ਟਰਾਲੇ ਅਤੇ ਬੱਸ ਦੀ ਟੱਕਰ, ਸਵਾਰੀਆਂ ਦਾ ਬਚਾਅ
ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 4 ਨਵੰਬਰ
ਇੱਥੋਂ ਦੀ ਜ਼ੀਰਾ-ਮਖੂ ਸੜਕ ’ਤੇ ਘੋੜਾ ਟਰਾਲੇ ਅਤੇ ਬੱਸ ਦੀ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਇੱਕ ਨਿੱਜੀ ਕੰਪਨੀ ਦੀ ਬੱਸ ਨੰਬਰ ਪੀਬੀ 03 ਐਕਸ 2578 ਜ਼ੀਰਾ ਤੋਂ ਪੱਟੀ ਵੱਲ ਜਾ ਰਹੀ ਸੀ ਕਿ ਜ਼ੀਰਾ-ਮਖੂ ਸੜਕ ’ਤੇ ਗੇਟ ਦੇ ਨਜ਼ਦੀਕ ਮਖੂ ਵਾਲੀ ਸਾਈਡ ਤੋਂ ਆ ਰਹੇ ਤੇਜ਼ ਰਫ਼ਤਾਰ ਘੋੜਾ ਟਰਾਲਾ ਨੰਬਰ ਪੀਬੀ 29 ਐੱਨ 9959 ਨੇ ਬੱਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਬੱਸ ਡਰਾਈਵਰ ਨੇ ਸਮਝਦਾਰੀ ਦਿਖਾਉਂਦਿਆਂ ਬੱਸ ਨੂੰ ਕੱਚੇ ਰਸਤੇ ’ਤੇ ਉਤਾਰ ਲਿਆ ਜਿਸ ਦੌਰਾਨ ਬੱਸ ਪਲਟ ਗਈ। ਇਸ ਦੌਰਾਨ ਬਲਜੀਤ ਸ਼ਰਮਾ (50) ਵਾਸੀ ਜ਼ੀਰਾ, ਸੰਦੀਪ ਕੌਰ (30) ਪਤਨੀ ਗੁਰਚਰਨ ਸਿੰਘ ਵਾਸੀ ਜ਼ੀਰਾ, ਗੁਰਚਰਨ ਸਿੰਘ (32) ਵਾਸੀ ਜ਼ੀਰਾ ਦੇ ਮਾਮੂਲੀ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਮੌਕੇ ’ਤੇ ਪੁੱਜੀ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਲਿਆਂਦਾ ਗਿਆ। ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਘੋੜਾ ਟਰਾਲਾ ਚਾਲਕ ਨੇ ਕਿਹਾ ਕਿ ਬਰੇਕ ਫੇਲ੍ਹ ਹੋਣ ਕਾਰਨ ਹਾਦਸਾ ਵਾਪਰਿਆ ਹੈ ਜਦਕਿ ਬੱਸ ਦੇ ਕੰਡਕਟਰ ਨੇ ਘੋੜਾ ਟਰਾਲਾ ਚਾਲਕ ਦੇ ਕਥਿਤ ਤੌਰ ’ਤੇ ਨਸ਼ਾ ਕਰਨ ਦਾ ਸ਼ੱਕ ਜਤਾਇਆ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਏਐੱਸਆਈ ਬਲਵਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਦੋਸ਼ੀ ਮਿਲਿਆ ਗਿਆ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।