਕੁਝ ਹਲਚਲ ਹੋਈ। ਨਿੱਕਾ ਭਾਲੂ ਅਤੇ ਉਸ ਦੀ ਪਿੱਠ ’ਤੇ ਸਵਾਰ ਕਾਟੋ ਵੀ ਹੌਲੀ ਹੌਲੀ ਪਾਣੀ ਵਿਚੋਂ ਬਾਹਰ ਆਉਂਦੇ ਨਜ਼ਰ ਆਏ। ਕਾਟੋ ਤੇ ਨਿੱਕੇ ਭਾਲੂ ਨੂੰ ਵੇਖ ਕੇ ਆਲੋਕ ਦੇ ਚਿਹਰੇ ’ਤੇ ਖੁਸ਼ੀ ਦੀ ਲਹਿਰ ਦੌੜ ਗਈ। ਆਲੋਕ ਦੌੜ ਕੇ ਉਨ੍ਹਾਂ ਦੇ ਕੋਲ ਗਿਆ। ਗੋਮਤੀ ਅੰਮਾ ਤੇ ਡਾ. ਆਨੰਦ ਵੀ ਯੇਤੀ ਦੇ ਚਰਨਾਂ ਵਿਚ ਬੈਠ ਗਏ। ਉਹ ਯੇਤੀ ਤੋਂ ਆਕਾਸ਼ੀ ਚਟਾਨ ਦੇ ਡਿੱਗਣ ਤੇ ਸਭਨਾਂ ਦੇ ਬਚ ਜਾਣ ਦਾ ਰਹੱਸ ਜਾਣਨਾ ਚਾਹੁੰਦੇ ਸਨ।
ਯੇਤੀ ਨੇ ਆਪਣੀ ਮੁੱਠੀ ਖੋਲ੍ਹੀ। ਉਨ੍ਹਾਂ ਦੀ ਹਥੇਲੀ ’ਤੇ ਨਾਯਾਬ ਫੁੱਲਾਂ ਦੀਆਂ ਪੱਤੀਆਂ ਅਤੇ ਬੀਜ ਸਨ। ਪੱਤੀਆਂ ’ਚੋਂ ਅਜੇ ਵੀ ਇਕ ਬਹੁਤ ਅਨੋਖੀ ਮਹਿਕ ਆ ਰਹੀ ਸੀ। ਕਾਟੋ ਨੇ ਆਪਣਾ ਮੂੰਹ ਖੋਲ੍ਹਿਆ ਤੇ ਆਪਣੇ ਮੂੰਹ ਵਿਚੋਂ ਕਿੰਨੇ ਸਾਰੇ ਫੁੱਲ ਅਤੇ ਬੀਜ ਕੱਢ ਕੇ ਯੇਤੀ ਦੀ ਤਲੀ ’ਤੇ ਧਰ ਦਿੱਤੇ।
ਇਨ੍ਹਾਂ ਫੁੱਲਾਂ ਅਤੇ ਬੀਜਾਂ ਨੂੰ ਵੇਖ ਕੇ ਯੇਤੀ ਮੁਸਕੁਰਾ ਉੱਠੇ। ਉਹ ਕਹਿਣ ਲੱਗੇ, ‘ਜੇ ਕਾਟੋ ਇਨ੍ਹਾਂ ਫੁੱਲਾਂ ਤੇ ਬੀਜਾਂ ਨੂੰ ਮੂੰਹ ਵਿਚ ਲੈ ਕੇ ਪਾਣੀ ਵਿਚ ਛਲਾਂਗ ਨਾ ਮਾਰਦੀ ਤਾਂ ਮੈਂ ਵੀ ਉਸ ਦੇ ਮਗਰ ਪਾਣੀ ਵਿਚ ਨਹੀਂ ਸੀ ਕੁੱਦਣਾ ਤੇ ਬਲਦੀ ਹੋਈ ਆਕਾਸ਼ੀ ਚਟਾਨ ਨੇ ਸਭ ਨੂੰ ਸੁਆਹ ਕਰ ਦੇਣਾ ਸੀ।’ ਗੋਮਤੀ ਅੰਮਾ ਨੇ ਬੜੇ ਪਿਆਰ ਨਾਲ ਕਾਟੋ ਨੂੰ ਆਪਣੇ ਹੱਥਾਂ ’ਤੇ ਚੁੱਕ ਲਿਆ ਤੇ ਉਸ ਨੂੰ ਪਿਆਰ ਨਾਲ ਪਲੋਸਦਿਆਂ ਕਿਹਾ, ‘ਇਸ ਨੂੰ ਕੁਦਰਤ ਨੇ ਸਾਡੀ ਮਦਦ ਕਰਨ ਲਈ ਭੇਜਿਆ ਹੋਵੇਗਾ।’
ਡਾ. ਆਨੰਦ, ਗੋਮਤੀ ਅੰਮਾ ਅਤੇ ਆਲੋਕ ਵੀ ਯੇਤੀ ਦੇ ਕੋਲ ਆ ਕੇ ਫੁੱਲਾਂ ਅਤੇ ਪੱਤੀਆਂ ਨੂੰ ਨਿਹਾਰਨ ਲੱਗੇ। ਯੇਤੀ ਕਹਿਣ ਲੱਗੇ, ‘ਇਨ੍ਹਾਂ ਫੁੱਲਾਂ ਦੀ ਉਮਰ ਸਿਰਫ਼ ਇਕ ਰਾਤ ਹੁੰਦੀ ਹੈ। ਅਸੀਂ ਬਹੁਤ ਖੁਸ਼ਕਿਸਮਤ ਹਾਂ ਕਿ ਇਹ ਸਾਨੂੰ ਵੇਖਣੇ ਨਸੀਬ ਹੋਏ ਅਤੇ ਇਸ ਤੋਂ ਵੀ ਵੱਡੀ ਖੁਸ਼ੀ ਇਹ ਹੈ ਕਿ ਸਾਨੂੰ ਇਨ੍ਹਾਂ ਫੁੱਲਾਂ ਦੇ ਬੀਜ ਵੀ ਮਿਲ ਗਏ ਨੇ। ਇਨ੍ਹਾਂ ਫੁੱਲਾਂ ਵਿਚ ਕੁਦਰਤ ਦੇ ਅਨੇਕ ਭੇਤ ਲੁਕੇ ਹੋਏ ਹਨ। ਜੋ ਹੌਲੀ ਹੌਲੀ ਜ਼ਾਹਿਰ ਹੋਣਗੇ। ਮੈਂ ਤੁਹਾਨੂੰ ਸਭ ਨੂੰ ਇਕ ਇਕ ਬੀਜ ਦੇ ਰਿਹਾ ਹਾਂ। ਇਸ ਨੂੰ ਪੂਰੀ ਹਿਫ਼ਾਜ਼ਤ ਨਾਲ ਰੱਖ ਕੇ ਉਸ ਥਾਂ ਬੀਜਣਾ ਹੋਏਗਾ ਜਿੱਥੇ ਇਹ ਹਮੇਸ਼ਾਂ ਕੁਦਰਤ ਦੀ ਗੋਦ ਵਿਚ ਰਹਿਣ।
ਯੇਤੀ ਨੇ ਇਕ ਬੀਜ ਚੁੱਕਿਆ ਤੇ ਆਲੋਕ ਦੀ ਹਥੇਲੀ ’ਤੇ ਰੱਖ ਦਿੱਤਾ। ਬੀਜ ਦੇ ਸਪਰਸ਼ ਹੁੰਦਿਆਂ ਹੀ ਆਲੋਕ ਦੇ ਸਰੀਰ ’ਚ ਝਰਨਾਟਾਂ ਉੱਠਣ ਲੱਗੀਆਂ। ਉਸ ਨੇ ਮੁੱਠੀ ਘੁੱਟ ਲਈ ਅਤੇ ਉਸ ਦੀਆਂ ਅੱਖਾਂ ਵੀ ਬੰਦ ਹੋ ਗਈਆਂ। ਆਲੋਕ ਨੂੰ ਬਹੁਤ ਅਲੌਕਿਕ ਨਜ਼ਾਰੇ ਮਹਿਸੂਸ ਹੋਣ ਲੱਗੇ। ਪੱਤੀਆਂ ਦੀ ਖੁਸ਼ਬੂ ਅਤੇ ਬੀਜ ਦੇ ਸਪਰਸ਼ ਨੇ ਆਲੋਕ ਦੀ ਰੂਹ ਵਿਚ ਗਿਆਨ ਦਾ ਚਾਨਣ ਭਰ ਦਿੱਤਾ ਸੀ।
ਫੇਰ ਯੇਤੀ ਨੇ ਇਕ ਬੀਜ ਗੋਮਤੀ ਅੰਮਾ ਤੇ ਇਕ ਬੀਜ ਡਾ. ਆਨੰਦ ਦੀ ਤਲੀ ’ਤੇ ਰੱਖਿਆ। ਅੰਮਾ ਅਤੇ ਡਾ. ਆਨੰਦ ਨੂੰ ਵੀ ਆਲੋਕ ਵਾਂਗ ਮਹਿਸੂਸ ਹੋਇਆ। ਹੁਣ ਯੇਤੀ ਗੋਗੋ ਰੋਬੋ ਦੇ ਕੋਲ ਆਏ ਤੇ ਇਕ ਬੀਜ ਉਨ੍ਹਾਂ ਗੋਗੋ ਨੂੰ ਭੇਂਟ ਕੀਤਾ। ਏਨੇ ਵਿਚ ਅਦਭੁੱਤ ਪੰਛੀ ਤੋਕੀ ਦੀ ਤਿੱਖੀ ਆਵਾਜ਼ ਸੁਣਾਈ ਦਿੱਤੀ। ਤੋਕੀ ਵੀ ਦੇਵਤਾ ਯੇਤੀ ਦੇ ਚਰਨਾਂ ਕੋਲ ਉਤਰ ਆਇਆ। ਯੇਤੀ ਨੇ ਉਸ ਨੂੰ ਵੀ ਇਕ ਬੀਜ ਦਿੱਤਾ ਤੇ ਕਿਹਾ, ‘ਹੁਣ ਤੁਸੀਂ ਕੁਦਰਤ ਦੇ ਇਸ ਤੋਹਫ਼ੇ ਨੂੰ ਲੈ ਕੇ ਆਪੋ ਆਪਣੇ ਘਰਾਂ ਨੂੰ ਪਰਤ ਜਾਓ। ਹੁਣ ਇਨ੍ਹਾਂ ਬੀਜਾਂ ਦਾ ਉੱਗਣਾ ਤੇ ਸਲਾਮਤ ਰਹਿਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਇਨ੍ਹਾਂ ਫੁੱਲਾਂ ਤੋਂ ਜੋ ਵੀ ਇਮਾਨਦਾਰੀ, ਗਿਆਨ, ਹੌਸਲੇ ਅਤੇ ਸੱਚੀਆਂ ਭਾਵਨਾਵਾਂ ਨਾਲ ਜੋ ਵੀ ਮੰਗੇਗਾ, ਉਸ ਨੂੰ ਜ਼ਰੂਰ ਹਾਸਲ ਹੋਏਗਾ। ਗੋਗੋ ਇਸ ਨੂੰ ਧਰਤੀ ਤੋਂ ਦੂਰ ਆਪਣੇ ਗ੍ਰਹਿ ’ਤੇ ਲੈ ਕੇ ਜਾਵੇਗਾ। ਤੋਕੀ ਕਈ ਦੇਸ਼ਾਂ ਤੋਂ ਹੁੰਦਾ ਹੋਇਆ ਇੱਥੇ ਪਹੁੰਚਿਆ ਹੈ, ਉਹ ਇਸ ਬੀਜ ਨੂੰ ਆਪਣੇ ਦੇਸ਼ ਜਾ ਕੇ ਬੀਜੇਗਾ।’
ਯੇਤੀ ਕੁਝ ਕਦਮ ਦੂਰ ਜਾ ਕੇ ਖਲੋ ਗਏ। ਉਹ ਕੋਈ ਮੰਤਰ ਉਚਾਰਨ ਲੱਗੇ। ਫਿਰ ਉਨ੍ਹਾਂ ਹੌਲੀ ਹੌਲੀ ਆਪਣੇ ਹੱਥ ਉੱਪਰ ਕਰਕੇ ਮੁੱਠੀਆਂ ਖੋਲ੍ਹ ਦਿੱਤੀਆਂ। ਉਨ੍ਹਾਂ ਦੇ ਹੱਥਾਂ ਵਿਚਲੀਆਂ ਫੁੱਲਾਂ ਦੀਆਂ ਪੱਤੀਆਂ ਵਿਚ ਹਰਕਤ ਹੋਣ ਲੱਗੀ। ਹੌਲੀ ਜਿਹੀ ਉਹ ਸਭ ਪੱਤੀਆਂ ਤਿਤਲੀਆਂ ਬਣ ਗਈਆਂ ਤੇ ਹਵਾ ਵਿਚ ਉੱਡਣ ਲੱਗ ਪਈਆਂ। ਯੇਤੀ ਨੇ ਉਨ੍ਹਾਂ ਤਿਤਲੀਆਂ ਵੱਲ ਇਸ਼ਾਰਾ ਕਰਕੇ ਕਿਹਾ, ‘ਇਹ ਤੁਹਾਨੂੰ ਵਾਪਸੀ ਦਾ ਰਾਹ ਵਿਖਾਉਣਗੀਆਂ। ਹੁਣ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ।’ ਗੋਗੋ ਕਹਿਣ ਲੱਗਾ, ‘ਮੈਂ ਇਸ ਝੀਲ ਦਾ ਕੁਝ ਪਾਣੀ ਤੇ ਇਸ ਵਾਦੀ ਦੀ ਮਿੱਟੀ ਆਪਣੇ ਗ੍ਰਹਿ ’ਤੇ ਲੈ ਕੇ ਜਾਣਾ ਚਾਹੁੰਦਾ ਹਾਂ। ਧਰਤੀ ਦਾ ਸਭ ਤੋਂ ਅਨਮੋਲ ਖ਼ਜ਼ਾਨਾ ਇਸ ਦਾ ਪਾਣੀ ਇਸ ਦੀ ਮਿੱਟੀ ਹੈ। ਧਰਤੀ ਤੋਂ ਲੈ ਕੇ ਜਾਣ ਵਾਲੇ ਪਾਣੀ ਮਿੱਟੀ ਨਾਲ ਇਸ ਬੀਜ ਨੂੰ ਮੈਂ ਆਪਣੇ ਗ੍ਰਹਿ ’ਤੇ ਬੀਜਾਂਗਾ। ਮੇਰੇ ਗ੍ਰਹਿ ਨੂੰ ਵੀ ਇਹ ਅਨਮੋਲ ਸੁਗਾਤਾਂ ਚਾਹੀਦੀਆਂ ਨੇ।’
ਅਦਭੁੱਤ ਪੰਛੀ ਤੋਕੀ ਨੇ ਇਕ ਤਿੱਖੀ ਗੂੰਜਦੀ ਹੋਈ ਆਵਾਜ਼ ਨਾਲ ਜਿਵੇਂ ਸਾਰਿਆਂ ਨੂੰ ਅਲਵਿਦਾ ਆਖੀ ਤੇ ਉਸ ਨੇ ਇਕ ਲੰਮੀ ਉਡਾਰੀ ਭਰੀ ਤੇ ਬੱਦਲਾਂ ਤੋਂ ਪਾਰ ਚਲਾ ਗਿਆ। ਤੋਕੀ ਦੇ ਦੂਰ ਜਾਂਦਿਆਂ ਹੀ ਇਕ ਚਮਕਦੀ ਹੋਈ ਉੱਡਣ-ਤਸ਼ਤਰੀ ਆਈ ਤੇ ਉਨ੍ਹਾਂ ਦੇ ਉੱਪਰ ਹਵਾ ਵਿਚ ਹੀ ਖਲੋ ਗਈ। ਉਸ ਦਾ ਇਕ ਗੋਲ ਦਰਵਾਜ਼ਾ ਖੁੱਲ੍ਹਿਆ। ਉਹ ਉੱਡਣ ਤਸ਼ਤਰੀ ਗੋਗੋ ਰੋਬੋ ਨੂੰ ਲੈਣ ਆਈ ਸੀ। ਗੋਗੋ ਰੋਬੋ ਨੇ ਸਭ ਨੂੰ ਅਲਵਿਦਾ ਕਹੀ ਤੇ ਉਹ ਆਪਣੀ ਉੱਡਣ-ਤਸ਼ਤਰੀ ਵਿਚ ਸਵਾਰ ਹੋ ਗਿਆ। ਕੁਝ ਹੀ ਪਲਾਂ ਵਿਚ ਉੱਡਣ-ਤਸ਼ਤਰੀ ਗੋਗੋ ਨੂੰ ਲੈ ਕੇ ਆਪਣੇ ਗ੍ਰਹਿ ਵੱਲ ਉੱਡ ਗਈ।
ਦੇਵਤਾ ਯੇਤੀ ਪਵਿੱਤਰ ਬਰਫ਼ੀਲੀਆਂ ਗੁਫ਼ਾਵਾਂ ਵੱਲ ਤੁਰ ਪਏ।
ਤਿਤਲੀਆਂ ਗੋਮਤੀ ਅੰਮਾ ਅਤੇ ਡਾ. ਆਨੰਦ ਦੇ ਦੁਆਲੇ ਮੰਡਰਾਉਣ ਲੱਗੀਆਂ। ਜਿਵੇਂ ਕਹਿ ਰਹੀਆਂ ਹੋਣ, ‘ਚਲੋ ਚੱਲੀਏ ਹੁਣ ਵਾਪਸ ਪਰਤਣ ਦਾ ਵਕਤ ਹੋ ਗਿਆ ਏ।’ ਕਾਟੋ ਅਤੇ ਨਿੱਕਾ ਭਾਲੂ ਵੀ ਉਸ ਪਾਸੇ ਤੁਰ ਪਏ ਜਿੱਧਰ ਦੇਵਤਾ ਯੇਤੀ ਗਏ ਸਨ। ਪਰ ਉਹ ਬਾਰ ਬਾਰ ਮੁੜ ਕੇ ਆਲੋਕ ਨੂੰ ਵੇਖ ਰਹੇ ਸਨ।
ਆਲੋਕ, ਕਾਟੋ, ਭਾਲੂ, ਦੇਵਤਾ ਯੇਤੀ ਅਤੇ ਗੋ-ਗੋ ਤੋਂ ਵਿੱਛੜਨਾ ਨਹੀਂ ਸੀ ਚਾਹੁੰਦਾ। ਉਹ ਇਕ ਟੱਕ ਉਨ੍ਹਾਂ ਨੂੰ ਜਾਂਦਿਆਂ ਵੇਖ ਰਿਹਾ ਸੀ। ਡਾਕਟਰ ਆਨੰਦ ਨੇ ਬੜੇ ਪਿਆਰ ਨਾਲ ਆਲੋਕ ਦੇ ਸਿਰ ’ਤੇ ਹੱਥ ਰੱਖਿਆ ਤੇ ਕਿਹਾ ‘ਆਲੋਕ ਬੇਟਾ ਹੁਣ ਸਾਨੂੰ ਵਿੱਛੜਨਾ ਪਏਗਾ। ਸਾਨੂੰ ਕੁਦਰਤ ਨੇ ਜ਼ਿੰਮੇਵਾਰੀ ਦਿੱਤੀ ਏ, ਉਹ ਅਸੀਂ ਨਿਭਾਉਣੀ ਏ। ਅਸੀਂ ਬਹੁਤ ਲੰਬਾ ਸਫ਼ਰ ਤੈਅ ਕਰਨਾ ਏ। ਚਲੋ ਹੁਣ ਅੱਗੇ ਤੁਰੀਏ।’
ਆਲੋਕ ਸਭ ਤੋਂ ਵਿੱਛੜ ਕੇ ਬਹੁਤ ਉਦਾਸ ਹੋ ਗਿਆ ਸੀ। ਉਹ ਬੜੇ ਹੀ ਭਰੇ ਮਨ ਨਾਲ ਗੋਮਤੀ ਅੰਮਾ ਅਤੇ ਡਾ. ਆਨੰਦ ਨਾਲ ਉਸ ਰਾਹ ’ਤੇ ਤੁਰ ਪਿਆ ਜਿੱਧਰ ਉਨ੍ਹਾਂ ਨੂੰ ਤਿਤਲੀਆਂ ਲੈ ਕੇ ਜਾ ਰਹੀਆਂ ਸਨ। ਆਲੋਕ ਦੀ ਇਕ ਮੁੱਠੀ ਵਿਚ ਉਹ ਅਨਮੋਲ ਬੀਜ ਸਨ ਤੇ ਦੂਸਰੇ ਹੱਥ ਵਿਚ ਤਾਂਬੇ ਦਾ ਕੱਛੂ।
ਭਾਲੂ ਤੇ ਕਾਟੋ ਨੇ ਇਕ ਉੱਚੀ ਚਟਾਨ ’ਤੇ ਚੜ੍ਹ ਕੇ ਆਲੋਕ ਨੂੰ ਜਾਂਦਿਆਂ ਵੇਖਿਆ, ਜਿਵੇਂ ਕਹਿ ਰਹੇ ਹੋਣ :
ਹੋਣਾ ਨਹੀਂ ਉਦਾਸ
ਹੋਣਾ ਨਹੀਂ ਉਦਾਸ
ਵਿੱਛੜ ਰਹੇ ਹਾਂ
ਦਿਲ ਵਿਚ ਲੈ ਕੇ
ਫੇਰ ਮਿਲਣ ਦੀ ਆਸ।
ਸੰਪਰਕ: 98768-81870