ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੱਚਾ ਸਬਕ

06:22 AM Sep 14, 2023 IST

ਰਸ਼ਪਿੰਦਰ ਪਾਲ ਕੌਰ

ਸਵੇਰੇ ਮੂੰਹ ਹਨੇਰੇ ਹੀ ਹਸਪਤਾਲ ਦਾ ਰੁਖ਼ ਕੀਤਾ। ਸੁਵੱਖਤੇ ਹੀ ਮਾਲਵੇ ਦੇ ਏਮਸ ਜਾ ਪਹੁੰਚੇ। ਪਰਚੀ ਲਈ ਕਤਾਰ ਵਿਚ ਲੱਗੇ। ਬੰਦ ਖਿੜਕੀਆਂ ਸਾਹਵੇਂ ਸਵੇਰ ਸਾਰ ਹੀ ਕਤਾਰਾਂ ਵਿਚ ਲੋਕਾਂ ਦੀ ਭੀੜ ਜੁਟੀ ਦੇਖੀ। ਖਿੜਕੀ ਖੁੱਲ੍ਹਣ ਵਿਚ ਅਜੇ ਦੋ ਘੰਟੇ ਸਨ। ਚੁੱਪ-ਚਾਪ ਵਿਦਿਆਰਥੀਆਂ ਵਾਂਗ ਕਤਾਰਾਂ ਵਿਚ ਲੱਗੇ। ਉਦਾਸ, ਨਿਰਾਸ਼ ਚਿਹਰੇ। ਨੌਜਵਾਨ, ਅੱਧਖੜ੍ਹ ਤੇ ਬਜ਼ੁਰਗ, ਸਾਰੇ ਉਮਰ ਵਰਗ ਦੇ ਮਰਦ ਔਰਤਾਂ। ਹੱਥਾਂ ਵਿਚ ਫੜੀਆਂ ਪਰਚੀਆਂ ਤੇ ਟੈਸਟ ਰਿਪੋਰਟਾਂ। ਜਿ਼ੰਦਗ਼ੀ ਦੀ ਡੋਰ ਲੰਮੀ ਕਰਨ ਦੀ ਉਮੀਦ ਨਾਲ ਖੜ੍ਹੇ। ਅੱਖਾਂ ਵਿਚ ਆਸ ਦੀ ਕਿਰਨ। ਬਿਮਾਰ ਤੇ ਕਮਜ਼ੋਰ ਮਰੀਜ਼ ਕਤਾਰਾਂ ਵਿਚ ਆਪਣੇ ਨੰਬਰ ਬੈਠੇ ਨਜ਼ਰ ਆਏ। ਆਪਸ ਵਿਚ ਗੱਲਬਾਤ ਕਰਦੇ। ਬੰਦ ਖਿੜਕੀਆਂ ਦੇ ਖੁੱਲ੍ਹਣ ਦੀ ਉਡੀਕ ਕਰਦੇ। ਵਰਦੀ ਦੇ ਅਨੁਸ਼ਾਸਨ ਬੱਝੇ ਸੁਰੱਖਿਆ ਕਰਮੀ ਵਾਰ ਵਾਰ ਆਉਂਦੇ। ਕਤਾਰਾਂ ਵਿਚ ਲੱਗਣ ਅਤੇ ਚੁੱਪ ਰਹਿਣ ਦੀ ਤਾਕੀਦ ਕਰਦੇ।
ਭਾਰਤ ਸਰਕਾਰ ਦਾ ਉੱਚਤਮ ਅਦਾਰਾ। ਪੁੱਛ ਗਿੱਛ ਕੇਂਦਰ ਦੀ ਸਹੂਲਤ ਨਹੀਂ। ਸੁਰੱਖਿਆ ਗਾਰਡ ਇਹ ਡਿਊਟੀ ਵੀ ਕਰਦੇ ਨਜ਼ਰ ਆਏ। ਮਰੀਜ਼ਾਂ ਵਿਚ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਾਂ, ਸਰਹੱਦਾਂ ’ਤੇ ਕੁਰਬਾਨ ਹੋਏ ਸੈਨਿਕਾਂ ਲਈ ਕੋਈ ਖਿੜਕੀ ਨਹੀਂ ਸੀ। ਇਹ ਦੇਖ ਵਿਧਵਾਵਾਂ, ਅਨਾਥਾਂ ਤੇ ਖੁਦਕਸ਼ੀ ਪੀੜਤਾਂ ਦੀ ਪਹਿਲ ਦੇ ਆਧਾਰ ’ਤੇ ਸੁਣਵਾਈ ਦੀ ਆਸ ਹੀ ਬੁਝਦੀ ਨਜ਼ਰ ਆਈ। ਖਿੜਕੀਆਂ ਖੁੱਲ੍ਹਣ ਤੱਕ ਹੁੰਮਸ ਮਰੀਜ਼ਾਂ ਦਾ ਸਿਦਕ ਪਰਖਦੀ ਰਹੀ।
ਨਿਸਚਿਤ ਸਮੇਂ ’ਤੇ ਖਿੜਕੀਆਂ ਖੁੱਲ੍ਹੀਆਂ। ੳਾਪੋ-ਆਪਣੀ ਪਰਚੀ ਕਟਾ ਮਰੀਜ਼ ਡਾਕਟਰਾਂ ਦੇ ਵਿਭਾਗਾਂ ਵੱਲ ਅਹੁਲੇ। ਬਾਹਰ ਬੈਂਚਾਂ ’ਤੇ ਬੈਠ ਵਾਰੀ ਦੀ ਉਡੀਕ ਹੋਣ ਲੱਗੀ। ਡਾਕਟਰਾਂ ਦੇ ਆਉਣ ਵਿਚ ਅਜੇ ਵਕਤ ਸੀ। ਮਰੀਜ਼ਾਂ ਨਾਲ ਆਏ ਸਨੇਹੀ ਆਪਸ ਵਿਚ ਇੱਕ ਦੂਜੇ ਦਾ ਹਾਲ ਚਾਲ ਜਾਣਨ ਲੱਗੇ। ‘ਕੋਈ ਏਥੇ ਸੁੱਖੀ ਸਾਂਦੀਂ ਤਾਂ ਆਉਂਦਾ ਨ੍ਹੀਂ। ਕਿਸੇ ਨਾ ਕਿਸੇ ਬਿਮਾਰੀ ਦਾ ਸਤਾਇਆ ਏਥੇ ਇਲਾਜ ਨੂੰ ਆਉਂਦਾ। ਹਰ ਘਰ ਨੂੰ ਬਿਮਾਰੀ ਨੇ ਨੱਪਿਆ ਹੋਇਆ। ਗਰੀਬ ਬੰਦਾ ਤਾਂ ਇਲਾਜ ਖੁਣੋਂ ਜਾਨ ਤੋਂ ਹੱਥ ਧੋ ਬੈਠਦਾ’। ਇੱਕ ਬੀਬੀ ਨੇ ਦਵਾਈ ਲੈਣ ਆਈ ਨਾਲ ਬੈਠੀ ਔਰਤ ਨੂੰ ਸੱਚ ਦੀ ਸੁਣਾਈ। ‘ਬਿਲਕੁਲ ਸੋਲਾਂ ਆਨੇ ਸੱਚ ਐ ਭੈਣੇ ਤੇਰੀ ਗੱਲ। ਜੇ ਏਹੋ ਜਿਹੇ ਸਰਕਾਰੀ ਹਸਪਤਾਲ ਚਾਰੇ ਪਾਸੇ ਹੋਣ ਤਾਂ ਲੋਕਾਂ ਦਾ ਭਲਾ ਹੋ ਜੇ। ਸੌ ਕੋਹਾਂ ਤੋਂ ਚੱਲ ’ਤੇ ਏਥੇ ਆਉਣਾ ਪੈਂਦਾ’। ਦੂਸਰੀ ਬੀਬੀ ਬੋਲੀ।
ਡਾਕਟਰਾਂ ਦੇ ਆਉਣ ’ਤੇ ਮਰੀਜ਼ਾਂ ਨੂੰ ਬੁਲਾਇਆ ਜਾਣ ਲੱਗਾ।
ਮੈਂ ਆਪਣੀ ਵਾਰੀ ਦੀ ਉਡੀਕ ਵਿਚ ਸਾਂ। ਨਾਲ ਹੀ ਮਾਨਸਿਕ ਰੋਗਾਂ ਦਾ ਵਿਭਾਗ ਸੀ। ਸਾਡੇ ਨਾਲ ਹੀ ਬਾਹਰ ਬੈਂਚ ’ਤੇ ਬੈਠੇ ਮਰੀਜ਼। ਜਿ਼ਆਦਾਤਰ ਗਿਣਤੀ ਨੌਜਵਾਨ ਮੁੰਡੇ ਕੁੜੀਆਂ ਦੀ ਸੀ ਜਿਹੜੇ ਆਪਣੇ ਮਾਪਿਆਂ ਨਾਲ ਵਾਰੀ ਦੀ ਉਡੀਕ ਵਿਚ ਸਨ। ਸੁੱਕ ਕੇ ਤੀਲਾ ਬਣੇ ਨੌਜਵਾਨ ਨੂੰ ਉਸ ਦੀ ਮਾਂ ਦਿਲਾਸਾ ਦੇ ਰਹੀ ਸੀ, “ਕੋਈ ਨਾ ਪੁੱਤ ਸਭ ਠੀਕ ਹੋ ਜੂ, ਤੂੰ ਹੌਸਲਾ ਰੱਖ। ਤੈਨੂੰ ਹੁਣ ਅੱਗੇ ਨਾਲੋਂ ਤਾਂ ਬਹੁਤ ਫਰਕ ਐ। ਆਪਣੇ ਬਾਪ ਤੋਂ ਬਾਅਦ ਤੂੰ ਈ ਘਰ ਦਾ ਚਿਰਾਗ ਏਂ। ਮੁਸ਼ਕਲਾਂ ਤਾਂ ਆਉਂਦੀਆਂ ਜਾਂਦੀਆਂ ਨੇ। ਜਿ਼ੰਦਗੀ ਨ੍ਹੀਂ ਵਾਰ ਵਾਰ ਮਿਲਦੀ। ਮਨ ਤਕੜਾ ਕਰ। ਵਿਰ ਵਿਰ ਨਾ ਕਰਿਆ ਕਰ। ਦਵਾਈ ਨਾਲ ਹੌਸਲਾ ਵੀ ਜਰੂਰੀ ਹੁੰਦਾ।”
ਨੌਜਵਾਨ ਸ਼ਾਂਤ ਚਿਤ ਸੁਣਦਾ ਰਿਹਾ। ਮਨ ਮਸਤਕ ਖਿਆਲਾਂ ਦੀ ਤੰਦ ਬੁਣਨ ਲੱਗਾ।
“ਭਲਾ ਮਾਨਸਿਕ ਰੋਗੀ ਬਣਨ ਨੂੰ ਕੀਹਦਾ ਜੀਅ ਕਰਦਾ! ਹਾਲਾਤ ਹੀ ਇਸ ਰਾਹ ਤੋਰਦੇ। ਘਰ ਪਰਿਵਾਰਾਂ ਵਿਚ ਵਿਤਕਰਾ ਝੱਲਦੇ। ਗਰੀਬੀ ਦਾ ਸੰਤਾਪ ਹੰਢਾਉਂਦੇ। ਪੜ੍ਹ ਲਿਖ ਕੇ ਵੀ ਰੁਜ਼ਗਾਰ ਤੋਂ ਸੱਖਣੇ ਰਹਿੰਦੇ। ਖੁਦਕਸ਼ੀਆਂ ਦੀ ਮਾਰ ਹੇਠ ਆਏ। ਬੇਵੱਸ, ਮਜਬੂਰ ਮਨ ਦੇ ਰੋਗੀਆਂ ਵਿਚ ਜਾ ਸ਼ਾਮਲ ਹੁੰਦੇ। ਥੁੜ੍ਹਾਂ ਮਾਰਿਆਂ ਨੂੰ ਕਿਤੇ ਢੋਈ ਨਹੀਂ ਮਿਲਦੀ। ਮਹਿੰਗਾ ਇਲਾਜ ਵੱਸੋਂ ਬਾਹਰ ਹੋਣ ’ਤੇ ਡੇਰਿਆਂ ਦੇ ਭਰਮ ਜਾਲ ਜਾ ਫਸਦੇ। ਝੂਠੀ ਆਸ ਲਗਾਈ ਜਿ਼ੰਦਗੀ ਦਾ ਬੋਝ ਢੋਂਦੇ। ਰੋਗੀ ਬਣੇ ਬੇਘਰ ਹੋ ਰਾਹਾਂ ਦੀ ਖ਼ਾਕ ਛਾਣਦੇ ਹਨ। ਅਗਿਆਨਤਾ ਵੱਸ ਚੇਲਿਆਂ ਮਗਰ ਲੱਗ ਸੁੱਖ ਸੀਰਨੀਆਂ ਦੇਣ ਲਗਦੇ। ਰੁਲਦੇ ਖੁਲਦੇ ਜਿ਼ੰਦਗ਼ੀ ਦੀ ਵਾਟ ਮੁਕਾ ਜਾਂਦੇ।” ਆਪਣੀ ਵਾਰੀ ਦੀ ਆਵਾਜ਼ ਨੇ ਮੇਰਾ ਧਿਆਨ ਮੋੜਿਆ।
ਡਾਕਟਰ ਨੂੰ ਮਿਲ ਦਵਾਈ ਲੈਣ ਲਈ ਮੁੜ ਕਤਾਰ ਵਿਚ ਆ ਖੜ੍ਹੇ। ਵ੍ਹੀਲ ਚੇਅਰ ’ਤੇ ਬੈਠੇ ਨੌਜਵਾਨ ਦੀ ਦਵਾਈ ਲੈਣ ਲਈ ਖੜ੍ਹਾ ਬਾਪ ਕਲਪਣ ਲੱਗਾ, “ਸਾਡਾ ਤਾਂ ਜਿਊਣਾ ਈ ਦਾਅ ’ਤੇ ਲੱਗ ਗਿਆ। ਇਹ ਮੇਰਾ ਇਕਲੌਤਾ ਪੁੱਤ ਐ। ਚੰਗਾ ਭਲਾ ਸੀ। ਬਾਰਾਂ ਜਮਾਤਾਂ ਪਾਸ। ਬਾਹਰ ਜਾਣ ਦੀ ਜਿ਼ਦ ਨੇ ਏਹ ਹਾਲਤ ਕਰ ਦਿੱਤੀ। ਦੋ ਏਕੜ ਜ਼ਮੀਨ ਵੇਚ ਕੇ ਬਾਹਰ ਭੇਜਣ ਦਾ ਪ੍ਰਬੰਧ ਕੀਤਾ। ਏਜੰਟ ਧੋਖਾ ਦੇ ਗਿਆ। ਅਸਲ ਦੇਸ਼ ਤਾਂ ਪਹੁੰਚੇ ਨ੍ਹੀਂ। ਕਈ ਮਹੀਨੇ ਮਸਕਟ ਰੁਲ ਖੁਲ ਕੇ ਰੋਗੀ ਬਣ ਖਾਲੀ ਹੱਥ ਵਾਪਸ ਮੁੜ ਆਇਆ। ਨਾ ਕੁਝ ਬੋਲਦਾ ਚਲਦਾ, ਨਾ ਖਾਂਦਾ ਪੀਂਦਾ। ਚੰਗੇ ਦਿਨਾਂ ਦੀ ਆਸ ਵਿਚ ਜ਼ਮੀਨ ਵੀ ਗਈ ਤੇ ਭਵਿੱਖ ਵੀ ਗੁਆਚ ਗਿਆ।”
ਸਟੋਰ ਤੋਂ ਦਵਾਈ ਲੈ ਬਾਹਰ ਵੱਲ ਮੁੜੇ। ਮੀਲਾਂ ਵਿਚ ਫੈਲੇ ਖੋਜ ਤੇ ਸਿਹਤ ਕੇਂਦਰ ਵਿਚੋਂ ਬਾਹਰ ਨਿਕਲੇ। ਸੋਚਾਂ ਕਰਵਟ ਭਰਨ ਲੱਗੀਆਂ- ‘ਹਰ ਬੰਦਾ ਜਿਊਣਾ ਲੋਚਦਾ। ਜਿ਼ੰਦਗ਼ੀ ਦਾ ਸੁਖ ਮਾਣਨਾ ਚਾਹੁੰਦਾ। ਰੁਕਾਵਟਾਂ ਜਿਊਣ ਰਾਹ ਦੇ ਕੰਡੇ ਬਣ ਬੈਠਦੀਆਂ। ਘਰਾਂ ਦੀਆਂ ਮਜਬੂਰੀਆਂ, ਪ੍ਰੇਸ਼ਾਨੀਆਂ ਤੇ ਸਰੀਰ ਦੀਆਂ ਬਿਮਾਰੀਆਂ ਸੁਖਦ ਪਲਾਂ ਨੂੰ ਦੁੱਖ ਵਿਚ ਤਬਦੀਲ ਕਰਦੀਆਂ। ਬੰਦੇ ਦੀ ’ਕੱਲੀ-’ਕਹਿਰੀ ਜਾਨ। ਹਰ ਰਾਹ ’ਤੇ ਮੁਸ਼ਕਲਾਂ ਦਾ ਵਿਛਿਆ ਜਾਲ। ਬੰਦਾ ਕਿੱਧਰ ਜਾਵੇ!’...
ਸਕੂਲ ਵਿਚ ਖੇਤ ਮਜ਼ਦੂਰ ਮਾਪਿਆਂ ਨਾਲ ਅਕਸਰ ਆਉਂਦੇ ਜਾਂਦੇ ਕਾਕਾ ਪ੍ਰਧਾਨ ਦੇ ਬੋਲ ਆਸ ਦੀ ਤੰਦ ਬਣਦੇ ਹਨ: “ਬੰਦਾ ਚਾਹੇ ਤਾਂ ਕੀ ਨ੍ਹੀਂ ਕਰ ਸਕਦਾ ਪਰ ਅਸੀਂ ’ਕੱਲੇ ’ਕੱਲੇ ਕਲਪਦੇ ਹਾਂ। ਹੋਰਾਂ ਨੂੰ ਲਤਾੜ ਕੇ ਅੱਗੇ ਵਧਣਾ ਚਾਹੁੰਦੇ ਆਂ। ਮੁਸ਼ਕਲਾਂ ਨੂੰ ਮਾਤ ਦੇਣਾ ਚਾਹੁੰਦੇ ਆਂ। ਏਕੇ ਦੀ ਤਾਕਤ ਭੁੱਲ ਜਾਂਦੇ ਹਾਂ। ’ਕੱਠਾਂ ਨਾਲ ਮਿਲਦੀਆਂ ਜਿੱਤਾਂ ਯਾਦ ਨ੍ਹੀਂ ਰਖਦੇ। ਸੰਘਰਸ਼ ਦੇ ਰਾਹ ਨ੍ਹੀਂ ਤੁਰਦੇ।” ਇਹ ਬੋਲ ਮਨ ਨੂੰ ਸੁਖਾਵੇਂ ਰੌਂਅ ਕਰਦੇ ਹਨ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਏਕੇ ਨੂੰ ਢਾਲ ਬਣਾ ਤੁਰਨਾ। ਸੰਘਰਸ਼ਾਂ ਨਾਲ ਚੁਣੌਤੀਆਂ ਨੂੰ ਟੱਕਰਨਾ। ਇਹ ਧਾਰਨਾ ਮੈਨੂੰ ਜਿ਼ੰਦਗੀ ਦਾ ਸੱਚਾ ਸਬਕ ਪ੍ਰਤੀਤ ਹੁੰਦੀ ਹੈ ਜਿਸ ਵਿਚ ਸੁਖਾਵੇਂ ਸਾਵੇਂ ਸਮਾਜ ਦਾ ਭਵਿੱਖ ਸਮੋਇਆ ਹੈ।
ਸੰਪਰਕ: rashpiderpalkaur@gmail.com

Advertisement

Advertisement